December 9, 2024

Loading

ਚੜ੍ਹਤ ਪੰਜਾਬ ਦੀ

ਸੋਨੀ

ਲੁਧਿਆਣਾ, 10 ਨਵੰਬਰ- ਡਿਪਟੀ ਕਮਿਸ਼ਨਰ ਜਤਿੰਦਰ ਜ਼ੋਰਵਾਲ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਪੰਜਾਬ ਦੇ ਨੌਜਵਾਨਾਂ ਲਈ ਟੈਰੀਟੋਰੀਅਲ ਆਰਮੀ ਦੀ ਭਰਤੀ ਰੈਲੀ ਦੀ ਸ਼ੁਰੂਆਤ ਅੱਜ ਸਥਾਨਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਹੋ ਗਈ ਹੈ ਜਿਸ ਲਈ ਪੁਖਤਾਂ ਪ੍ਰਬੰਧ ਪਹਿਲਾਂ ਹੀ ਕੀਤੇ ਜਾ ਚੁੱਕੇ ਹਨ।

ਡਿਪਟੀ ਕਮਿਸ਼ਨਰ ਜੋਰਵਾਲ ਨੇ ਅੱਗੇ ਦੱਸਿਆ ਕਿ ਟੈਰੀਟੋਰੀਅਲ ਆਰਮੀ ਵਿੱਚ ਸਿਪਾਹੀ ਜੀ.ਡੀ., ਕਲਰਕ, ਟਰੇਡਸਮੈਨ ਦੀਆਂ ਅਸਾਮੀਆਂ ਵੱਖ-ਵੱਖ ਜ਼ਿਲ੍ਹਿਆਂ ਦੇ ਨੌਜਵਾਨਾਂ ਲਈ ਸਿੱਧੀ ਖੁੱਲੀ ਭਰਤੀ 10 ਤੋਂ 24 ਨਵੰਬਰ ਤੱਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਗਰਾਊਂਡ ਵਿੱਚ ਕੀਤੀ ਜਾਣੀ ਹੈ। ਉਨ੍ਹਾਂ ਦੱਸਿਆ ਕਿ ਭਰਤੀ ਰੈਲੀ ਵਿੱਚ ਲੁਧਿਆਣਾ ਜ਼ਿਲ੍ਹੇ ਦੇ ਨੌਜਵਾਨਾਂ ਦੀ 14 ਨਵੰਬਰ ਨੂੰ ਚੋਣ ਕੀਤੀ ਜਾਵੇਗੀ ਜਿਸ ਲਈ ਰਿਪੋਰਟਿੰਗ ਸਮਾਂ ਸਵੇਰੇ 02 ਵਜੇ ਤੋਂ 05 ਵਜੇ ਤੱਕ ਹੋਵੇਗਾ।

ਉਨ੍ਹਾਂ ਦੱਸਿਆ ਕਿ ਅੱਜ 10 ਨਵੰਬਰ ਨੂੰ ਅਮ੍ਰਿਤਸਰ, ਕਪੂਰਥਲਾ ਅਤੇ ਪਟਿਆਲਾ ਜ਼ਿਲ੍ਹੇ ਦੇ ਨੌਜਵਾਨਾਂ ਦੀ ਚੋਣ ਕੀਤੀ ਜਾਵੇਗੀ ਜਦਕਿ 11 ਨਵੰਬਰ ਨੂੰ ਫਾਜ਼ਿਲਕਾ ਤੇ ਫਰੀਦਕੋਟ, 13 ਨਵੰਬਰ ਗੁਰਦਾਸਪੁਰ ਤੇ ਜਲੰਧਰ, 14 ਨਵੰਬਰ ਲੁਧਿਆਣਾ ਤੇ ਫਤਿਹਗੜ੍ਹ ਸਾਹਿਬ, 16 ਨਵੰਬਰ ਫਿਰੋਜ਼ਪੁਰ ਤੇ ਹੁਸ਼ਿਆਰਪੁਰ, 17 ਨਵੰਬਰ ਤਰਨਤਾਰਨ ਤੇ ਮਲੇਰਕੋਟਲਾ, 19 ਨਵੰਬਰ ਸੰਗਰੂਰ ਤੇ ਰੂਪ ਨਗਰ (ਰੋਪੜ), 20 ਨਵੰਬਰ ਮਾਨਸਾ ਤੇ ਮੁਕਤਸਰ, 22 ਨਵੰਬਰ ਬਠਿੰਡਾ ਤੇ ਐਸ.ਬੀ.ਐਸ. ਨਗਰ ਅਤੇ ਅਖੀਰਲੇ ਦਿਨ 23 ਨਵੰਬਰ ਨੂੰ ਮੋਗਾ ਤੇ ਬਰਨਾਲਾ ਜ਼ਿਲ੍ਹਿਆਂ ਦੇ ਨੌਜਵਾਨਾਂ ਦੀ ਭਰਤੀ ਕੀਤੀ ਜਾਣੀ ਹੈ।

ਇਸ ਭਰਤੀ ਲਈ ਨੌਜਵਾਨਾਂ (ਸਿਰਫ ਪੁਰਸ਼) ਦੀ ਉਮਰ ਹੱਦ 18 ਤੋਂ 42 ਸਾਲ ਤੱਕ ਨਿਰਧਾਰਿਤ ਕੀਤੀ ਗਈ ਹੈ ਅਤੇ ਇਸ ਭਰਤੀ ਲਈ ਕੋਈ ਆਨਲਾਈਨ ਫਾਰਮ ਨਹੀਂ ਭਰਿਆ ਜਾਵੇਗਾ। ਆਮ ਫੌਜ ਦੀ ਭਰਤੀ ਰੈਲੀ ਵਾਂਗ ਸਿਰਫ਼ ਦਸਤਾਵੇਜ਼ਾਂ ਨਾਲ ਹੀ ਸਿੱਧੇ ਤੌਰ ‘ਤੇ ਰੈਲੀ ਵਿੱਚ ਜਾਣਾ ਹੈ ਅਤੇ ਉਹੀ ਦਸਤਾਵੇਜ਼ ਲੈ ਕੇ ਜਾਣਾ ਹੈ ਜੋ ਆਮ ਭਰਤੀ ਵਿੱਚ ਲੋੜੀਂਦੇ ਹਨ। ਇਸ ਵਿੱਚ ਪੇਪਰ ਫਿਜ਼ੀਕਲ ਅਤੇ ਮੈਡੀਕਲ ਤੋਂ ਬਾਅਦ ਹੋਵੇਗਾ.

ਡਿਪਟੀ ਕਮਿਸ਼ਨਰ ਜਤਿੰਦਰ ਜ਼ੋਰਵਾਲ ਨੇ ਦੱਸਿਆ ਕਿ ਰੈਲੀ ਦੇ ਪੁਖਤਾ ਪ੍ਰਬੰਧ ਕਰਨ ਲਈ ਵੱਖ-ਵੱਖ ਵਿਭਾਗਾਂ ਦੀਆਂ ਡਿਊਟੀਆਂ ਪਹਿਲਾਂ ਹੀ ਲਗਾ ਦਿੱਤੀਆਂ ਗਈਆਂ ਸਨ। ਪੁਲਿਸ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕਰੇਗੀ ਅਤੇ ਰੈਲੀ ਸਥਾਨ ਦੇ ਆਲੇ-ਦੁਆਲੇ ਸੁਚਾਰੂ ਆਵਾਜਾਈ ਨੂੰ ਯਕੀਨੀ ਬਣਾਏਗੀ। ਇਸ ਤੋਂ ਇਲਾਵਾ ਫਾਇਰ ਵਿਭਾਗ ਫਾਇਰ ਗੱਡੀਆਂ ਲਗਾਏਗਾ ਜਦਕਿ ਸਿਹਤ ਵਿਭਾਗ ਰੈਲੀ ਸਥਾਨ ‘ਤੇ ਮੈਡੀਕਲ ਟੀਮਾਂ ਤਾਇਨਾਤ ਕਰੇਗਾ। ਪੀ.ਐਸ.ਪੀ.ਸੀ.ਐਲ. ਰੈਲੀ ਦੌਰਾਨ ਨਿਰਵਿਘਨ ਬਿਜਲੀ ਸਪਲਾਈ ਨੂੰ ਯਕੀਨੀ ਬਣਾਏਗਾ। ਨਗਰ ਨਿਗਮ ਪੀਣ ਵਾਲੇ ਪਾਣੀ ਦੀ ਸਪਲਾਈ ਅਤੇ ਸਫ਼ਾਈ ਨੂੰ ਯਕੀਨੀ ਬਣਾਏਗਾ।

ਡਿਪਟੀ ਕਮਿਸ਼ਨਰ ਜ਼ੋਰਵਾਲ ਵੱਲੋਂ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਭਰਤੀ ਰੈਲੀ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ ਜਾਵੇ ਤਾਂ ਜੋ ਦੇਸ਼ ਸੇਵਾ ਵਿੱਚ ਯੋਗਦਾਨ ਪਾਉਣ ਲਈ ਸੁਨਹਿਰਾ ਮੌਕਾ ਹਾਸਲ ਕੀਤਾ ਜਾ ਸਕੇ।

Kindly like,share and subscribe our youtube channel CPD NEWS.Contact for News and advertisement at 9803-4506-01  

166470cookie-checkਪੰਜਾਬ ਖੇਤੀਬਾੜੀ ਯੂਨੀਵਰਸਿਟੀ ‘ਚ ਭਾਰਤੀ ਫੌਜ ਦੀ ਭਰਤੀ ਰੈਲੀ ਦਾ ਆਗਾਜ਼
error: Content is protected !!