ਚੜ੍ਹਤ ਪੰਜਾਬ ਦੀ
ਲੁਧਿਆਣਾ (ਰਵੀ ਵਰਮਾ)- ਇੱਕ ਨੌਜਵਾਨ ਦੀ ਉਵਰਡੋਜ ਨਾਲ ਪਿੰਡ ਮਹਿਦੂਦਾਂ ‘ਚ ਹੋਈ ਮੌਤ ਕਾਰਨ ਸਮੁੱਚੇ ਪਿੰਡ ਵਾਸੀਆਂ ਖਾਸ ਕਰ ਨੌਜਵਾਨਾਂ ਵਿੱਚ ਨਸ਼ਾ ਤਸਕਰਾਂ ਖਿਲਾਫ ਰੋਸ ਪੈਦਾ ਹੋ ਗਿਆ ਅਤੇ ਉਨ੍ਹਾਂ ਸਾਂਝੀ ਸੱਥ ਸੱਦ ਨਸ਼ਾ ਤਸਕਰਾਂ ਖਿਲਾਫ ਸੰਘਰਸ਼ ਦਾ ਐਲਾਨ ਕਰਦਿਆਂ ਪੁਲਿਸ ਤੋਂ ਨਸ਼ਾ ਤਸਕਰਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਪੁਲਿਸ ਤੋਂ ਨਸ਼ਿਆਂ ਖਿਲਾਫ ਲਾਮਵੰਦੀ ਦੀ ਵਿੱਢੀ ਮੁਹਿੰਮ ਲਈ ਸਹਿਯੋਗ ਦੀ ਮੰਗ ਕਰਦਿਆਂ ਦੱਸਿਆ ਕਿ ਭਾਵੇਂ ਉਨ੍ਹਾਂ ਦੇ ਪਿੰਡ ‘ਚ ਉਵਰਡੋਜ ਨਾਲ ਏਹ ਪਹਿਲੀ ਮੌਤ ਹੋਈ ਹੈ ਪਰ ਹੁਣ ਉਹ ਕਿਸੇ ਹੋਰ ਪਰਿਵਾਰ ਨਾਲ ਅਜਿਹਾ ਨਹੀਂ ਹੋਣ ਦੇਣਗੇ ਅਤੇ ਪਿੰਡ ਦੀ ਜਵਾਨੀ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ ਕਰਨਗੇ।
ਦੱਸੀਆਂ ਉਹ ਥਾਵਾਂ ਜਿੱਥੇ ਵਿੱਕਦਾ ਹੈ ਸ਼ਰੇਆਮ ਨਸ਼ਾ
ਲੁਧਿਆਣਾ ਤੋਂ ਉਚੇਚੇ ਤੌਰ ਤੇ ਪਿੰਡ ਵਾਸੀਆਂ ਦੇ ਸੱਦੇ ‘ਤੇ ਪਹੁੰਚੇ ਪੱਤਰਕਾਰ ਗੁਰਪ੍ਰੀਤ ਸਿੰਘ ਮਹਿਦੂਦਾਂ ਨੇ ਦੱਸਿਆ ਕਿ ਪਿੰਡ ਮਹਿਦੂਦਾਂ, ਇਸਦੇ ਫੋਕਲ ਪੁਆਇੰਟ ਅਤੇ ਸੂਏ ਵਾਲੀ ਸੜਕ ਤੋਂ ਇਲਾਵਾ ਨਾਲ ਲੱਗਦੇ ਪਿੰਡ ਖਹਿਰਾ ਅਤੇ ਬੇਗੋਵਾਲ ਵਿੱਚ ਸ਼ਰੇਆਮ ਚਿੱਟਾ, ਅਫੀਮ, ਭੁੱਕੀ ਅਤੇ ਨਜਾਇਜ ਸ਼ਰਾਬ ਵਿਕ ਰਹੀ ਹੈ। ਉਨ੍ਹਾਂ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਨਸ਼ਾ ਤਸਕਰਾਂ ਨੂੰ ਪਰਚੇ ਦਰਜ ਕਰਕੇ ਜੇਲ੍ਹਾਂ ‘ਚ ਡੱਕਣ ਤੋਂ ਇਲਾਵਾ ਉਨ੍ਹਾਂ ਦੀਆਂ ਜਾਇਦਾਦਾਂ ਨੂੰ ਕੇਸਾਂ ਨਾਲ ਜੋੜ ਕੇ ਜਬਤ ਕਰਨ ਦੀ ਮੰਗ ਵੀ ਕੀਤੀ ਤਾਂ ਕਿ ਅੱਗੇ ਤੋਂ ਕੋਈ ਵੀ ਤਸਕਰ ਨਸ਼ਿਆਂ ਨਾਲ ਜਵਾਨੀਆਂ ਬਰਬਾਦ ਕਰਨ ਦੀ ਹਿੰਮਤ ਨਾ ਕਰੇ।
ਐਸ ਐਸ ਪੀ ਖੰਨਾ ਨੂੰ ਪਿੰਡ ਵਾਸੀ ਅਤੇ ਗ੍ਰਾਮ ਪੰਚਾਇਤ ਦੇਵੇਗੀ ਸਰੰਪਚ ਦੀ ਅਗਵਾਈ ‘ਚ ਸਾਂਝੀ ਸ਼ਿਕਾਇਤ
ਉਨ੍ਹਾਂ ਦੱਸਿਆ ਕਿ ਨਸ਼ਾ ਤਰਕਰਾਂ ਖਿਲਾਫ ਸਖਤ ਕਾਰਵਾਈ ਲਈ ਪਿੰਡ ਦਾ ਸਰਪੰਚ ਸੁਖਬੀਰ ਸਿੰਘ ਪੱਪੀ ਅਤੇ ਪਿੰਡ ਵਾਸੀ ਐਸ ਐਸ ਪੀ ਖੰਨਾ ਨੂੰ ਸਾਂਝੀ ਦਰਖਾਸਤ ਦੇਣਗੇ। ਪਿੰਡ ਦੇ ਸਾਬਕਾ ਸਰਪੰਚ ਟਹਿਲ ਸਿੰਘ ਗੁਰਮ, ਕਬੱਡੀ ਖਿਡਾਰੀ ਗੁਰੀ ਗੁਰਮ, ਰਾਜੂ ਤੂਰ, ਡਾ ਬਿੱਟੂ, ਗੁਰਮੀਤ ਸਿੰਘ ਮਾਂਗਟ, ਤਾਰੀ ਤੂਰ, ਪ੍ਰਿੰਸੀਪਲ ਰਣਵੀਰ ਸਿੰਘ, ਸੁਖਵਿੰਦਰ ਸਿੰਘ ਸੁੱਖਾ, ਨਵਦੀਪ ਗੁਰਮ ਨੇ ਨੌਜਵਾਨ ਦੀ ਉਵਰਡੋਜ ਨਾਲ ਹੋਈ ਮੌਤ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪਰਿਵਾਰ ਸਦਮੇਂ ਵਿੱਚ ਹੋਣ ਕਾਰਨ ਭਾਵੇਂ ਕੁਝ ਨਹੀਂ ਬੋਲ ਰਿਹਾ ਪਰ ਪੂਰਾ ਪਿੰਡ ਇਸ ਅਣਹੋਣੀ ਮੌਤ ਕਾਰਨ ਗੁੱਸੇ ਨਾਲ ਭਰਿਆ ਹੋਇਆ ਹੈ ਅਤੇ ਉਹ ਤਸਕਰਾਂ ਖਿਲਾਫ ਕਾਰਵਾਈ ਕਰਵਾ ਕੇ ਦਮ ਲਵੇਗਾ।ਉਧਰ ਡੀ ਐਸ ਪੀ ਹਰਵਿੰਦਰ ਸਿੰਘ ਖਹਿਰਾ ਨੇ ਪਿੰਡ ਦੇ ਲੋਕਾਂ ਨੂੰ ਹਰ ਪ੍ਰਕਾਰ ਦਾ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ।