June 18, 2025

Loading

ਚੜ੍ਹਤ ਪੰਜਾਬ ਦੀ

ਵਿਨੇ

ਲੁਧਿਆਣਾ, 14 ਮਈ-ਲੁਧਿਆਣਾ ਦੇ ਸਰਬਪੱਖੀ ਵਿਕਾਸ ਨੂੰ ਵੱਡਾ ਹੁਲਾਰਾ ਦੇਣ ਦੇ ਉਦੇਸ਼ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਵੱਖ-ਵੱਖ ਵਿਕਾਸ ਪ੍ਰਾਜੈਕਟ ਲੋਕਾਂ ਨੂੰ ਸਮਰਪਿਤ ਕਰਕੇ ਲੁਧਿਆਣਾ ਵਾਸੀਆਂ ਨੂੰ 13 ਕਰੋੜ ਰੁਪਏ ਦਾ ਤੋਹਫਾ ਦਿੱਤਾ। ਇਸ ਮੌਕੇ ਉਨ੍ਹਾਂ ਨਾਲ ਕੈਬਨਿਟ ਮੰਤਰੀ ਰਵਜੋਤ ਸਿੰਘ, ਵਿਧਾਇਕ ਮਦਨ ਲਾਲ ਬੱਗਾ, ਅਸ਼ੋਕ ਪਰਾਸ਼ਰ ਪੱਪੀ, ਦਲਜੀਤ ਸਿੰਘ ਗਰੇਵਾਲ, ਕੁਲਵੰਤ ਸਿੰਘ ਸਿੱਧੂ, ਰਾਜ ਸਭਾ ਮੈਂਬਰ ਸੰਜੀਵ ਅਰੋੜਾ, ਮੇਅਰ ਡਾ: ਇੰਦਰਜੀਤ ਕੌਰ, ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ, ਡਿਪਟੀ ਮੇਅਰ ਪ੍ਰਿੰਸ ਜੌਹਰ, ਚੇਅਰਮੈਨ ਗੁਰਜੀਤ ਸਿੰਘ ਗਿੱਲ, ਕੌਂਸਲਰ ਅਮਨ ਬੱਗਾ ਆਦਿ ਵੀ ਹਾਜ਼ਰ ਸਨ।

ਇਹ ਪ੍ਰਾਜੈਕਟ ਪੰਜਾਬ ਦੀ ਨੁਹਾਰ ਬਦਲਣ ਲਈ ਸੂਬਾ ਸਰਕਾਰ ਦੀ ਦ੍ਰਿੜ੍ਹ ਵਚਨਬੱਧਤਾ ਨੂੰ ਦਰਸਾਉਂਦੇ ਹਨ ਅਤੇ ਇਨ੍ਹਾਂ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ ਹੈ। ਮੁੱਖ ਮੰਤਰੀ ਵੱਲੋਂ ਖੁਦ ਕੀਤੀ ਜਾ ਰਹੀ ਨਿਰੰਤਰ ਨਿਗਰਾਨੀ ਕਾਰਨ ਆਮ ਆਦਮੀ ਦੀ ਸਹੂਲਤ ਅਤੇ ਸ਼ਹਿਰ ਵਿੱਚ ਵਿਕਾਸ ਦੀ ਗਤੀ ਨੂੰ ਤੇਜ਼ ਕਰਨ ਦੇ ਉਦੇਸ਼ ਨਾਲ ਇਹ ਪ੍ਰਾਜੈਕਟ ਸਮੇਂ ਸਿਰ ਪੂਰੇ ਹੋ ਗਏ ਹਨ। ਇਨ੍ਹਾਂ ਪ੍ਰਾਜੈਕਟਾਂ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਯੋਜਨਾਬੱਧ ਅਤੇ ਨਿਰਵਿਘਨ ਢੰਗ ਨਾਲ ਲਾਗੂ ਕੀਤਾ ਗਿਆ ਹੈ ਕਿਉਂਕਿ ਸ਼ਹਿਰ ਵਾਸੀਆਂ ਨੂੰ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਪ੍ਰਦਾਨ ਕਰਨਾ ਸਮੇਂ ਦੀ ਲੋੜ ਸੀ।

ਖੇਡਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਬਣਾ ਕੇ ਸੂਬੇ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਮੁੱਖ ਮੰਤਰੀ ਨੇ ਸਲੇਮ ਟਾਬਰੀ ਇਲਾਕੇ ਵਿੱਚ 5187.50 ਵਰਗ ਫੁੱਟ ਦੇ ਕੁੱਲ ਕਵਰਡ ਏਰੀਆ ਵਾਲਾ ਇੱਕ ਅਤਿ-ਆਧੁਨਿਕ ਖੇਡ ਮੈਦਾਨ ਲੋਕਾਂ ਨੂੰ ਸਮਰਪਿਤ ਕੀਤਾ। ਖੇਡ ਮੈਦਾਨ ਨੂੰ ਅਤਿ-ਆਧੁਨਿਕ ਖੇਡ ਬੁਨਿਆਦੀ ਢਾਂਚੇ ਨਾਲ ਲੈਸ ਕੀਤਾ ਗਿਆ ਹੈ ਅਤੇ ਇਸ ਦੀ ਵਰਤੋਂ ਕ੍ਰਿਕਟ/ਬਾਸਕਟਬਾਲ/ਹੈਂਡਬਾਲ/ਬੈਡਮਿੰਟਨ ਵਰਗੀਆਂ ਖੇਡਾਂ ਖੇਡਣ ਲਈ ਕੀਤੀ ਜਾ ਸਕਦੀ ਹੈ। ਇਹ ਸਟੇਡੀਅਮ ਕੈਮਰਾ ਰਿਕਾਰਡਿੰਗ ਅਤੇ ਫਲੱਡ ਲਾਈਟਾਂ ਦੀਆਂ ਸਹੂਲਤਾਂ ਨਾਲ ਲੈਸ ਹੈ। ਇਹ ਮੈਦਾਨ 26 ਲੱਖ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ ਜੋ ਨੌਜਵਾਨਾਂ ਦੀ ਊਰਜਾ ਨੂੰ ਸਕਾਰਾਤਮਕ ਦਿਸ਼ਾ ਵਿੱਚ ਬਦਲਣ ਵਿੱਚ ਸਹਾਈ ਹੋਵੇਗਾ।

ਇਸੇ ਤਰ੍ਹਾਂ ਮੁੱਖ ਮੰਤਰੀ ਨੇ ਜਲੰਧਰ ਬਾਈਪਾਸ ਚੌਕ ਨੇੜੇ ਡਾ. ਅੰਬੇਡਕਰ ਭਵਨ-ਕਮ-ਸਿਖਲਾਈ ਅਤੇ ਖੋਜ ਕੇਂਦਰ ਵਿਖੇ ਨਵਾਂ ਬਣਿਆ ਆਡੀਟੋਰੀਅਮ ਵੀ ਸਮਰਪਿਤ ਕੀਤਾ। ਇਹ ਅਤਿ-ਆਧੁਨਿਕ ਆਡੀਟੋਰੀਅਮ 4.30 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ ਜੋ ਸ਼ਹਿਰ ਵਾਸੀਆਂ ਨੂੰ ਆਪਣੇ ਸਮਾਗਮ ਕਰਵਾਉਣ ਲਈ ਵੱਡੀ ਸਹੂਲਤ ਪ੍ਰਦਾਨ ਕਰੇਗਾ। ਆਡੀਟੋਰੀਅਮ ਵਿੱਚ ਸਲਾਈਡਿੰਗ ਕੁਰਸੀਆਂ, ਏ.ਸੀ., ਸਾਊਂਡ ਸਿਸਟਮ ਅਤੇ ਸਾਊਂਡ ਪਰੂਫ਼ਿੰਗ, ਮੋਟਰਾਈਜ਼ਡ ਪਰਦੇ, ਪ੍ਰੋਜੈਕਟਰ, ਸਕਰੀਨਾਂ, ਫਾਲਸ ਸੀਲਿੰਗ ਅਤੇ ਹੋਰ ਬਹੁਤ ਸਾਰੀਆਂ ਅਤਿ-ਆਧੁਨਿਕ ਸਹੂਲਤਾਂ ਹਨ।

ਇਸ ਦੌਰਾਨ ਯਾਤਰੀਆਂ ਨੂੰ ਵੱਡੀ ਰਾਹਤ ਦਿੰਦੇ ਹੋਏ ਮੁੱਖ ਮੰਤਰੀ ਨੇ ਲੁਧਿਆਣਾ ਦੇ ਚਾਂਦ ਸਿਨੇਮਾ ਨੇੜੇ ਬੁੱਢਾ ਨਾਲੇ ’ਤੇ ਹਾਈ-ਲੈਵਲ ਪੁਲ (72.40 ਮੀਟਰ) ਵੀ ਸਮਰਪਿਤ ਕੀਤਾ। ਇਸੇ ਤਰ੍ਹਾਂ 8.16 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਇਹ ਪੁਲ ਉਦਯੋਗਿਕ ਸ਼ਹਿਰ ਵਿੱਚ ਆਵਾਜਾਈ ਨੂੰ ਸੁਖਾਲਾ ਬਣਾਉਣ ਵਿੱਚ ਮੁੱਖ ਭੂਮਿਕਾ ਨਿਭਾਏਗਾ ਅਤੇ ਲੋਕਾਂ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕਰੇਗਾ। ਇਹ ਪੁਲ ਜਲੰਧਰ ਬਾਈਪਾਸ ਅਤੇ ਹੋਰ ਹਿੱਸਿਆਂ ਤੋਂ ਸ਼ਹਿਰ ਆਉਣ ਵਾਲੇ ਵਸਨੀਕਾਂ ਨੂੰ ਪਹੁੰਚ ਪ੍ਰਦਾਨ ਕਰੇਗਾ।

ਇਸ ਉਪਰਾਲੇ ਦਾ ਇੱਕੋ-ਇੱਕ ਉਦੇਸ਼ ਸ਼ਹਿਰਾਂ ਨੂੰ ਪ੍ਰਮੁੱਖ ਬੁਨਿਆਦੀ ਢਾਂਚੇ ਨਾਲ ਵਿਕਸਤ ਕਰਨਾ ਅਤੇ ਨਾਗਰਿਕਾਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨਾ ਹੈ। ਇਸ ਨਾਲ ਇਕ ਪਾਸੇ ਸੂਬੇ ਦੇ ਹਰੇਕ ਵਿਅਕਤੀ ਲਈ ਬੁਨਿਆਦੀ ਸਹੂਲਤਾਂ ਦੀ ਵਿਵਸਥਾ ਕਰਨਾ ਅਤੇ ਦੂਜੇ ਪਾਸੇ ਲੁਧਿਆਣਾ ਨੂੰ ਸੂਬੇ ਦੇ ਪ੍ਰਮੁੱਖ ਸ਼ਹਿਰ ਵਜੋਂ ਵਿਕਸਤ ਕਰਨ ਲਈ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਮੁੱਖ ਮੰਤਰੀ ਵੱਲੋਂ ਸਮਰਪਿਤ ਕੀਤੇ ਗਏ ਆਪਣੀ ਕਿਸਮ ਦੇ ਇਹ ਨਿਵੇਕਲੇ ਪ੍ਰਾਜੈਕਟ ਸੂਬੇ ਨੂੰ ਖਾਸ ਕਰਕੇ ਲੁਧਿਆਣਾ ਸ਼ਹਿਰ ਨੂੰ ਆਰਥਿਕ ਵਿਕਾਸ ਦੇ ਰਾਹ ‘ਤੇ ਲੈ ਜਾਣਗੇ ਜਿਸ ਨਾਲ ਸ਼ਹਿਰ ਵਾਸੀਆਂ ਨੂੰ ਬਹੁਤ ਲਾਭ ਹੋਵੇਗਾ।

Kindly like,share and subscribe our youtube channel CPD NEWS.Contact for News and advertisement at 9803-4506-01

 

 

168040cookie-checkਮੁੱਖ ਮੰਤਰੀ ਮਾਨ ਵੱਲੋਂ ਖੇਡ ਮੈਦਾਨ, ਆਧੁਨਿਕ ਸਹੂਲਤਾਂ ਵਾਲੇ ਆਡੀਟੋਰੀਅਮ ਅਤੇ ਪੁਲ ਦਾ ਉਦਘਾਟਨ
error: Content is protected !!