May 28, 2024

Loading

ਚੜ੍ਹਤ ਪੰਜਾਬ ਦੀ
ਲੁਧਿਆਣਾ, 9 ਅਕਤੂਬਰ (ਸਤ ਪਾਲ ਸੋਨੀ ) : ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ, ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾਃ ਲਖਵਿੰਦਰ ਸਿੰਘ ਜੌਹਲ, ਸਾਬਕਾ ਪ੍ਰਧਾਨ ਪ੍ਰੋਃ ਰਵਿੰਦਰ ਭੱਠਲ, ਜਨਰਲ ਸਕੱਕਰ ਡਾਃ ਗੁਰਇਕਬਾਲ ਸਿੰਘ ਤੇ ਹੋਰ ਲੇਖਕਾਂ ਵੱਲੋਂ ਪਾਕਿਸਤਾਨੀ ਪੰਜਾਬ ਦੇ ਸ਼ਹਿਰ ਸਮੁੰਦਰੀ(ਫੈਸਲਾਬਾਦ) ਵੱਸਦੇ ਪ੍ਰਮੁੱਖ ਕਵੀ ਬਾਬਾ ਗੁਲਾਮ ਹੁਸੈਨ ਨਦੀਮ ਕਾਦਰੀ ਦੀ ਕਾਵਿ ਪੁਸਤਕ ਉਮਰੋਂ ਲੰਮੇ ਰੋਗ ਨੂੰ ਲੋਕ ਅਰਪਨ ਕੀਤਾ ਗਿਆ। ਇਸ ਪੁਸਤਕ ਨੂੰ ਮੁਨੀਰ ਹੁਸ਼ਿਆਰਪੁਰੀ ਦੀ ਸੰਪਾਦਨਾ ਹੇਠ ਚੇਤਨਾ ਪ੍ਰਕਾਸ਼ਨ ਲੁਧਿਆਣਾ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ।
ਪੁਸਤਕ ਤੇ ਕਵੀ ਬਾਰੇ ਜਾਣਕਾਰੀ ਦੇਂਦਿਆਂ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਮੁਨੀਰ ਦੀ ਕੋਸ਼ਿਸ਼ ਸਦਕਾ ਪਿਛਲੇ ਸਾਲ 28 ਦਸੰਬਰ ਨੂੰ ਕਰਤਾਰਪੁਰ ਸਾਹਿਬ(ਨਾਰੋਵਾਲ) ਵਿਖੇ ਪਹਿਲੀ ਵਾਰ ਬਾਬਾ ਨਦੀਮ ਨੂੰ ਸਾਹਮਣੇ ਬਹਿ ਕੇ ਬਾਬਾ ਨਜਮੀ, ਅਫ਼ਜ਼ਲ ਸਾਹਿਰ, ਸਾਨੀਆ ਸ਼ੇਖ, ਬੁਸ਼ਰਾ ਨਾਜ਼ ਸਮੇਤ ਸੁਣਨ ਦਾ ਇਤਫਾਕ ਹੋਇਆ ਸੀ। ਇਧਰੋਂ ਅਸੀਂ ਵੀ ਸੁਰਗਵਾਸੀ ਸ਼ਾਇਰਾ ਸੁਲਤਾਨਾ ਬੇਗਮ, ਡਾਃ ਨਵਜੋਤ ਕੌਰ, ਮਨਜਿੰਦਰ ਧਨੋਆ ਸਮੇਤ ਮੈਂ ਵੀ ਹਾਜ਼ਰ ਹੋਇਆ ਸੀ। ਬਾਬਾ ਨਦੀਮ ਦੀ ਕਵਿਤਾ ਆ ਸ਼ਾਹ ਹੁਸੈਨਾ ਵੇਖ ਲੈ ਨੇ ਮੰਤਰ ਮੁਗਧਕਰ ਦਿੱਤਾ ਸੀ। ਹੁਣ ਉਮਰੋਂ ਲੰਮੇ ਰੋਗ ਛਪਣ ਨਾਲ ਚੜ੍ਹਦੇ ਪੰਜਾਬ ਦੇ ਲੋਕ ਵੀ ਬਾਬਾ ਨਦੀਮ ਦੀ ਸ਼ਾਇਰੀ ਨਾਲ ਸਾਂਝ ਪਾ ਸਕਣਗੇ।
ਇਸ ਮੌਕੇ ਬੋਲਦਿਆਂ ਡਾਃ ਲਖਵਿੰਦਰ ਜੌਹਲ ਨੇ ਕਿਹਾ ਕਿ ਦੋਹਾਂ ਪੰਜਾਬਾਂ ਦੀ ਵਧ ਰਹੀ ਅਦਬੀ ਸਾਂਝ ਦੱਖਣੀ ਏਸ਼ੀਆ ਦੇ ਸਦੀਵੀ ਤੇ ਪਾਏਦਾਰ ਅਮਨ ਨੂੰ ਯਕੀਨੀ ਬਣਾਉਣ ਵਿੱਚਸਹਾਈ ਹੋਵੇਗੀ। ਕਹਾਣੀਕਾਰ ਸੁਖਜੀਤ ਨੇ ਕਿਹਾ ਕਿ ਡਾਃ ਜਗਤਾਰ ਤੇ ਡਾਃ ਕਰਨੈਲ ਸਿੰਘ ਥਿੰਦ ਨੇ ਪਾਕਿਸਤਾਨ ਦ ਪੰਜਾਬੀ ਸਾਹਿੱਤ ਨੂੰ ਏਧਰ ਲਿਪੀਅੰਤਰ ਕਰਕੇ ਛਾਪਣ ਦਾ ਜੋ ਉਪਰਾਲਾ ਆਰੰਭਿਆ ਸੀ ਉਸ ਨੂੰ ਮੁਨੀਰ ਹੋਸ਼ਿਆਰਪੁਰੀ ਨੇ ਅੱਗੇ ਵਧਾਇਆ ਹੈ। ਸਾਡੇ ਸ਼ਾਇਰ ਦੋਸਤ ਜਸਪਾਲ ਘਈ ਨੇ ਵੀ ਤਜੱਮੁਲ ਕਲੀਮ ਦੀ ਸ਼ਾਇਰੀ ਦੀ ਕਿਤਾਬ ਕਮਾਲ ਕਰਦੇ ਓ ਬਾਦਸ਼ਾਰੋ ਪਿਛਲੇ ਦਿਨੀਂ ਲਿਪੀਅੰਤਰ ਕਰਕੇ ਪ੍ਰਕਾਸ਼ਿਤ ਕਰਵਾਈ ਹੈ।
ਡਾਃ ਗੁਰਇਕਬਾਲ ਸਿੰਘ ਨੇ ਕਿਹਾ ਕਿ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਵੱਲੋਂ ਮੌਲਾ ਬਖਸ਼ ਕੁੰਸਤਾ ਦੀ ਖੋਜ ਪੁਸਤਕ ਪੰਜਾਬੀ ਸ਼ਾਇਰਾਂ ਦਾ ਤਜ਼ਕਰਾ, ਸੁਲਤਾਨ ਖਾਰਵੀ ਦੀ ਬਾਲ ਬਲੂੰਗੇ , ਹਬੀਬ ਜਾਲਿਬ ਦੀ ਰੁੱਤ ਕੁਲਹਿਣੀ ਤੋਂ ਇਲਾਵਾ ਫ਼ੈਜ਼ ਅਹਿਮਦ ਫ਼ੈਜ਼ ਬਾਰੇ ਪੁਸਤਕਾਂ ਵੀ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ। ਨੇੜ ਭਵਿੱਖ ਵਿੱਚ ਪੋਠੋਹਾਰੀ ਗੀਤਾਂ ਬਾਰੇ ਵੀ ਇੱਕ ਪੁਸਤਕ ਸਃ ਰਘਬੀਰ ਸਿੰਘ ਭਰਤ ਜੀ ਪਾਸੋਂ ਲਿਪੀਅੰਤਕ ਕਰਵਾ ਕੇ ਛਾਪੀ ਜਾ ਰਹੀ ਹੈ। ਇਸ ਮੌਕੇ ਡਾਃ ਸ਼ਯਾਮ ਸੁੰਦਰ ਦੀਪਤੀ, ਮਿਸਜ਼ ਦੀਪਤੀ,ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ, ਨੌਜਵਾਨ ਕਹਾਣੀਕਾਰ ਤਰਣ ਸਿੰਘ ਬੱਲ ਵੀ ਹਾਜ਼ਰ ਸਨ। ਸੁਮਿਤ ਗੁਲਾਟੀ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।
#For any kind of News and advertisment contact us on 980-345-0601 
130890cookie-checkਪਾਕਿਸਤਾਨੀ ਪੰਜਾਬ ਦੇ ਕਵੀ ਬਾਬਾ ਗੁਲਾਮ ਹੁਸੈਨ ਨਦੀਮ ਕਾਦਰੀ ਦੀ ਕਾਵਿ ਪੁਸਤਕ ਉਮਰੋਂ ਲੰਮੇ ਰੋਗ ਪੰਜਾਬੀ ਭਵਨ ਚ ਲੋਕ ਅਰਪਨ
error: Content is protected !!