ਚੜ੍ਹਤ ਪੰਜਾਬ ਦੀ
ਲੁਧਿਆਣਾ ,(ਸਤ ਪਾਲ ਸੋਨੀ)- ਲੁਧਿਆਣਾ ਵਿਖੇ ਤਾਇਨਾਤ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਉੱਪ ਮੁੱਖ ਇੰਜਨੀਅਰ ਜਸਵੰਤ ਸਿੰਘ ਜ਼ਫ਼ਰ ਦੀ ਦਸਵੀਂ ਕਿਤਾਬ ‘ਨਾਨਕ ਏਵੈ ਜਾਣੀਐ’ ਸਥਾਨਕ ਗੁਰੂ ਨਾਨਕ ਇੰਜਨੀਅਰਿੰਗ ਕਾਲਜ ਵਿਖੇ 13 ਅਗਸਤ ਸ਼ੂਕਰਵਾਰ ਬਾਅਦ ਦੁਪਹਿਰ ਰਿਲੀਜ਼ ਕੀਤੀ ਜਾਵੇਗੀ। ਪੁਸਤਕ ਵਿਚ ਗੁਰੂ ਨਾਨਕ, ਧਰਮ, ਬਾਣੀ, ਭਾਸ਼ਾ, ਵਾਤਾਵਰਣ, ਪੰਜਾਬ ਦੀ ਸਥਿਤੀ ਆਦਿ ਵਿਸ਼ਿਆਂ ਬਾਰੇ ਖੋਜ ਪੱਤਰ ਅਤੇ ਲੇਖ ਸ਼ਾਮਲ ਹਨ। ਕਾਲਜ ਦੇ ਪ੍ਰਿੰਸੀਪਲ ਡਾ. ਸ਼ਹਿਜਪਾਲ ਸਿੰਘ ਨੇ ਦੱਸਿਆ ਕਿ ਇਸ ਰਿਲੀਜ਼ ਸਮਾਗਮ ਦੀ ਪ੍ਰਧਾਨਗੀ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਪਦਮ ਡਾ. ਸੁਰਜੀਤ ਪਾਤਰ ਕਰਨਗੇ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਪ੍ਰੋ. ਮਨਜੀਤ ਸਿੰਘ ਮੁੱਖ ਮਹਿਮਾਨ ਹੋਣਗੇ। ਨਵੀਂ ਪੀੜ੍ਹੀ ਦੇ ਪ੍ਰਸਿੱਧ ਆਲੋਚਕ ਡਾ. ਅਕਾਲ ਅੰਮਿਤ ਕੌਰ ਕਿਤਾਬ ਦੀ ਜਾਣ ਪਛਾਣ ਕਰਾਉਣਗੇ। ਇਸ ਮੌਕੇ ‘ਤੇ ਕਿਤਾਬ ਬਾਰੇ ਇਕ ਸੰਖੇਪ ਗੋਸ਼ਟੀ ਵੀ ਹੋਵੇਗੀ ਜਿਸ ਵਿਚ ਵਰਲਡ ਪੰਜਾਬੀ ਸੈਂਟਰ ਪਟਿਆਲਾ ਦੇ ਡਾਇਰੈਕਟਰ ਡਾ. ਬਲਕਾਰ ਸਿੰਘ ਅਤੇ ਉੱਘੇ ਚਿੰਤਕ ਅਮਰਜੀਤ ਸਿੰਘ ਗਰੇਵਾਲ ਤੇ ਡਾ. ਮਨਮੋਹਨ ਪੁਸਤਕ ਬਾਰੇ ਆਪਣੀ ਨਿਰਖ ਪਰਖ ਪੇਸ਼ ਕਰਨਗੇ। ਇਸ ਮੌਕੇ ‘ਤੇ ਹਾਜ਼ਰ ਵਿਦਵਾਨ ਸ਼ਖ਼ਸੀਅਤਾਂ ਵਿਚਾਰ ਚਰਚਾ ਵਿਚ ਭਾਗ ਲੈਣਗੀਆਂ। ‘ਅਸੀਂ ਨਾਨਕ ਦੇ ਕੀ ਲਗਦੇ ਹਾਂ’ ਪੁਸਤਕ ਨਾਲ ਪ੍ਰਸਿੱਧ ਹੋਏ ਇੰਜ: ਜਸਵੰਤ ਸਿੰਘ ਜ਼ਫ਼ਰ ਗੁਰੂ ਨਾਨਕ ਇੰਜਨੀਅਰਿੰਗ ਕਾਲਜ ਦੇ ਪੁਰਾਣੇ ਵਿਦਿਅਰਥੀ ਹਨ ਅਤੇ ਇਸ ਤੋਂ ਪਹਿਲਾਂ ਉਹਨਾਂ ਦੀਆਂ ਕਵਿਤਾ ਦੀਆਂ ਪੰਜ ਅਤੇ ਵਾਰਤਕ ਦੀਆਂ ਤਿੰਨ ਕਿਤਾਬਾਂ ਤੋਂ ਇਲਾਵਾ ਇਕ ਨਾਟਕ ‘ਬੁੱਢਾ ਦਰਿਆ’ ਪ੍ਰਕਾਸ਼ਤ ਹੋ ਚੁੱਕਾ ਹੈ। ਇਸ ਮੌਕੇ ‘ਤੇ ਚੇਤਨਾ ਪ੍ਰਕਾਸ਼ਨ ਵਲੋਂ ਹਾਜ਼ਰ ਲੇਖਕਾਂ ਦੀਆਂ ਚੋਣਵੀਆਂ ਪਸੁਤਕਾਂ ਦੀ ਸਟਾਲ ਵੀ ਲਾਈ ਜਾਵੇਗੀ।