Categories BOOK RELEASEHonour NewsLITERATUREPunjabi News

ਬਦੇਸ਼ਾਂ ਵਿੱਚ ਨਵੀਂ ਪੀੜ੍ਹੀ ਨੂੰ ਪੰਜਾਬੀ ਭਾਸ਼ਾ, ਸਾਹਿੱਤ ਤੇ ਸੱਭਿਆਚਾਰ ਨਾਲ ਜੋੜਨ ਲਈ ਪੰਜਾਬ ਵੱਸਦੇ ਲੇਖਕ ਸਹਿਯੋਗ ਦੇਣ – ਡਾਃ ਕਥੂਰੀਆ

Loading

ਸਤ ਪਾਲ ਸੋਨੀ
ਚੜ੍ਹਤ ਪੰਜਾਬ ਦੀ
ਲੁਧਿਆਣਾ,4 ਮਈ-ਵਿਸ਼ਵ ਪੰਜਾਬੀ ਸਭਾ ਟੋਰੰਟੋ  ਦੇ ਆਲਮੀ ਮੁਖੀ ਡਾਃ ਦਲਬੀਰ ਸਿੰਘ ਕਥੂਰੀਆ ਨੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਕੀਤੇ ਵਿਦਾਇਗੀ ਸਮਾਗਮ ਵਿੱਚ ਬੋਲਦਿਆਂ ਕਿਹਾ ਹੈ ਕਿ ਬਦੇਸ਼ਾਂ ਵਿੱਚ ਵੱਸਦੀ ਓਥੇ ਜੰਮੀ ਪਲੀ ਪੰਜਾਬੀਆਂ ਦੀ ਨਵੀਂ ਪੀੜ੍ਹੀ ਨੂੰ ਪੰਜਾਬੀ ਭਾਸ਼ਾ, ਸਾਹਿੱਤ ਤੇ ਸੱਭਿਆਚਾਰ ਨਾਲ ਜੋੜਨ ਲਈ ਪੰਜਾਬ ਚ ਵੱਸਦੇ ਲੇਖਕਾਂ ਨੂੰ ਪ੍ਰਮੁੱਖ ਹਿੱਸਾ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਲੋੜੀਂਦੇ ਸਾਧਨ ਮੁਹੱਈਆ ਕਰਵਾਉਣ ਲਈ ਵਿਸ਼ਵ ਪੰਜਾਬੀ ਸਭਾ ਸਦਾ ਤਤਪਰ ਰਹੇਗੀ।
ਅੱਜ ਸਵੇਰੇ ਲੁਧਿਆਣਾ ਦੇ ਸ਼ਹੀਦ ਭਗਤ ਸਿੰਘ ਨਗਰ ਪੱਖੋਵਾਲ ਰੋਡ ਵਿਖੇ ਬੋਲਦਿਆਂ ਉਨ੍ਹਾਂ ਕਿਹਾ ਕਿ ਮੈਂ 28 ਅਪ੍ਰੈਲ ਨੂੰ ਪੰਜਾਬ ਪਹੁੰਚਿਆ ਸਾਂ ਅਤੇ 29 ਅਪ੍ਰੈਲ ਨੂੰ ਜਲੰਧਰ ਵਿੱਚ ਦਸਤਾਰ ਮੁਕਾਬਲਿਆਂ ਦੇ ਨਾਲ ਨਾਲ ਸਭਿਆਚਾਰਕ ਪ੍ਰਸ਼ਨੋਤਰੀ ਮੁਕਾਬਲਿਆਂ ਵਿੱਚ ਵੀ ਹਿੱਸਾ ਲਿਆ। ਅਗਲੇ ਦੋ ਦਿਨ ਪਾਕਿਸਤਾਨ ਵਿੱਚ ਲਾਹੌਰ ਅਤੇ ਗੁਜਰਾਤ ਵਿੱਚ ਸਾਹਿੱਤਕ ਤੇ ਵਿਦਿਅਕ ਮਿਲਣੀਆਂ ਵਿੱਚ ਸ਼ਮੂਲੀਅਤ ਕਰਕੇ ਉਹ ਰਾਤੀਂ ਹੀ ਵਤਨ ਪਰਤੇ ਹਨ।  ਅੱਜ ਰਾਤ ਉਹ ਕੈਨੇਡਾ ਲਈ ਰਵਾਨਾ ਹੋ ਜਾਣਗੇ। ਡਾਃ  ਕਥੂਰੀਆ ਨੇ ਕਿਹਾ ਕਿ ਉਹ ਪੰਜਾਬ ਦੇ 17 ਜ਼ਿਲ੍ਹਿਆਂ ਵਿੱਚ ਵਿਸ਼ਵ ਪੰਜਾਬੀ ਸਭਾ ਦੀਆਂ ਇਕਾਈਆਂ ਬਣਾ ਕੇ ਜਾ ਰਹੇ ਹਨ।
ਡਾਃ ਕਥੂਰੀਆ ਨੇ ਕਿਹਾ ਕਿ ਉਹ ਪਾਕਿਸਤਾਨ ਵਿੱਚ ਪ੍ਰੋਃ ਗੁਰਭਜਨ ਸਿੰਘ ਗਿੱਲ ਦੀ ਹਿੰਦ ਪਾਕਿ ਰਿਸ਼ਤਿਆਂ ਬਾਰੇ ਕਾਵਿ ਪੁਸਤਕ ਖ਼ੈਰ ਪੰਜਾਂ ਪਾਣੀਆਂ ਦੀ ਸ਼ਾਹਮੁਖੀ ਵਿੱਚ ਲੈ ਕੇ ਗਏ ਸਨ ਅਤੇ ਉਥੋਂ ਦੀਆਂ ਯੂਨੀਵਰਸਿਟੀਆਂ ਤੇ ਕਾਲਜਾਂ ਲਈ ਦੇ ਕੇ ਆਏ ਹਨ। ਇਸ ਕਿਤਾਬ ਨੂੰ ਗੁਜਰਾਤ ਚੈਂਬਰ ਆਫ਼ ਕਾਮਰਸ ਦੇ ਵਿਸ਼ੇਸ਼ ਸਮਾਗਮ ਚ ਰਿਲੀਜ਼ ਵੀ ਕੀਤਾ ਗਿਆ। ਮੁਹੰਮਦ ਆਸਿਫ਼ ਰਜ਼ਾ ਵੱਲੋਂ ਲਿਪੀ ਤਬਦੀਲ ਕੀਤੀ ਇਸ ਕਿਤਾਬ ਨੂੰ ਵਰਲਡ ਪੰਜਾਬੀ ਫੋਰਮ ਗੁਜਰਾਤ ਦੇ ਸਦਰ ਅਫ਼ਜ਼ਲ ਰਾਜ਼ ਰਾਹੀਂ ਵਿਸ਼ਵ ਪੰਜਾਬੀ ਸਭਾ ਦੇ ਸਹਿਯੋਗ ਨਾਲ ਪਾਕਿਸਤਾਨ ਵਿੱਚ ਛਾਪੇਗੀ।
ਡਾਃ ਦਲਬੀਰ ਸਿੰਘ ਕਥੂਰੀਆ ਨੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੂੰ 17-18 ਜੂਨ ਨੂੰ ਟੋਰੰਟੋ ਵਿਖੇ ਹੋ ਰਹੀ ਆਲਮੀ ਪੰਜਾਬੀ ਕਾਨਫਰੰਸ ਵਿੱਚ ਪੁੱਜਣ ਲਈ ਸੱਦਾ ਪੱਤਰ ਦਿੱਤਾ। ਡਾਃ ਕਥੂਰੀਆ ਨੂੰ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ 1973 ਤੋਂ 2023 ਤੀਕ ਗ਼ਜ਼ਲ ਦੀਆਂ ਅੱਠ ਪੁਸਤਕਾਂ ਦਾ ਸਾਂਝਾ ਸੰਗ੍ਰਹਿ ਅੱਖਰ ਅੱਖਰ ਤੇ ਹੋਰ ਕਿਤਾਬਾਂ ਦਾ ਸੈੱਟ ਤੇ ਗੁਲਦਸਤੇ ਦੇ ਕੇ ਪ੍ਰੋਃ ਗੁਰਭਜਨ ਸਿੰਘ ਗਿੱਲ, ਤ੍ਰੈਲੋਚਨ ਲੋਚੀ, ਵਿੱਕੀ ਸਿੰਘ ਮੀਰਾ ਪੈਕਰਜ਼ ਤੇ ਸਃ ਕੰਵਲਜੀਤ ਸਿੰਘ ਲੱਕੀ ਅਰਬਨ ਐਸਟੇਟ ਨੇ ਸਨਮਾਨਿਤ ਕੀਤਾ।
ਇਸ ਮੌਕੇ ਬੋਲਦਿਆਂ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਵਿਸ਼ਵ ਪੰਜਾਬੀ ਸਭਾ ਦੇ 23 ਮਾਰਚ ਨੂੰ ਰਾਏਕੋਟ ਵਿਖੇ ਕੌਮੀ ਸ਼ਹੀਦਾਂ ਸ਼ਹੀਦ ਭਗਤ ਸਿੰਘ ,ਰਾਜਗੁਰੂ ਤੇ ਸ਼ਹੀਦ ਸੁਖਦੇਵ ਨੂੰ ਸਮਰਪਿਤ ਸਮਾਗਮ  ਤੋਂ ਇਲਾਵਾ ਜਲੰਧਰ ਵਿੱਚ 29 ਅਪ੍ਰੈਲ ਨੂੰ ਕਰਵਾਏ ਦਸਤਾਰ ਤੇ ਪ੍ਰਸ਼ਨੋਤਰੀ ਮੁਕਾਬਲਿਆਂ ਚ ਸ਼ਾਮਿਲ ਹੋ ਕੇ ਇਹ ਮਹਿਸੂਸ ਹੋਇਆ ਹੈ ਕਿ ਡਾਃ ਕਥੂਰੀਆ ਨੂੰ ਸਿਰਫ਼ ਬਦੇਸ਼ੀ ਪੰਜਾਬੀ ਬੱਚਿਆਂ ਦੀ ਚਿੰਤਾ ਨਹੀਂ ਹੈ ਸਗੋਂ ਪੰਜਾਬ ਚ ਵੱਸਦੇ ਬੱਚਿਆਂ ਦਾ ਵੀ ਬਰਾਬਰ ਫ਼ਿਕਰ ਹੈ। ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਮੀਤ ਪ੍ਰਧਾਨ ਤ੍ਰੈਲੋਚਨ ਲੋਚੀ ਨੇ ਧੰਨਵਾਦ ਦੇ ਸ਼ਬਦ ਕਹੇ।
# Contact us for News and advertisement on 980-345-0601
Kindly Like,Share & Subscribe http://charhatpunjabdi.com
150850cookie-checkਬਦੇਸ਼ਾਂ ਵਿੱਚ ਨਵੀਂ ਪੀੜ੍ਹੀ ਨੂੰ ਪੰਜਾਬੀ ਭਾਸ਼ਾ, ਸਾਹਿੱਤ ਤੇ ਸੱਭਿਆਚਾਰ ਨਾਲ ਜੋੜਨ ਲਈ ਪੰਜਾਬ ਵੱਸਦੇ ਲੇਖਕ ਸਹਿਯੋਗ ਦੇਣ – ਡਾਃ ਕਥੂਰੀਆ
[email protected]

DISCLAIMER: Charhat Punjab di: Editor does not takes responsibility for any news/video/article published, only Reporter/Writer will be responsible for his/her news or article. Any dispute if arrises shall be settled at Ludhiana jurisdiction only. Sat Pal Soni (Editor)