Categories AnnouncmentsBussiness NewsINDUSTRIAL PROBLEMSPUNJAB NEWSPunjabi News

ਪੰਜਾਬ ਸਰਕਾਰ ਵੈਟ ਦੇ ਬਕਾਇਆ ਮਾਮਲਿਆਂ ਦਾ ਕਰੇਗੀ ਜਲਦ ਨਿਪਟਾਰਾ, ਕਰਦਾਤਾਵਾਂ ਲਈ ਦਿਵਾਲੀ ਤੋਂ ਪਹਿਲਾਂ ਲਿਆਂਦਾ ਜਾਵੇਗਾ ਫੇਸਲੇਸ ਸਿਸਟਮ – ਮਨਪ੍ਰੀਤ ਸਿੰਘ ਬਾਦਲ

ਚੜ੍ਹਤ ਪੰਜਾਬ ਦੀ
ਲੁਧਿਆਣਾ, 13 ਅਕਤੂਬਰ,(ਸਤ ਪਾਲ ਸੋਨੀ/ਰਵੀ ਵਰਮਾ) — ਕਾਰੋਬਾਰੀ ਭਾਈਚਾਰੇ ਨੂੰ ਵੱਡੀ ਰਾਹਤ ਦਿੰਦੇ ਹੋਏ, ਵਿੱਤ ਅਤੇ ਟੈਕਸੇਸ਼ਨ ਯੋਜਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਅੱਜ ਐਲਾਨ ਕੀਤਾ ਗਿਆ ਕਿ ਪੰਜਾਬ ਸਰਕਾਰ ਪਿਛਲੇ ਕੁਝ ਸਾਲਾਂ ਤੋਂ ਬਕਾਇਆ ਵੈਟ ਨਾਲ ਜੁੜੇ ਸਾਰੇ ਅਸੈਸਮੈਂਟ ਮਾਮਲਿਆਂ ਦੇ ਨਿਪਟਾਰੇ ਲਈ ਇੱਕ ਨਵੀਂ ਸਕੀਮ ਲੈ ਕੇ ਆ ਰਹੀ ਹੈ ਅਤੇ ਇਸ ਤੋਂ ਇਲਾਵਾ ਕਰਦਾਤਾਵਾਂ ਲਈ ਇਸ ਦਿਵਾਲੀ ਤੋਂ ਪਹਿਲਾਂ ਇੱਕ ਫੇਸਲੇਸ ਸਿਸਟਮ ਲਿਆਂਦਾ ਜਾਵੇਗਾ।
ਸਥਾਨਕ ਹੋਟਲ ਵਿੱਚ, ਖੁਰਾਕ, ਸਿਵਲ ਸਪਲਾਈ ਤੇ ਖ਼ਪਤਕਾਰ ਮਾਮਲੇ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਉਦਯੋਗ ਤੇ ਵਣਜ ਮੰਤਰੀ ਗੁਰਕੀਰਤ ਸਿੰਘ ਕੋਟਲੀ ਦੇ ਨਾਲ ਅੱਜ ਵੱਖ-ਵੱਖ ਐਸੋਸੀਏਸ਼ਨਾਂ ਦੇ ਉਦਯੋਗਪਤੀਆਂ ਨਾਲ ਗੱਲਬਾਤ ਕਰਦਿਆਂ, ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਵੈਟ ਅਸੈਸਮੈਂਟ ਦੇ ਸਾਰੇ ਮਾਮਲਿਆਂ ਦਾ ਜਲਦ ਨਿਪਟਾਰਾ ਕਰ ਦਿੱਤਾ ਜਾਵੇਗਾ।ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਮਨੁੱਖੀ ਦਖਲ ਤੋਂ ਬਿਨਾਂ ਟੈਕਸ ਵਸੂਲੀ ਨੂੰ ਨਿਰਵਿਘਨ ਬਣਾਉਣ ਲਈ ਵਚਨਬੱਧ ਹੈ। ਸ. ਬਾਦਲ ਨੇ ਕਿਹਾ ਕਿ ਟੈਕਸਾਂ ਦਾ ਮੁਲਾਂਕਣ ਕਰਨ ਲਈ ਇੱਕ ਫੇਸਲੇਸ ਸਿਸਟਮ ਵੀ ਲਾਗੂ ਕੀਤਾ ਜਾਵੇਗਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਦਯੋਗਪਤੀਆਂ ਨੂੰ ਸਰਕਾਰੀ ਦਫਤਰਾਂ ਵਿੱਚ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਉਦਯੋਗਪਤੀਆਂ ਅਤੇ ਵਿਭਾਗ ਦੇ ਅਧਿਕਾਰੀਆਂ ਦਰਮਿਆਨ ਕੋਈ ਆਹਮੋ ਸਾਹਮਣੇ ਰਾਬਤਾ ਨਹੀਂ ਹੋਵੇਗਾ ਅਤੇ ਇਹ ਨਵਾਂ ਸਿਸਟਮ ਉਦਯੋਗਪਤੀਆਂ ਦੀਆਂ ਮੋਬਾਈਲ ਵਿੰਗਾਂ ਤੋਂ ਪਰੇਸ਼ਾਨੀ ਦੀਆਂ ਸ਼ਿਕਾਇਤਾਂ ਨੂੰ ਵੀ ਦੂਰ ਕਰੇਗਾ।

ਉਨ੍ਹਾਂ ਕਿਹਾ ਕਿ ਇਹ ਦੋਵੇਂ ਵੱਡੀਆਂ ਸਹੂਲਤਾਂ ਦੀਵਾਲੀ ਤੋਂ ਪਹਿਲਾਂ ਲੋਕਾਂ ਨੂੰ ਸਮਰਪਿਤ ਕੀਤੀਆਂ ਜਾਣਗੀਆਂ ਅਤੇ ਕਿਹਾ ਕਿ ਉਨ੍ਹਾਂ ਦੇ ਵਿਭਾਗ ਪਹਿਲਾਂ ਹੀ ਇਸ ਦਿਸ਼ਾ ਵਿੱਚ ਅਣਥੱਕ ਮਿਹਨਤ ਕਰ ਰਹੇ ਹਨ।ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਉਹ ਅਗਲੇ 10 ਦਿਨਾਂ ਵਿੱਚ ਸਾਰੇ ਪ੍ਰਮੁੱਖ ਉਦਯੋਗਿਕ ਕਸਬਿਆਂ ਦਾ ਦੌਰਾ ਕਰਨਗੇ ਅਤੇ ਵੈਟ, ਜੀ.ਐਸ.ਟੀ. ਅਤੇ ਬਿਜਲੀ, ਬੁਨਿਆਦੀ ਢਾਂਚੇ ਦੇ ਵਿਕਾਸ, ਸੁਧਾਰਾਂ, ਮਿਕਸ ਲੈਂਡ ਯੂਜ਼ ਕੇਸਾਂ ਅਤੇ ਹੋਰਾਂ ਬਾਰੇ ਉਦਯੋਗਪਤੀਆਂ ਦੇ ਸਾਰੇ ਮੁੱਦਿਆਂ ਨੂੰ ਜਲਦ ਤੋਂ ਜਲਦ ਹੱਲ ਕੀਤਾ ਜਾਵੇਗਾ।ਕੈਬਨਿਟ ਮੰਤਰੀ ਨੇ ਇਹ ਵੀ ਕਿਹਾ ਕਿ ਸੂਬਾ ਸਰਕਾਰ ਨੇ ਕੋਲੇ ਦੀ ਕਮੀ ਦਾ ਮੁੱਦਾ ਕੇਂਦਰ ਸਰਕਾਰ ਕੋਲ ਚੁੱਕਿਆ ਹੈ ਅਤੇ ਉਮੀਦ ਕੀਤੀ ਹੈ ਕਿ ਅਗਲੇ ਕੁਝ ਦਿਨਾਂ ਵਿੱਚ ਬਿਜਲੀ ਦੀ ਸਥਿਤੀ ਆਮ ਵਾਂਗ ਹੋ ਜਾਵੇਗੀ, ਕਿਉਂਕਿ ਪਾਵਰ ਪਲਾਂਟਾਂ ਵਿੱਚ ਕੋਲੇ ਦੇ ਭੰਡਾਰ ਆਉਣੇ ਸ਼ੁਰੂ ਹੋ ਗਏ ਹਨ।
ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਉਦਯੋਗਿਕ ਖੇਤਰਾਂ/ਫੋਕਲ ਪੁਆਇੰਟਾਂ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਨਗਰ ਨਿਗਮ ਲੁਧਿਆਣਾ 15 ਕਰੋੜ ਰੁਪਏ ਖਰਚ ਕਰੇਗਾ ਅਤੇ ਇੰਪਰੂਵਮੈਂਟ ਟਰੱਸਟ 10 ਕਰੋੜ ਰੁਪਏ ਦੇਵੇਗਾ।

ਉਦਯੋਗ ਅਤੇ ਵਣਜ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਜਲਦ ਹੀ ਖੰਨਾ ਵਿੱਚ ਇੱਕ ਨਵਾਂ ਫੋਕਲ ਪੁਆਇੰਟ ਸਥਾਪਤ ਕਰਨ ਦਾ ਐਲਾਨ ਕੀਤਾ ਅਤੇ ਕਿਹਾ ਕਿ ਇਸ ਸਬੰਧੀ ਪਹਿਲਾਂ ਹੀ ਰੋਡਮੈਪ ਤਿਆਰ ਕੀਤਾ ਜਾ ਰਿਹਾ ਹੈ। ਸ.ਕੋਟਲੀ ਨੇ ਪੰਜਾਬ ਨੂੰ ਉਦਯੋਗ ਦੀ ਰੀੜ ਦੀ ਹੱਡੀ ਦੱਸਦਿਆਂ ਕਿਹਾ ਕਿ ਲੁਧਿਆਣਾ ਦੇ ਮੌਜੂਦਾ ਫੋਕਲ ਪੁਆਇੰਟ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ 20 ਕਰੋੜ ਰੁਪਏ ਦੀ ਗ੍ਰਾਂਟ ਵੀ ਜਾਰੀ ਕੀਤੀ ਜਾਵੇਗੀ।ਲੁਧਿਆਣਾ ਪੂਰਬੀ ਦੇ ਵਿਧਾਇਕ ਸੰਜੇ ਤਲਵਾੜ ਨੇ ਕਿਹਾ ਕਿ ਨਗਰ ਨਿਗਮ ਜੋਨ-ਬੀ ਅਤੇ ਸੀ ਦੇ ਦਫਤਰਾਂ ਵਿੱਚ ਇੱਕ ਸਮਰਪਿਤ ਅਧਿਕਾਰੀ ਨਿਯੁਕਤ ਕੀਤਾ ਜਾਵੇਗਾ ਜੋ ਕਿ ਉਦਯੋਗਪਤੀਆਂ ਦੇ ਨਗਰ ਨਿਗਮ ਨਾਲ ਸਬੰਧਤ ਮੁੱਦਿਆਂ ਨੂੰ ਤੁਰੰਤ ਹਲ ਕਰੇਗਾ।ਇਸ ਮੌਕੇ ਵਿਧਾਇਕ ਰਾਕੇਸ਼ ਪਾਂਡੇ ਅਤੇ .ਕੁਲਦੀਪ ਸਿੰਘ ਵੈਦ, ਮੇਅਰ ਬਲਕਾਰ ਸਿੰਘ ਸੰਧੂ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਮਨ ਬਾਲਾਸੂਬਰਾਮਣੀਅਮ, ਸੀਨੀਅਰ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੋਤਰਾ, ਕਮਲਜੀਤ ਸਿੰਘ ਕੜਵਲ, ਭੁਪਿੰਦਰ ਸਿੰਘ ਬਸੰਤ, ਨੀਲਕੰਠ ਅਵਧ, ਪੰਕਜ ਸ਼ਰਮਾ, ਉਪਕਾਰ ਸਿੰਘ ਆਹੂਜਾ, ਦਰਸ਼ਨ ਡਾਵਰ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।
86510cookie-checkਪੰਜਾਬ ਸਰਕਾਰ ਵੈਟ ਦੇ ਬਕਾਇਆ ਮਾਮਲਿਆਂ ਦਾ ਕਰੇਗੀ ਜਲਦ ਨਿਪਟਾਰਾ, ਕਰਦਾਤਾਵਾਂ ਲਈ ਦਿਵਾਲੀ ਤੋਂ ਪਹਿਲਾਂ ਲਿਆਂਦਾ ਜਾਵੇਗਾ ਫੇਸਲੇਸ ਸਿਸਟਮ – ਮਨਪ੍ਰੀਤ ਸਿੰਘ ਬਾਦਲ

About the author

DISCLAIMER: Charhat Punjab di: Editor does not takes responsibility for any news/video/article published, only Reporter/Writer will be responsible for his/her news or article. Any dispute if arrises shall be settled at Ludhiana jurisdiction only. Sat Pal Soni (Editor)