March 28, 2024

Loading

ਚੜ੍ਹਤ ਪੰਜਾਬ ਦੀ
ਲੁਧਿਆਣਾ,29 ਅਪ੍ਰੈਲ,(ਸਤ ਪਾਲ ਸੋਨੀ ): ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਲੁਧਿਆਣਾ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਰਾਵੀ ਪਾਰ ਦੀ ਸ਼ਾਇਰੀ ਸਿਰਲੇਖ ਅਧੀਨ ਲਹਿੰਦੇ ਪੰਜਾਬ ਦੇ ਕਵੀਆਂ ਦਾ ਔਨ ਲਾਈਨ ਕਵੀ ਦਰਬਾਰ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਲਹਿੰਦੇ ਪੰਜਾਬ ਦੇ ਅਵਾਮੀ ਸ਼ਾਇਰ ਬਾਬਾ ਨਜਮੀ ਨੇ ਕੀਤੀ।ਉਦਘਾਟਨੀ ਭਾਸ਼ਨ ਪ੍ਰੋ. ਗੁਰਭਜਨ ਸਿੰਘ ਗਿੱਲ ਚੇਅਰਮੈਨ, ਪੰਜਾਬੀ ਲੋਕ ਵਿਰਾਸਤ ਅਕਾਡਮੀ, ਲੁਧਿਆਣਾ ਨੇ ਕੀਤਾ , ਡਾ. ਕਲਿਆਣ ਸਿੰਘ ਕਲਿਆਣ ,ਪ੍ਰੋਫ਼ੈਸਰ ਸਰਕਾਰੀ ਕਾਲਜ ਯੂਨੀਵਰਸਿਟੀ ਲਾਹੌਰ ਨੇ ਮੁੱਖ ਵਕਤਾ ਵਜੋਂ ਸ਼ਿਰਕਤ ਕੀਤੀ।ਕਵੀ ਦਰਬਾਰ ਦੇ ਆਰੰਭ ਵਿਚ ਡਾ. ਸ. ਪ. ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਅਤੇ ਪ੍ਰਧਾਨ ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਂਸਲ, ਲੁਧਿਆਣਾ ਨੇ ਰਸਮੀ ਤੌਰ ਤੇ ਜੀ ਆਇਆ ਕਹਿੰਦਿਆਂ ਦੱਸਿਆ ਕਿ ਸਾਡੀ ਇਸ ਸੰਸਥਾ ਦੀ ਜੜ੍ਹ ਗੁਜਰਾਂਵਾਲਾ (ਪਾਕਿਸਤਾਨ)ਵਿਚ ਲੱਗੀ ਅਤੇ ਵੰਡ ਉਪਰੰਤ 1953 ਵਿਚ ਕਾਲਜ ਨੂੰ ਲੁਧਿਆਣੇ ਪੁਨਰ ਸਥਾਪਿਤ ਕੀਤਾ ਗਿਆ। ਉਹਨਾਂ ਕਿਹਾ ਕਿ ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਂਸਲ ਅਧੀਨ ਚਲ ਰਹੀਆਂ ਪੰਜ ਸੰਸਥਾਵਾਂ ਦੇ ਅਧਿਆਪਕ ਤੇ ਹੋਰ ਕਰਮਚਾਰੀ ਅਗਲੇ ਸਾਲ ਗੁਜਰਾਂਵਾਲਾ ਦੀ ਯਾਤਰਾ ਕਰਨਗੇ।
ਉਦਘਾਟਨੀ ਭਾਸ਼ਨ ਦਿੰਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਬਾਬਾ ਫ਼ਰੀਦ ਜੀ ਤੋਂ ਲੈ ਕੇ ਮੀਆਂ ਮੁਹੰਮਦ ਬਖ਼ਸ਼ ਸਾਹਿਬ ਤੀਕ ਦੀ ਸਾਹਿੱਤਕ ਵਿਰਾਸਤ ਧਰਤੀ ਦੇ ਦਿਖ ਸੁਖ ਦੀ ਵਾਰਤਾ ਸੁਣਾਉਂਦੀ ਹੈ। ਇਨ੍ਹਾਂ ਦੋਵਾਂ ਮੁਲਕਾਂ ਦੇ ਆਮ ਸਾਧਾਰਨ ਲੋਕਾਂ ਦੀ ਦੀ ਜਜ਼ਬਾਤੀ ਸਾਂਝ ਦੀ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਸਾਡੀ ਜ਼ੁਬਾਨ, ਲੋਕ ਸਾਹਿਤ, ਖੁਸ਼ੀ ਗਮੀ ਦੇ ਗੀਤ, ਦੁੱਖ-ਸੁੱਖ ਸਭ ਸਾਂਝੇ ਹਨ।ਉਹਨਾਂ ਨੇ ਗੁਜਰਾਂਵਾਲਾ ਦੀ ਧਰਤੀ ਤੇ ਪੈਦਾ ਹੋਏ ਪੰਜਾਬੀ ਦੇ ਮਹਾਨ ਸ਼ਾਇਰ, ਨਾਇਕ-ਨਾਇਕਾਵਾਂ ਦੇ ਹਵਾਲੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਉਹਨਾਂ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਡਾ. ਜਗਤਾਰ ਤੇ ਡਾਃ ਅਤਰ ਸਿੰਘ ਜੀ ਨੇ ਲਹਿੰਦੇ ਪੰਜਾਬ ਦੀ ਸ਼ਾਇਰੀ ਨੂੰ ਦੁੱਖ ਦਰਿਆਉਂ ਪਾਰ ਦੇ ਸਿਰਲੇਖ ਅਧੀਨ ਸੰਪਾਦਿਤ ਕਾਵਿ ਸੰਗ੍ਰਹਿ 1974 ਚ ਸੰਪਾਦਿਤ ਕੀਤਾ ਸੀ। ਉਸ ਨਾਲ ਸਾਡੇ ਕੋਲ ਰਾਵੀ ਪਾਰਲੀ ਸ਼ਾਇਰੀ ਦੀ ਸੱਜਰੀ ਹਵਾ ਪਹੁੰਚੀ। ਅੱਜ ਬਾਬਾ ਨਜਮੀ, ਅਫ਼ਜ਼ਲ ਸਾਹਿਰ, ਤਾਹਿਰਾ ਸਰਾ ਤੇ ਬੁਸ਼ਰਾ ਨਾਜ਼ ਵਰਗੇ ਸ਼ਾਇਰ ਸਾਨੂੰ ਘਰ ਦੇ ਜੀਆਂ ਵਰਗੇ ਲੱਗਦੇ ਹਨ।
ਡਾ. ਕਲਿਆਣ ਸਿੰਘ ਕਲਿਆਣ ਨੇ ਆਪਣਾ ਵਿਸ਼ੇਸ਼ ਭਾਸ਼ਣ ਦਿੰਦੇ ਹੋਏ ਕਿਹਾ ਕਿ ਗੁਜਰਾਂਵਾਲਾ ਦੀ ਧਰਤੀ ਤੇ ਜਿੱਥੇ ਇਹ ਕਾਲਜ ਸਥਾਪਿਤ ਹੋਇਆ ਉਥੇ ਅੱਜਕਲ੍ਹ ਸਰਕਾਰੀ ਇਸਲਾਮੀਆਂ ਕਾਲਜ ਚਲ ਰਿਹਾ ਹੈ ਅਤੇ ਉਹਨਾਂ ਨੇ ਉੱਥੇ ਪੰਜ ਸਾਲ ਅਧਿਆਪਨ ਕਾਰਜ ਵੀ ਕੀਤਾ ਹੈ। ਉਹਨਾਂ ਨੇ ਦੱਸਿਆ ਕਿ ਪੰਜਾਬੀ ਦੇ ਮਹਾਨ ਸਾਹਿਤਕਾਰ ਡਾਃ ਸਾਹਿਬ ਸਿੰਘ, ਪ੍ਰਿੰਸੀਪਲ ਤੇਜਾ ਸਿੰਘ ਹਾਵਰਡ ਨਾਲ ਸੰਬੰਧਤ ਤੇ ਹੋਰ ਕਈ ਪੁਰਾਣੀਆਂ ਯਾਦਾਂ ਤੇ ਵਸਤਾਂ ਨੂੰ ਸੰਭਾਲਕੇ ਰੱਖਿਆ ਹੋਇਆ ਹੈ।ਅਵਾਮੀ ਸ਼ਾਇਰ ਬਾਬਾ ਨਜ਼ਮੀ ਨੇ ਆਪਣਾ ਪ੍ਰਧਾਨਗੀ ਭਾਸ਼ਣ ਸਾਂਝਾ ਕਰਦੇ ਹੋਏ ਕਾਲਜ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਵਧਾਈ ਦਿੱਤੀ। ਉਹਨਾਂ ਨੇ ਮਾਂ ਬੋਲੀ ਦੀ ਮਹੱਤਤਾ ਅਤੇ ਸਮਾਜਿਕ ਨਾਬਰਾਬਰੀ ਨਾਲ ਲਬਰੇਜ਼ ਆਪਣੀਆਂ ਨਜ਼ਮਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ।
ਕਵੀ ਦਰਬਾਰ ਵਿਚ ਲਹਿੰਦੇ ਪੰਜਾਬ ਦੇ ਨਾਮਵਰ ਸ਼ਾਇਰ , ਅਫ਼ਜ਼ਲ ਸਾਹਿਰ, ਤਾਹਿਰਾ ਸਰਾ,ਨਦੀਮ ਅਫ਼ਜ਼ਲ, ਇਮਰਾਨ ਹਾਸ਼ਮੀ, ਡਾਃ ਕਲਿਆਣ ਸਿੰਘ ਕਲਿਆਣ, ਸਫ਼ੀਆ ਹਯਾਤ, ਸਾਨੀਆ ਸ਼ੇਖ਼ ਤੇ ਗੁਰਭਜਨ ਗਿੱਲ ਨੇ ਆਪੋ ਆਪਣਾ ਕਲਾਮ ਪੇਸ਼ ਕੀਤਾ। ਕਵੀ ਦਰਬਾਰ ਦਾ ਸੰਚਾਲਨ ਪ੍ਰੋ ਸ਼ਰਨਜੀਤ ਕੌਰ ਨੇ ਬਾਖੂਬੀ ਕੀਤਾ ਇਸ ਸਮਾਗਮ ਵਿੱਚ ਕਾਲਿਜ ਪ੍ਰਿੰਸੀਪਲ ਡਾਃ ਅਰਵਿੰਦਰ ਸਿੰਘ,ਪੰਜਾਬੀ ਵਿਭਾਗ ਦੇ ਮੁਖੀ ਡਾ. ਭੁਪਿੰਦਰ ਸਿੰਘ ਡਾ. ਗੁਰਪ੍ਰੀਤ ਸਿੰਘ ਅਤੇ ਡਾ. ਤਜਿੰਦਰ ਕੌਰ ਤੋਂ ਇਲਾਵਾ ਹੋਰਨਾਂ ਵਿਭਾਗਾਂ ਦੇ ਅਧਿਆਪਕ ਵੀ ਹਾਜ਼ਰ ਸਨ।
ਪਾਕਿਸਤਾਨ ਤੋਂ ਰੋਜ਼ਾਨਾ ਪੰਜਾਬੀ ਅਖ਼ਬਾਰ ਭੁਲੇਖਾ ਦੇ ਸੰਪਾਦਕ ਮੁਦੱਸਰ ਅਹਿਮਦ ਬੱਟ ਸੰਚਾਲਕ ਗੁਰੂ ਨਾਨਕ ਵਿਹੜਾ ਤੇ ਬਾਬਾ ਫ਼ਰੀਦ ਬੁੱਕ ਫਾਉਂਡੇਸ਼ਨ ਲਾਹੌਰ, ਕੈਨੇਡਾ ਤੋਂ ਪ੍ਰੋ ਜਗੀਰ ਸਿੰਘ ਕਾਹਲੋਂ, ਯੂਕੇ ਤੋਂ ਡਾ. ਦਵਿੰਦਰ ਕੌਰ , ਕੁਲਵੰਤ ਕੌਰ ਢਿੱਲੋਂ ਤੇ ਗੁਰਮੇਲ ਕੌਰ ਸੰਘਾ, ਲੁਧਿਆਣਾ ਤੋਂ ਸਰਦਾਾਰਨੀ ਜਸਵਿੰਦਰ ਕੌਰ ਗਿੱਲ,ਪੰਜਾਬੀ ਕਵੀ ਤਰਲੋਚਨ ਲੋਚੀ, ਪੋ੍. ਜਸਵਿੰਦਰ ਕੌਰ ਜਲੰਧਰ ਤੋਂ ਡਾ. ਸੁਰਿੰਦਰ ਕੌਰ ਨਰੂਲਾ ਆਦਿ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ।
116750cookie-checkਬਾਬਾ ਫ਼ਰੀਦ ਤੋਂ ਲੈ ਕੇ ਮੀਆਂ ਮੁਹੰਮਦ ਬਖ਼ਸ਼ ਸਾਹਿਬ ਤੀਕ ਦੀ ਰਾਵੀ ਪਾਰਲੀ ਸਾਹਿੱਤਕ ਵਿਰਾਸਤ ਧਰਤੀ ਦੇ ਦੁਖ ਸੁਖ ਦੀ ਵਾਰਤਾ ਸੁਣਾਉਂਦੀ ਹੈ:ਗੁਰਭਜਨ ਗਿੱਲ
error: Content is protected !!