November 25, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 21 ਜੂਨ (ਸ਼ਿਵ ਸੋਨੀ ) : ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਪਿੰਡ ਬੁੱਗਰਾਂ ਦੇ ਸਮੂਹ ਨਗਰ ਨਿਵਾਸੀਆਂ ਵੱਲੋਂ ਕਿਸਾਨ ਆਗੂ ਭੋਲਾ ਸਿੰਘ ਬੁੱਗਰ ਦਾ ਸ਼ਰਧਾਂਜਲੀ ਸਮਾਗਮ ਕੀਤਾ ਗਿਆ ਜਿਸ ਵਿਚ ਸ਼ਾਮਲ ਸਮੂਹ ਲੋਕਾਂ ਵੱਲੋਂ ਦੋ ਮਿੰਟ ਦਾ ਮੌਨ ਧਾਰਨ ਤੋਂ ਬਾਅਦ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਭੋਲਾ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ । ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਤੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਦੱਸਿਆ ਕਿ ਭੋਲਾ ਸਿੰਘ ਦਾ ਤਾਇਆ ਗੁਰਚਰਨ ਸਿੰਘ 1984 ਵੇਲੇ ਕਿਸਾਨ ਲਹਿਰ ਵਿੱਚ ਸਰਗਰਮ ਵਰਕਰ ਸੀ ਜਿਸ ਤੋਂ ਪ੍ਰੇਰਨਾ ਲੈਂਦਿਆਂ ਹੋਇਆ ਭੋਲਾ ਸਿੰਘ ਵੀ ਬਚਪਨ ਚ ਹੀ 12 ਸਾਲ ਦੀ ਉਮਰ ਵਿੱਚ ਕਿਸਾਨ ਸੰਘਰਸ਼ਾਂ ਵਿੱਚ ਜਾਣ ਲੱਗ ਪਿਆ ।
1994 ਵਿੱਚ ਉਸ ਨੇ ਕਿਰਾਇਆ ਘੋਲ ਵਿੱਚ ਢਪਾਲੀ ਵਿਖੇ ਸਰਗਰਮ ਸ਼ਮੂਲੀਅਤ ਭੂਮਿਕਾ ਨਿਭਾਈ ।ਉਸ ਤੋਂ ਬਾਅਦ ਜੇਠੂਕੇ ਗੋਲੀ ਕਾਂਡ, ਮਾਈਸਰਖਾਨਾ, ਚੱਠੇਵਾਲਾ ਕੁਰਕੀ ਕਾਂਡ, ਨਥਾਣਾ ਬੈਂਕ ਦਾ ਘਿਰਾਉ ,ਬਿਜਲੀ ਦੇ ਨਿੱਜੀਕਰਨ ਲਈ ਮੀਟਰ ਬਾਹਰ ਲਾਉਣ ਸਬੰਧੀ ਨਿਓਰ ਕਾਂਡ ਸਮੇਤ ਅਨੇਕਾਂ ਘੋਲਾਂ ਵਿਚ ਸਰਗਰਮ ਅਤੇ ਆਗੂ ਰੋਲ ਨਿਭਾਇਆਕਿਸਾਨੀ ਸੰਘਰਸ਼ਾਂ ਵਿੱਚ ਪਾਏ ਯੋਗਦਾਨ ਕਾਰਨ ਭੋਲਾ ਸਿੰਘ ਸਰਕਾਰ ਦੇ ਅੱਖਾਂ ਵਿੱਚ ਰੜਕਣ ਲੱਗ ਪਿਆ ਸੀ ਤੇ ਸਰਕਾਰ ਵੱਲੋਂ ਦਿੱਤੇ ਹੁਕਮਾਂ ਤਹਿਤ ਪੁਲਸ ਵੱਲੋਂ ਪਰਿਵਾਰ ਨੂੰ ਵੀ ਅਨੇਕਾਂ ਵਾਰ ਤੰਗ ਪਰੇਸ਼ਾਨ ਕੀਤਾ ਗਿਆ ਇਥੋਂ ਤੱਕ ਕਿ ਉਸ ਦੇ ਚੁੱਲ੍ਹੇ ਤੇ ਕੰਧਾਂ ਵੀ ਪੁਲਸ ਵੱਲੋਂ ਢਾਹ ਦਿੱਤੀਆਂ ਗਈਆਂ ਸਨ ਪਰ ਭੋਲਾ ਸਿੰਘ ਅਡੋਲ ਰਹਿ ਕੇ ਕਿਸਾਨ ਲਹਿਰ ਲਈ ਯੋਗਦਾਨ ਪਾਉਂਦਾ ਰਿਹਾ
ਆਗੂਆਂ ਨੇ ਕਿਹਾ ਉਹ ਕਿਸਾਨ ਲਹਿਰ ਦੇ ਨਾਲ ਨਾਲ ਵਿਗਿਆਨਕ ਸੋਚ ਦਾ ਵੀ ਧਾਰਨੀ ਸੀ। ਭੋਲਾ ਸਿੰਘ ਰੰਗਕਰਮੀ ਵੀ ਸੀ ਉਸ ਨੇ ਕਈ ਨਾਟਕਾਂ ਵਿੱਚ ਹਿੱਸਾ ਲਿਆ।ਬੁਲਾਰਿਆਂ ਨੇ ਕਿਹਾ ਕਿ ਸਾਮਰਾਜੀ ਕੰਪਨੀਆਂ ਦੀ ਲੁੱਟ ਦੀ ਹਵਸ ਨੇ ਪੈਦਾ ਕੀਤੀਆਂ ਬਿਮਾਰੀਆਂ ਨੇ ਭੋਲਾ ਸਿੰਘ ਨੂੰ ਜਕੜ ਚ ਲੈ ਲਿਆ ਅਤੇ ਲੀਵਰ ਅਤੇ ਗੁਰਦੇ ਦੀ ਭਿਆਨਕ ਬੀਮਾਰੀ ਕਾਰਨ 9 ਜੂਨ ਨੂੰ ਭੋਲਾ ਸਿੰਘ ਨੂੰ ਸਾਡੇ ਤੋਂ ਸਦਾ ਲਈ ਜਿਸਮਾਨੀ ਤੌਰ ਤੇ ਵਿਛੜ ਗਿਆ ।
ਔਰਤ ਜਥੇਬੰਦੀ ਦੀ ਆਗੂ ਹਰਿੰਦਰ ਬਿੰਦੂ ਨੇ ਕਿਹਾ ਕਿ ਭੋਲਾ ਸਿੰਘ ਨੇ ਸੰਘਰਸ਼ਾਂ ਵਿੱਚ ਔਰਤਾਂ ਦੀ ਸਮੂਲੀਅਤ ਲਈ ਵੀ ਬਹੁਤ ਵੱਡਾ ਯੋਗਦਾਨ ਪਾਇਆ । ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਨੇ ਕਿਹਾ ਕਿ ਭੋਲਾ ਸਿੰਘ ਬੁੱਗਰ ਕਿਸਾਨ ਲਹਿਰ ਦੇ ਨਾਲ ਨਾਲ ਮਜ਼ਦੂਰਾਂ ਦੇ ਸੰਘਰਸਾਂ ਵਿੱਚ ਵੀ ਬਹੁਤ ਸਹਿਯੋਗ ਦਿੱਤਾ। ਉਨ੍ਹਾਂ ਕਿਹਾ ਕਿ ਭੋਲਾ ਸਿੰਘ ਵਿੱਚ ਮਜ਼ਦੂਰਾਂ ਪ੍ਰਤੀ ਜਾਤ ਪਾਤ ਦੇ ਨਫ਼ਰਤ ਦੀ ਬਜਾਏ ਵਧੇਰੇ ਸਤਿਕਾਰ ਸੀ । ਉਸ ਨੇ ਇਨਕਲਾਬੀ ਵਿਚਾਰਾਂ ਤੇ ਚਲਦਿਆਂ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦੇ ਸੁਪਨੇ ਪੂਰੇ ਕਰਨ ਲਈ ਅਥਾਹ ਯੋਗਦਾਨ ਪਾਇਆ । ਉਸ ਨੇ ਪਿੰਡਾਂ ਚ ਉੱਠੇ ਮਜ਼ਦੂਰ ਮਸਲਿਆਂ ਤੇ ਹਮੇਸ਼ਾ ਹੀ ਮਜ਼ਦੂਰਾਂ ਦਾ ਪੱਖ ਪੂਰਿਆ।

ਸਮੂਹ ਬੁਲਾਰਿਆਂ ਨੇ ਭੋਲਾ ਸਿੰਘ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਰਤੀ ਲੋਕਾਂ ਦੀ ਮੁਕਤੀ ਲਈ ਚੱਲ ਰਹੇ ਸੰਘਰਸ਼ ਵਿੱਚ ਡਟਣ ਦਾ ਸੱਦਾ ਦਿੱਤਾ ।ਉਪਰੋਕਤ ਬੁਲਾਰਿਆਂ ਤੋਂ ਬਿਨਾਂ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ , ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਜ਼ਿਲ੍ਹਾ ਪ੍ਰਧਾਨ ਪ੍ਰਸ਼ੋਤਮ ਮਹਾਰਾਜ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂ ਗੁਰਦੀਪ ਸਿੰਘ ਸ਼ੇਲਬਰਾਹ , ਤਰਕਸ਼ੀਲ ਸੁਸਾਇਟੀ ਤੋਂ ਗਗਨ ਗਰੋਵਰ,ਭੋਲਾ ਸਿੰਘ ਦੇ ਦੋਸਤ ਬਾਰੂ ਸਿੰਘ ਬੁੱਗਰ , ਗੁਰਤੇਜ ਮਹਿਰਾਜ ਅਤੇ ਡਾਕਟਰ ਜਗਤਾਰ ਸਿੰਘ ਫੂਲ ਨੇ ਵੀ ਸ਼ਰਧਾ ਦੇ ਫੁੱਲ ਭੇਟ ਕੀਤੇ ।ਭੋਲਾ ਸਿੰਘ ਦੇ ਬੇਟੇ ਅਤੇ ਬੇਟੀ ਨੇ ਕਿਸਾਨ ਸੰਘਰਸ਼ ਨੂੰ ਅੱਗੇ ਤੋਰਨ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਆਗੂਆਂ ਤੋਂ ਝੰਡਾ ਲੈ ਕੇ ਆਪਣੇ ਮੋਢਿਆਂ ਤੇ ਚੁੱਕਿਆ ।
#For any kind of News and advertisement contact us on   980-345-0601
121740cookie-checkਕਿਸਾਨ ਆਗੂ ਭੋਲਾ ਸਿੰਘ ਬੁੱਗਰ ਦਾ ਸ਼ਰਧਾਂਜਲੀ ਸਮਾਗਮ ਕੀਤਾ ਗਿਆ
error: Content is protected !!