November 9, 2024

Loading

ਚੜ੍ਹਤ ਪੰਜਾਬ ਦੀ

ਸਤ ਪਾਲ ਸੋਨੀ

ਖੰਨਾ, ਲੁਧਿਆਣਾ – ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ, ਪੂੰਜੀ ਨਿਵੇਸ਼ ਪ੍ਰੋਤਸਾਹਨ, ਕਿਰਤ, ਪ੍ਰਾਹੁਣਚਾਰੀ, ਉਦਯੋਗ ਤੇ ਕਾਮਰਸ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਪੰਜਾਬ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਸ਼ਨੀਵਾਰ ਨੂੰ ਝੋਨੇ ਦੀ ਖਰੀਦ ਪ੍ਰਕਿਰਿਆ ਦਾ ਨਿਰੀਖਣ ਕਰਨ ਲਈ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਦਾ ਦੌਰਾ ਕੀਤਾ। ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਖੰਨਾ ਮੇਰਾ ਵਿਧਾਨ ਸਭਾ ਹਲਕਾ ਵੀ ਹੈ। ਉਹਨਾਂ ਕਿਹਾ ਕਿ ਉਨ੍ਹਾਂ ਦਾ ਖੰਨਾ ਅਨਾਜ ਮੰਡੀ ਵਿੱਚ ਲਗਾਤਾਰ ਚੌਥਾ ਦੌਰਾ ਹੈ।  ਉਹਨਾਂ ਕਿਹਾ ਕਿ ਅੱਜ ਫਿਰ ਮੈਂ ਝੋਨੇ ਦੀ ਖਰੀਦ ਪ੍ਰਕਿਰਿਆ ਦਾ ਨਿਰੀਖਣ ਕਰਨ ਲਈ ਆਇਆ ਹਾਂ ਕਿ ਸਾਡੇ ਕਿਸਾਨ ਭਰਾਵਾਂ, ਆੜ੍ਹਤੀਆਂ ਭਰਾਵਾਂ ਨੂੰ ਕੋਈ ਦਿੱਕਤ ਤਾਂ ਨਹੀਂ ਆ ਰਹੀ ਅਤੇ ਬਾਕੀ ਸਾਰੇ ਇੰਤਜ਼ਾਮ ਠੀਕ-ਠਾਕ ਹਨ, ਕੀ ਕਿਸ਼ੇ ਕਿਸਮ ਦੀ ਕੋਈ ਮੁਸ਼ਕਲ ਤਾਂ ਨਹੀਂ ਆ ਰਹੀ। ਉਹਨਾਂ ਕਿਹਾ ਕਿ ਮੇਰੇ ਨਾਲ ਸਾਰੇ ਵਿਭਾਗਾਂ ਦੇ ਅਧਿਕਾਰੀ ਇੱਥੇ ਪਹੁੰਚੇ ਹਨ ਅਤੇ ਵੱਖ-ਵੱਖ ਏਜੰਸੀਆਂ ਦੇ ਮੁਖੀ ਵੀ ਮੌਜੂਦ ਹਨ।  ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਜੇਕਰ ਪੰਜਾਬ ਦੀਆਂ ਅਨਾਜ ਮੰਡੀਆਂ ਦੀ ਗੱਲ ਕਰੀਏ ਤਾਂ ਖੰਨਾ ਦੀ ਅਨਾਜ ਮੰਡੀ ਸਭ ਤੋਂ ਵਧੀਆ ਚੱਲ ਰਹੀ ਹੈ। ਜਿਸ ਵਿਚ ਕੁਝ ਅੰਕੜਿਆਂ ਦੀ ਗੱਲ ਕਰੀਏ ਤਾਂ ਸਾਡੇ ਖੰਨਾ ਨਾਲ ਕੁਲ 68 ਸੈਲਰ ਨੇ ਜਿਹਨਾਂ ਵਿੱਚੋ 52 ਸੈਲਰਾ ਨੇ ਸਾਡੇ ਨਾਲ ਐਗਰੀਮੈਂਟ ਕੀਤਾ ਹੋਇਆ ਹੈ ਕਿ ਅਸੀਂ ਝੋਨਾ ਆਪਣੇ ਸੈਲਰਾ ਵਿਚ ਲਗਾਵਾਂਗੇ। ਜਿਸ ਤਹਿਤ ਅੱਜ 26 ਅਕਤੂਬਰ ਤੱਕ ਖੰਨਾ ਅਨਾਜ ਮੰਡੀ ਵਿੱਚ ਕੁੱਲ 9 ਲੱਖ, 49 ਹਜ਼ਾਰ, 892 ਕੁਇੰਟਲ ਝੋਨਾ ਆਇਆ। ਜਿਸ ਵਿਚੋਂ 9 ਲੱਖ, 44 ਹਜ਼ਾਰ, 119 ਕੁਇੰਟਲ ਦੀ ਖਰੀਦ ਹੋ ਚੁੱਕਾ ਹੈ। ਖਰੀਦ ਹੋਏ ਝੋਨੇ ਵਿੱਚੋਂ 6 ਲੱਖ, 41 ਹਜ਼ਾਰ, 649 ਕੁਇੰਟਲ ਲਿਫਟਿੰਗ ਹੋ ਚੁੱਕੀ ਹੈ। ਹੁਣ ਤੱਕ ਖੰਨਾ ਅਨਾਜ ਮੰਡੀ ਵਿੱਚ 76 ਪ੍ਰਤੀਸ਼ਤ ਲਿਫਟਿੰਗ ਹੋ ਚੁੱਕੀ ਹੈ।

ਉਹਨਾਂ ਕਿਹਾ ਕਿ ਜੇਕਰ ਖੰਨਾ ਮਾਰਕੀਟ ਕਮੇਟੀ ਅਧੀਨ ਆਉਂਦੀਆਂ ਅਨਜ ਮੰਡੀਆਂ ਜਿਵੇਂ ਕਿ ਦਹਿੜੂ ਮੰਡੀ, ਈਸੜੂ ਮੰਡੀ, ਰੌਣੀ ਮੰਡੀ ਆਦਿ ਨੂੰ ਵਿਚ ਪਾਉਣ ਨਾਲ 68 ਪ੍ਰਤੀਸ਼ਤ ਝੋਨੇ ਦੀ ਲਿਫਟਿੰਗ ਹੋ ਚੁੱਕੀ ਹੈ। ਸੋ ਖੰਨਾ ਅਨਾਜ ਮੰਡੀ ਪੰਜਾਬ ਵਿੱਚੋ ਸਭ ਤੋਂ ਵਧੀਆ ਕਾਰਜ ਕਰ ਰਹੀ ਹੈ। ਉਹਨਾਂ ਕਿਹਾ ਕਿ ਖਰੀਦ ਕੀਤੇ ਝੋਨੇ ਦੀ ਅਦਾਇਗੀ 24 ਅਕਤੂਬਰ ਤੱਕ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ ਸਰਕਾਰ ਵੱਲੋਂ ਕੀਤੀ ਜਾ ਚੁੱਕੀ ਹੈ। ਉਹਨਾਂ ਕਿਹਾ ਕਿ ਅੱਜ 26 ਅਕਤੂਬਰ ਤੱਕ ਕੁੱਲ 94 ਕਰੋੜ ਰੁਪਏ ਦੀ ਅਦਾਇਗੀ ਬਣਦੀ ਹੈ ਜਿਸ ਵਿਚੋ 83 ਕਰੋੜ ਰੁਪਏ ਦੀ ਅਦਾਇਗੀ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ ਜਮ੍ਹਾ ਹੋ ਚੁੱਕੀ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਨਲਾਇਕੀ ਕਾਰਨ ਸਾਡੇ ਉੱਤੇ ਇਹ ਨਾਜ਼ੁਕ ਸਮਾਂ ਆਇਆ ਹੈ। ਸਾਡੇ ਪੰਜਾਬ ਦੇ ਕਿਸਾਨ ਅਤੇ ਆੜ੍ਹਤੀਏ ਅਤੇ ਸੈਲਰਾ ਦੇ ਮਾਲਕ ਹਿੱਕ ਡਾਹ ਕੇ ਪੰਜਾਬ ਸਰਕਾਰ ਦੇ ਨਾਲ ਖੜ੍ਹੇ ਹਨ। ਪਿਛਲੇ ਸਮੇਂ ਵਿੱਚ ਕਿਸਾਨਾਂ ਨੇ ਤਿੰਨ ਕਾਲੇ ਕਾਨੂੰਨਾਂ ਦੇ ਖਿਲਾਫ ਜਿਹੜਾ ਸੰਘਰਸ਼ ਲੜਿਆਂ ਸੀ ਉਸ ਕਾਰਨ ਉਹ ਕਾਨੂੰਨ ਸਿੱਧੇ ਰੂਪ ਵਿੱਚ ਲਾਗੂ ਨਹੀਂ ਕੀਤੇ ਗਏ ਪਰ ਹੁਣ ਕੇਂਦਰ ਸਰਕਾਰ ਦੁਆਰਾ ਅਸਿੱਧੇ ਰੂਪ ਵਿੱਚ ਐਗਰੋ ਪ੍ਰੋਡਿਊਸ ਮਾਰਕੋ ਕਮੇਟੀ (ਏ.ਪੀ.ਐਮ.ਸੀ) ਨੂੰ ਜ਼ਰਜਰਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।

ਉਹਨਾਂ ਕਿਹਾ ਕਿ ਕੇਂਦਰ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਵਾਰ-ਵਾਰ ਪੱਤਰ ਲਿਖਣ ਦੇ ਬਾਵਜੂਦ ਵੀ ਉਹਨਾਂ ਨੇ ਗੁਦਾਮ ਖਾਲੀ ਨਹੀਂ ਕੀਤੇ ਅਤਿ ਨਿੰਦਣਯੋਗ ਗੱਲ ਹੈ। ਉਹਨਾਂ ਕਿਹਾ ਕਿ ਜਦੋਂ ਪੂਰੇ ਭਾਰਤ ਨੂੰ ਅਨਾਜ ਦੀ ਜ਼ਰੂਰਤ ਸੀ ਤਾਂ ਇੱਕਲਾ ਪੰਜਾਬ 1972 ਦੇ ਅੰਕੜੇ ਅਨੁਸਾਰ 70 ਪ੍ਰਤੀਸ਼ਤ ਅਨਾਜ ਪੈਦਾ ਕਰਕੇ ਦਿੰਦਾ ਸੀ। ਉਹਨਾਂ ਕਿਹਾ ਕਿ ਹਰੀ ਕ੍ਰਾਂਤੀ ਦੀ ਭੇਟ ਵੀ ਅਸੀਂ ਹੀ ਚੜ੍ਹੇ। ਅਸੀਂ ਪੰਜਾਬ ਦਾ ਪਾਣੀ ਪਾ-ਪਾ ਕੇ ਇਹਨਾਂ ਫਸਲਾਂ ਨੂੰ ਸਿੰਜ ਕੇ ਪੂਰੇ ਭਾਰਤ ਦੇ ਲੋਕਾਂ ਦਾ ਢਿੱਡ ਭਰਿਆ ਅਤੇ ਦੁੱਖ-ਸੁੱਖ ਵਿਚ ਅਸੀਂ ਭਾਰਤ ਦੇ ਨਾਲ ਖੜ੍ਹੇ। ਹੁਣ ਜਦੋਂ ਵਾਰੀ ਪੰਜਾਬ ਦੀ ਆਈ ਤਾਂ ਇਸ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਗਿਆ। ਕੇਂਦਰ ਵੱਲੋਂ ਇਸ ਤਰੀਕੇ ਦੀਆਂ ਨੀਤੀਆਂ ਬਣਾਈਆਂ ਜਾ ਰਹੀਆਂ ਹਨ ਕਿ ਪੰਜਾਬ ਦੇ ਕਿਸਾਨਾਂ, ਆੜ੍ਹਤੀਆਂ ਅਤੇ ਸੈਲਰ ਮਾਲਕ ਦੇ ਰਿਸ਼ਤਿਆਂ ਨੂੰ ਤੋੜਿਆਂ ਜਾ ਸਕੇ। ਸੋ ਮੈਂ ਇਸ ਗੱਲ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਾ ਹਾਂ।

ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਪਿਛਲੇ ਤਿੰਨ ਕੁ ਸਾਲ ਤੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰੂਪੋਸ਼ ਹੋਏ-ਹੋਏ ਹਨ। ਤਿੰਨ ਸਾਲ ਬਾਅਦ ਅੱਜ ਉਹਨਾਂ ਨੂੰ ਪੰਜਾਬ ਖਾਸ ਕਰਕੇ ਖੰਨਾ ਅਨਾਜ ਮੰਡੀ ਦੀ ਯਾਦ ਆ ਹੀ ਗਈ ਹੈ। ਕੈਪਟਨ ਅਮਰਿੰਦਰ ਸਿੰਘ ਅੱਜ ਇੱਥੇ ਆਪਣੇ ਬਿਆਨ ਵਿੱਚ ਆਪਣੀ ਸਰਕਾਰ ਵੇਲੇ ਦੇ ਬਿਆਨ ਦੇ ਕੇ ਗਏ ਹਨ। ਪਰ ਉਸ ਵੇਲੇ ਕੋਈ ਧਰਨੇ ਨਹੀਂ ਲੱਗੇ, ਕੇਂਦਰ ਨੇ ਕਾਲੇ ਕਾਨੂੰਨ ਲਾਗੂ ਨਹੀਂ ਕੀਤੇ। ਉਸ ਸਮੇਂ ਤੁਸੀਂ ਕਿਸਾਨਾਂ ਦੀ ਬਾਂਹ ਨਹੀਂ ਫੜੀ, ਜਿਸ ਕਾਰਨ ਕਿਸਾਨਾਂ ਨੇ ਬਹੁਤ ਵੱਡਾ ਫੈਸਲਾ ਲੈ ਕੇ ਤੁਹਾਨੂੰ ਸੱਤਾ ਤੋਂ ਬਾਹਰ ਕੀਤਾ। ਆਮ ਆਦਮੀ ਪਾਰਟੀ ਨੇ ਉਸ ਸਮੇਂ ਵੀ ਬਾਰਡਰ ਤੇ ਬੈਠੇ ਕਿਸਾਨਾਂ ਦੀ ਹਿੱਕ ਡਾਹ ਕੇ ਮੱਦਦ ਕੀਤੀ। ਜੋ ਸਰਕਾਰੀ ਜ਼ਰੂਰਤ ਸੀ, ਬਾਰਡਰ ਉੱਤੇ ਕਿਸਾਨਾਂ ਨੂੰ ਮੁਹੱਈਆ ਕਰਵਾਈ ਗਈ। ਸੋ ਪੰਜਾਬ ਦੇ ਕਿਸਾਨਾਂ, ਵਪਾਰੀਆਂ ਅਤੇ ਉਦਯੋਗਪਤੀਆਂ ਨੇ ਇਕਤਰਫਾ ਮਨ ਬਣਾ ਕੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ। ਕੇਂਦਰ ਸਰਕਾਰ ਨੇ ਤਿੰਨ ਕਾਲੇ ਕਾਨੂੰਨ ਬਣਾ ਕੇ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਸ਼ੁਰੂ ਕਰ ਦਿੱਤਾ ਗਿਆ ਸੀ। ਪਰ ਹੁਣ ਉਹਨਾਂ ਕਾਨੂੰਨਾਂ ਨੂੰ ਲਾਗੂ ਕਰਨ ਲਈ ਅਸਿੱਧੇ ਰੂਪ ਵਿੱਚ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਦੀ ਮੈਂ ਤਿੱਖੇ ਸ਼ਬਦਾਂ ਵਿਚ ਨਿਖੇਧੀ ਕਰਦਾ ਹਾਂ।

ਕੈਬਨਿਟ ਮੰਤਰੀ ਨੇ ਕਿਹਾ ਕਿ ਧਰਨਾ ਦੇ ਰਹੇ ਕਿਸਾਨਾਂ ਦਾ ਵੀ ਇਹੀ ਮਕਸਦ ਹੈ ਕਿ ਉਹਨਾਂ ਦੀ ਫਸਲ ਮੰਡੀਆਂ ਵਿੱਚ ਰੁਲੇ ਨਾ। ਸੋ ਅਸੀਂ ਆਪਣੀ ਪੂਰੀ ਵਾਹ ਲਗਾ ਰਹੇ ਹਾਂ ਕਿ ਸਾਡੇ ਕਿਸਾਨ ਵੀਰਾਂ ਨੂੰ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਾ ਆਵੇ। 76 ਪ੍ਰਤੀਸ਼ਤ ਲਿਫਟਿੰਗ ਅਸੀਂ ਖੰਨਾ ਅਨਾਜ ਮੰਡੀ ਝੋਨੇ ਦੀ ਵਿੱਚੋ ਕਰਵਾ ਚੁੱਕੇ ਹਾਂ ਅਤੇ ਬਾਕੀ ਰਹਿੰਦਾ ਝੋਨੇ ਦੀ ਵੀ ਅਸੀਂ ਲਿਫਟਿੰਗ ਕਰਵਾ ਦੇਣਾ ਹੈ। ਆਉਣ ਵਾਲੇ 10 ਦਿਨਾਂ ਵਿੱਚ ਖੰਨਾ ਅਨਾਜ ਮੰਡੀ ਵਿੱਚੋ ਸਾਰਾ ਝੋਨੇ ਦਾ ਦਾਣਾ-ਦਾਣਾ ਲਿਫਟਿੰਗ ਕਰਵਾ ਦਿਆਂਗੇ। ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਸਬੰਧਤ ਅਧਿਕਾਰੀ ਲਗਾਤਾਰ ਕੇਂਦਰ ਨਾਲ ਰਾਬਤਾ ਬਣਾ ਰਹੇ ਹਨ। ਪਰ ਫਿਲਹਾਲ ਸਾਡੇ ਲਈ ਜ਼ਰੂਰੀ ਹੈ ਕਿ ਸੈਲਰ ਮਾਲਕਾਂ ਨਾਲ ਮਿਲ ਕੇ ਝੋਨੇ ਦੀ ਫ਼ਸਲ ਦਾ ਦਾਣਾ-ਦਾਣਾ ਸੰਭਾਲੀਏ। ਉਸ ਤੋਂ ਬਾਅਦ ਜੇਕਰ ਕੇਂਦਰ ਸਰਕਾਰ ਸਾਡੀ ਗੱਲ ਨਹੀਂ ਸੁਣਦੀ ਤਾਂ ਇਸ ਖ਼ਿਲਾਫ਼ ਅਸੀਂ ਵੱਡੇ ਤੋਂ ਵੱਡਾ ਸੰਘਰਸ਼ ਵਿੱਢਣ ਲਈ ਤਿਆਰ ਹਾਂ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਖੰਨਾ ਮੈਡਮ ਸ਼ਿਖਾ ਭਗਤ, ਆੜ੍ਹਤੀਆ ਐਸੋਸੀਏਸ਼ਨ ਖੰਨਾ ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ, ਰਾਈਸ ਮਿੱਲ ਐਸੋਸੀਏਸ਼ਨ ਦੇ ਪ੍ਰਧਾਨ ਗੁਰਦਿਆਲ ਸਿੰਘ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।

Kindly like,share and subscribe our youtube channel CPD NEWS.Contact for News and advertisement at 9803-4506-01

166360cookie-checkਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਅਧਿਕਾਰੀਆਂ ਅਤੇ ਖਰੀਦ ਮੁਖੀਆਂ ਦੇ ਨਾਲ ਖੰਨਾ ਦੀ ਅਨਾਜ ਮੰਡੀ ਵਿੱਚ ਝੋਨੇ ਦੀ ਖਰੀਦ ਅਤੇ ਲਿਫਟਿੰਗ ਦਾ ਨਿਰੀਖਣ ਕਰਨ ਲਈ ਪਹੁੰਚੇ
error: Content is protected !!