March 2, 2024

Loading

ਚੜ੍ਹਤ ਪੰਜਾਬ ਦੀ
ਭਗਤਾ ਭਾਈਕਾ, 29ਅਪ੍ਰੈਲ (ਪ੍ਰਦੀਪ ਸ਼ਰਮਾ): ਸਥਾਨਕ ਸ਼ਹਿਰ ਦੇ ਬੱਸ ਸਟੈਂਡ ਅੰਦਰ ਵੀਰਵਾਰ ਦੇਰ ਰਾਤ ਅਚਾਨਕ ਖੜੀਆਂ ਬੱਸਾਂ ਨੂੰ ਅੱਗ ਲੱਗਣ ਕਰਕੇ ਮਾਹੌਲ ਗੰਭੀਰ ਬਣ ਗਿਆ। ਬੱਸਾਂ ਅੰਦਰ ਅੱਗ ਇਹਨੀ ਤੇਜੀ ਨਾਲ ਫੈਲੀ ਕੇ ਦੇਖਦੇ ਹੀ ਦੇਖਦੇ ਬੱਸਾਂ ਚੋਂ ਅੱਗ ਦੀਆਂ ਲਾਟਾਂ ਨਿਕਲਣ ਲੱਗ ਪਈਆਂ। ਓਥੇ ਹੀ ਉਕਤ ਅੱਗ ਲੱਗਣ ਦੀ ਘਟਨਾ ਦਾ ਪਤਾ ਚਲਦਿਆਂ ਹੀ ਸਥਾਨਕ ਲੋਕ ਬੱਸ ਸਟੈਂਡ ਵੱਲ ਦੌੜੇ ਤੇ ਰਾਹਤ ਕਾਰਜਾਂ ਵਿੱਚ ਜੁਟ ਗਏ। ਸਥਾਨਕ ਲੋਕਾਂ ਵੱਲੋਂ ਸਰਕਾਰੀ ਅੱਗ ਬੁਝਾਊ ਅਮਲੇ ਸਮੇਤ ਕੋਠਾਗੁਰੂ ਤੇ ਭਗਤਾ ਪਿੰਡ ਵੱਲੋਂ ਆਪਣੇ ਪੱਧਰ ਤੇ ਬਣਾਏ ਹੋਏ ਅੱਗ ਬੁਝਾਊ ਵਾਹਨਾਂ ਨੂੰ ਸੂਚਿਤ ਕੀਤਾ ਗਿਆ ਜੋ ਕਿ ਮੌਕੇ ਉਪਰ ਪਹੁੰਚ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਵਿੱਚ ਜੁਟ ਗਏ।
ਇਸ ਮੌਕੇ ਬੱਸ ਸਟੈਂਡ ਅੰਦਰ ਖੜੀਆਂ ਹੋਰਨਾਂ ਬੱਸਾਂ ਨੂੰ ਪਾਸੇ ਕੀਤਾ ਗਿਆ ਤਾਂ ਜੋ ਅੱਗ ਓਹਨਾ ਤੱਕ ਨਾ ਪਹੁੰਚ ਸਕੇ ਪਰ ਫਿਰ ਵੀ ਅੱਗ ਨੇ ਤਿੰਨ ਬੱਸਾਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ। ਇਸ ਮੌਕੇ ਮੰਦਭਾਗੀ ਘਟਨਾ ਇਹ ਰਹੀ ਕਿ ਬੱਸ ਵਿੱਚ ਸੁੱਤਾ ਹੋਇਆ ਇਕ ਵਿਅਕਤੀ ਵੀ ਅੱਗ ਦੀ ਲਪੇਟ ਚ ਆ ਗਿਆ ਜਿਸ ਕਾਰਨ     ਉਸਦਾ ਸਰੀਰ ਪੂਰੀ ਤਰਾਂ ਜਲ ਗਿਆ ਹੋਣ ਕਾਰਨ ਉਸਦੀ ਮੌਕੇ ਉਪਰ ਹੀ ਮੌਤ ਹੋ ਚੁੱਕੀ ਸੀ। ਓਥੇ ਹੀ ਘਟਨਾ ਦੀ ਜਾਣਕਾਰੀ ਮਿਲਦਿਆਂ ਸਾਰ ਥਾਣਾ ਦਿਆਲਪੁਰਾ ਮੁਖੀ ਮੈਡਮ ਡਾ. ਦਰਪਣ ਆਹਲੂਵਾਲੀਆ ਵੀ ਵੱਡੀ ਗਿਣਤੀ ਚ ਪੁਲਿਸ ਫੋਰਸ ਸਮੇਤ ਪਹੁੰਚ ਗਏ।
ਇਸ ਮੌਕੇ ਓਹਨਾ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਿਲਹਾਲ ਅੱਗ ਲੱਗਣ ਦੇ ਕਾਰਨਾਂ ਬਾਰੇ ਕੋਈ ਸਪਸ਼ਟ ਨਹੀਂ ਕਿਹਾ ਜਾ ਸਕਦਾ ਜੋ ਕਿ ਹਲੇ ਜਾਂਚ ਦਾ ਵਿਸ਼ਾ ਹੈ। ਉਹਨਾਂ ਕਿਹਾ ਕਿ ਘਟਨਾ ਦੌਰਾਨ ਬੱਸ ਅੰਦਰ ਸੌਂ ਰਹੇ ਇਕ ਵਿਅਕਤੀ ਦੀ ਜ਼ਿੰਦਾ ਜਲਨ ਕਾਰਨ ਮੌਤ ਹੋ ਚੁੱਕੀ ਹੈ ਤੇ ਉਸਦੀ ਲਾਸ਼ ਨੂੰ ਰਾਮਪੁਰਾ ਫੂਲ ਦੇ ਸਰਕਾਰੀ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਹੈ ਤੇ ਮ੍ਰਿਤਕ ਦੀ ਪਹਿਚਾਣ ਗੁਰਦੇਵ ਸ਼ਰਮਾ ਵਜੋਂ ਹੋਈ ਹੈ। ਓਹਨਾ ਆਖਿਆ ਕਿ ਆਸਪਾਸ ਦੇ ਲੋਕਾਂ ਤੇ ਅੱਗ ਬੁਝਾਊ ਅਮਲੇ ਦੀ ਮਦਦ ਨਾਲ ਬੜੀ ਮੁਸ਼ਕਲ ਨਾਲ ਅੱਗ ਉਪਰ ਕਾਬੂ ਪਾਇਆ ਜਾ ਸਕਿਆ।
ਸੂਬਾ ਸਰਕਾਰ ਵੱਲੋਂ ਪੀੜਤਾਂ ਦੀ ਕਰੇਗੀ ਹਰ ਸੰਭਵ ਮਦਦ- ਵਿਧਾਇਕ ਸਿੱਧੂ
ਇਸ ਮੌਕੇ ਉਕਤ ਘਟਨਾ ਬਾਰੇ ਜਾਇਜਾ ਲੈਣ ਆਮ ਆਦਮੀ ਪਾਰਟੀ ਤੋਂ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਵੀ ਪਹੁੰਚੇ ਤੇ ਘਟਨਾ ਉਪਰ ਗਹਿਰਾ ਦੁਖ ਜ਼ਾਹਰ ਕੀਤਾ। ਓਹਨਾ ਆਖਿਆ ਕਿ ਘਟਨਾ ਦੌਰਾਨ ਦੋ ਬੱਸਾਂ ਨਿਊ ਮਾਲਵਾ ਕੰਪਨੀ ਤੇ ਇਕ ਗੋਲਡਨ ਕੰਪਨੀ ਦੀ ਬੱਸ ਅੱਗ ਲੱਗਣ ਕਰਕੇ ਪੂਰੀ ਤਰਾਂ ਨੁਕਸਾਨੀਆਂ ਗਈਆਂ। ਇਸ ਮੌਕੇ ਓਹਨਾ ਵੱਲੋਂ ਪੀੜਤਾਂ ਨੂੰ ਸੂਬਾ ਸਰਕਾਰ ਵੱਲੋਂ ਹਰ ਸੰਭਵ ਆਰਥਿਕ ਮਦਦ ਦੇਣ ਦਾ ਭਰੋਸਾ ਦਿੱਤਾ ਤੇ ਘਟਨਾ ਦੌਰਾਨ ਮਾਰੇ ਗਏ ਵਿਅਕਤੀ ਦੇ ਪਰਿਵਾਰਿਕ ਮੈਂਬਰਾਂ ਨੂੰ ਵੀ ਮੁਆਵਜਾ ਦੇਣ ਦੀ ਗੱਲ ਕਹੀ।
ਓਹਨਾ ਆਖਿਆ ਕਿ ਸੂਬੇ ਦੇ ਟਰਾਂਸਪੋਰਟ ਮੰਤਰੀ ਲਾਲ ਸਿੰਘ ਭੁੱਲਰ ਵੱਲੋਂ ਘਟਨਾ ਦੀ ਜਾਂਚ ਜਲਦ ਤੋਂ ਜਲਦ ਕਰਵਾਉਣ ਦੇ ਆਦੇਸ਼ ਦਿੱਤੇ ਗਏ ਹਨ ਤੇ ਅੱਗ ਲੱਗਣ ਦੇ ਕਾਰਨਾਂ ਨੂੰ ਜਲਦ ਹੀ ਸਾਹਮਣੇ ਲਿਆਂਦਾ ਜਾਵੇਗਾ। ਗੌਰ ਹੋਵੇ ਕੇ ਭਗਤਾ ਭਾਈਕਾ ਦਾ ਬੱਸ ਸਟੈਂਡ ਐਸਜੀਪੀਸੀ ਅਧੀਨ ਹੈ ਤੇ ਇਸਨੂੰ ਲੈਕੇ ਵਿਧਾਇਕ ਬਲਕਾਰ ਸਿੱਧੂ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਅਪੀਲ ਕੀਤੀ ਗਈ ਕਿ ਉਹ ਬੱਸ ਸਟੈਂਡ ਦੇ ਸੁਰੱਖਿਆ ਪ੍ਰਬੰਧਾਂ ਤੇ ਬੱਸ ਸਟੈਂਡ ਅੰਦਰ ਪਾਣੀ ਦੇ ਪ੍ਰਬੰਧਾਂ ਨੂੰ ਗੰਭੀਰਤਾ ਨਾਲ ਲੈਣ। ਓਹਨਾ ਦਾ ਕਹਿਣਾ ਸੀ ਕਿ ਜੇਕਰ ਬੱਸ ਸਟੈਂਡ ਅੰਦਰ ਪਾਣੀ ਵਾਲੀ ਮੋਟਰ ਲੱਗੀ ਹੁੰਦੀ ਤਾਂ ਪਾਣੀ ਦੀਆਂ ਪਾਈਪਾਂ ਰਾਹੀਂ ਅੱਗ ਉਪਰ ਕਾਬੂ ਪਾਕੇ ਵੱਡਾ ਨੁਕਸਾਨ ਹੋਣ ਤੋਂ ਰੋਕਿਆ ਜਾ ਸਕਦਾ ਸੀ। ਇਸ ਮੌਕੇ ਓਹਨਾ ਇਲਾਕਾ ਵਾਸੀਆਂ ਨੂੰ ਭਰੋਸਾ ਦਿਵਾਇਆ  ਕਿ ਇਕ ਸਰਕਾਰੀ ਫਾਇਰ ਬਿਗਰੇਡ ਭਗਤਾ ਭਾਈਕਾ ਸ਼ਹਿਰ ਲਈ ਪੱਕੇ ਤੌਰ ਉਪਰ ਵਿਧਾਇਕ ਕੋਟੇ ਵਿਚੋਂ ਲਿਆ ਕੇ ਦਿੱਤੀ ਜਾਵੇਗੀ ਤਾਂ ਜੋ ਕਿਸੇ ਅਣਸੁਖਾਵੀਂ ਘਟਨਾ ਵਾਪਰਨ ਤੋਂ ਰੋਕਿਆ ਜਾ ਸਕੇ। ਫਿਲਹਾਲ ਪੁਲਿਸ ਪ੍ਰਸ਼ਾਸ਼ਨ ਵੱਲੋਂ ਘਟਨਾ ਨੂੰ ਲੈਕੇ ਵੱਖ ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ।
116720cookie-checkਬੱਸ ਸਟੈਂਡ ਚ ਖੜੀਆਂ ਬੱਸਾਂ ਨੂੰ ਲੱਗੀ ਅੱਗ, ਬੱਸ ਚ ਸੌਂ ਰਿਹਾ ਇਕ ਸ਼ਖਸ਼ ਜ਼ਿੰਦਾ ਜਲਿਆ
error: Content is protected !!