March 2, 2024

Loading

ਚੜ੍ਹਤ ਪੰਜਾਬ ਦੀ
ਲੁਧਿਆਣਾ,26 ਮਾਰਚ,(ਸਤ ਪਾਲ ਸੋਨੀ): ਮੁਗਲ ਹਕੂਮਤ ਦੇ ਸਮਾਂਕਾਲ ਵਿੱਚ ਦੁੱਲਾ ਭੱਟੀ ਦੇ ਪਿਉ ਸਾਂਦਲ ਭੱਟੀ ਅਤੇ ਉਸ ਦੇ ਬਾਪ ਫ਼ਰੀਦ ਭੱਟੀ ਨੂੰ ਹਾਕਮਾਂ ਵੱਲੋਂ ਬਗਾਵਤੀ ਖ਼ੂਨ ਕਾਰਨ ਫਾਹੇ ਲਾਇਆ ਗਿਆ ਪਰ ਅੱਜ ਦੇ ਦਿਨ ਲਾਹੌਰ ਵਿੱਚ ਦੀਨੇ ਇਲਾਹੀ ਦੇ ਸੰਸਥਾਪਕ ਅਕਬਰ ਬਾਦਸ਼ਾਹ ਨੇ ਦੁੱਲਾ ਭੱਟੀ ਨੂੰ  ਫਾਹੇ ਟੰਗਿਆ ਸੀ। ਬਾਰ ਦੇ ਅਣਖ਼ੀਲੇ, ਮਿਹਨਤੀ ਵਾਹੀਕਾਰਾਂ ਦੇ ਹੱਕਾਂ ਲਈ ਡਟਣ ਵਾਲੇ ਇਸ ਸੂਰਮੇ ਨੂੰ ਚੇਤੇ ਕਰਨ ਲਈ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ  ਅਮਰੀਕਾ ਦੇ ਮੈਰੀਲੈਂਡ ਸੂਬੇ ਚ ਵੱਸਦੇ ਪੰਜਾਬੀ ਲੇਖਕ ਤੇ ਖੋਜੀ ਵਿਦਵਾਨ ਧਰਮ ਸਿੰਘ ਗੋਰਾਇਆ ਵੱਲੋਂ ਲਿਖੀ ਪੁਸਤਕ ਅਣਖ਼ੀਲਾ ਧਰਤੀ ਪੁੱਤਰਃ ਦੁੱਲਾ ਭੱਟੀ ਪ੍ਰਕਾਸ਼ਿਤ ਕੀਤੀ ਜਾ ਰਹੀ ਹੈ। ਲਗਪਗ 250 ਪੰਨਿਆਂ ਦੀ ਇਸ ਕਿਤਾਬ ਨੂੰ ਪਾਕਿਸਤਾਨ ਵਿੱਚ ਵੀ ਅੱਜ ਲਾਹੌਰ ਵਿੱਚ ਦੁੱਲਾ ਭੱਟੀ ਦੀ ਕਬਰ ਤੇ ਇਲਿਆਸ ਘੁੰਮਣ ਤੇ ਸਾਥੀਆਂ ਵੱਲੋਂ ਲੋਕ ਹਵਾਲੇ ਕੀਤਾ ਗਿਆ ਹੈ। ਇਸ ਦਾ ਲਿਪੀ ਅੰਤਰ ਮੁਹੰਮਦ ਆਸਿਫ਼ ਰਜ਼ਾ ਨੇ ਕੀਤਾ ਹੈ।
ਇਸ ਪੁਸਤਕ ਬਾਰੇ ਬੋਲਦਿਆਂ ਇਲਿਆਸ ਘੁੰਮਣ ਨੇ ਕਿਹਾ ਕਿ ਦੁੱਲਾ  ਭੱਟੀ ਪੰਜਾਬੀਆਂ ਦੀ ਅਣਖ਼ ਦਾ ਰੂਪ ਸਰੂਪ ਏ। ਉਹ ਸਾਨੂੰ ਸਾਡੇ ਅਸਲੇ ਦੀ ਦੱਸ ਪਾਉਂਦਾ ਏ। ਉਹ ਸਾਡੀ ਪਛਾਣ ਕਰਾਉਂਦਾ ਏ। ਉਹ ਸਿੰਙਾਣ ਜਿਹਨੂੰ ਅਸੀਂ ਭੁਲਾ ਬੈਠੇ ਸਾਂ। ਉਹ ਪੰਜਾਬੀਆਂ ਨੂੰ ਹਲੂਣੇ ਮਾਰ ਮਾਰ ਜਗਾਉਂਦਾ ਰਹਿੰਦਾ ਏ। ਜਦ ਕੋਈ ਗਾਇਕ ਦੁੱਲੇ ਭੱਟੀ ਦੀ ਵਾਰ ਗਾ ਰਿਹਾ ਹੁੰਦਾ ਏ , ਕੋਈ ਸਿਆਣਾ  ਉਹਦੀ ਬੀਰ ਗਾਥਾ ਸੁਣਾ ਰਿਹਾ ਹੁੰਦਾ ਏ ਤੇ ਪੰਜਾਬੀ ਸੂਰਮਾ ਸਗਵਾਂ ਉਸ ਸੰਗਤ ਵਿਚ ਹਾਜ਼ਰ ਹੋ ਜਾਂਦਾ ਏ। ਉਹਦੀ ਹੋਂਦ ਪੰਜਾਬੀਆਂ ਵਿਚ ਜੋਸ਼ ਜਜ਼ਬੇ ਭਰ ਦਿੰਦੀ ਏ।ਵੇਲੇ ਦੀਆਂ ਔਕੜਾਂ ਵਿਚ ਫਾਥਿਆਂ  ਨੂੰ ਹਰ ਔਕੜ ਨਾਲ਼ ਨਜਿੱਠਣ ਦੀ ਰਾਹ ਲੱਭ ਜਾਂਦੀ ਏ। ਉਹ ਦੁੱਲੇ ਦੀਆਂ ਵਾਰਾਂ ਤੇ ਕਥਾਵਾਂ ਵਿਚੋਂ ਆਪਣੀ ਗਵਾਚੀ ਹੋਂਦ ਨੂੰ ਲੱਭਣ ਜੋਗੇ ਹੋ ਨਿੱਬੜਦੇ ਨੇ। ਉਨ੍ਹਾਂ ਨੂੰ ਫ਼ਿਰ ਆਪਣੇ ਸਰੀਰ ਦੇ ਡੱਕਰੇ ਹੋਏ ਅੰਗ ਭਾਲਣੇ ਨਹੀਂ ਪੈਂਦੇ। ਦੁੱਲਾ ਭੱਟੀ ਸਭਨਾਂ ਪੰਜਾਬੀਆਂ ਨੂੰ ਇਸ ਸਾਂਝੇ ਵਜੂਦ ਨਾਲ਼ ਜੋੜ ਦਿੰਦਾ ਏ ਜਿਹਨੂੰ ਆਪਾਂ ਹੱਥੀਂ ਵੱਢ ਟੁੱਕ ਦਿੱਤਾ ਸੀ। ਨਿਰਾ ਧੜ ਈ ਨਹੀਂ ਉਹ ਫੀਤੀ ਫੀਤੀ ਹੋਈਆਂ ਸੋਚਾਂ ਨੂੰ ਵੀ ਇਕ ਲੜੀ ਵਿਚ ਪਰੋਂਦਾ ਏ। ਉਹਦੇ ਸੋਹਿਲੇ ਗਾਉਣ ਵਾਲਾ ਜਾਂ ਕਥਾ ਕਰਨ ਵਾਲਾ ਪੰਜਾਬੀਆਂ ਦਾ ਸਾਂਝਾ ਕਲਾਕਾਰ ਤੇ ਕਥਾਕਾਰ ਦਾ ਰੂਪ ਧਾਰਨ ਕਰਦਾ ਏ।
ਇਸ ਵਾਰ ਇਹ ਕਥਾ ਸੁਣਾ ਰਿਹਾ ਏ ਧਰਮ ਸਿੰਘ ਗੋਰਾਇਆ। ਖ਼ੇਰੂੰ  ਖ਼ੇਰੂੰ  ਪੰਜਾਬੀਆਂ ਨੂੰ ਮੁੜ ਜੋੜਨ ਵਾਲੇ ਨੇ ਲਿਖੀ ਤੇ ਦੁੱਲੇ ਭੱਟੀ ਦੀ ਜੀਵਨੀ ਏ ਪਰ ਜਾਪਦਾ ਏ ਉਹਨੇ ਪੂਰੇ ਪੰਜਾਬ ਦੀ ਅਮਰ ਗਾਥਾ ਲਿਖ ਦਿੱਤੀ ਏ। ਏਨੇ ਵੇਰਵੇ ਨਾਲ਼ ਪਹਿਲਾਂ ਕਦੇ ਕਿਸੇ ਵੀ ਲੇਖਕ ਨੇ ਸਾਨੂੰ ਸਾਡੀ ਇਹ ਸਾਂਝੀ ਦਾਸਤਾਨ ਨਹੀਂ ਸੁਣਾਈ। ਵਿਸਥਾਰ ਸਹਿਤ  ਸਾਡੇ ਸਨਮੁਖ ਸਾਡਾ ਅਪਣਾ ਇਹ ਸਰੂਪ ਪੇਸ਼ ਕਰਨ ਤੇ ਲਿਖਣ ਵਾਲੇ ਦੀ ਘਾਲਣਾ ਨੂੰ ਅਸੀਂ ਸਲਾਹੇ ਬਿਨਾ ਨਹੀਂ ਰਹਿ ਸਕਦੇ।
ਇਸ ਪੁਸਤਕ ਬਾਰੇ ਔਕਸਫੋਡ ਯੂਨੀਵਰਸਿਟੀ ਯੂ ਕੇ ਦੇ ਪ੍ਰੋਫੈਸਰ ਪ੍ਰੀਤਮ ਸਿੰਘ ਨੇ ਕਿਹਾ ਹੈ ਕਿ ਧਰਮ ਸਿੰਘ ਗੋਰਾਇਆ ਨੇ ਆਪਣੀ ਊਰਜਾ ਤੇ ਸ਼ਕਤੀ ਸੋਮੇ ਉਨ੍ਹਾਂ ਸੂਰਮੇ ਬਹਾਦਰਾਂ  ਤੇ ਧਰਤੀ ਪੁੱਤਰਾਂ ਦੀ ਖੋਜ ਭਾਲ ਤੇ ਉਨ੍ਹਾਂ ਦੀ ਵਾਰਤਾ ਪੰਜਾਬੀਆਂ ਨੂੰ ਪੜ੍ਹਨ ਸੁਣਾਉਣ ਦਾ ਅਹਿਦਨਾਮਾ ਕੀਤਾ ਹੋਇਆ ਏ। ਇਹ ਬੀਤੇ ਸਮਿਆਂ ਦੇ ਵਿਸ਼ਵ ਦੇ ਚੋਣਵੇ ਅਮਰ ਨਾਇਕ ਨੇ ਜੋ ਸਾਨੂੰ ਸੰਘਰਸ਼ ਦੀ ਪ੍ਰੇਰਨਾ ਦਿੰਦੇ ਨੇ।
ਜ਼ੁਲਮ ਦੇ ਖ਼ਿਲਾਫ਼ ਲੜਨ ਵਾਲੇ ਸੂਰਮੇ ਉਸ ਦਾ ਮਨ ਪਸੰਦ ਵਿਸ਼ਾ ਹਨ। ਕਿਸਾਨੀ ਵਿੱਚੋਂ ਉੱਭਰੇ ਬਾਗੀ ਉਸ ਨੂੰ ਵੱਧ ਪ੍ਰਭਾਵਤ ਕਰਦੇ ਹਨ।ਦੁੱਲਾ ਭੱਟੀ ਬਾਰੇ ਇਹ ਕਿਤਾਬ ਲਿਖ ਕੇ ਧਰਮ ਸਿੰਘ ਗੋਰਾਇਆ ਨੇ ਸਾਨੂੰ ਰਾਜਾ ਸ਼ਾਹੀ ਤੇ ਸਾਮੰਤ ਸ਼ਾਹੀ ਦੇ ਗੱਠ ਜੋੜ ਖ਼ਿਲਾਫ਼ ਨਾਬਰ ਝੰਡਾ ਬਰਦਾਰ ਨਾਲ ਮਿਲਵਾਇਆ ਹੈ।ਮੈਂ ਉਸ ਦੇ ਇਸ ਉੱਦਮ ਦੀ ਪ੍ਰਸ਼ੰਸਾ ਕਰਦਾ ਹਾਂ ਕਿਉਂਕਿ ਸਮਾਜ ਵਿੱਚੋਂ ਸਮਾਜਿਕ ਸਰੋਕਾਰਾਂ ਵਾਲੇ ਨਾਇਕਾਂ ਨੇ ਹੀ ਸਾਡੇ ਲਈ ਪ੍ਰੇਰਨਾ ਸਰੋਤ ਬਣਨਾ ਹੁੰਦਾ ਹੈ। ਅੱਜ ਦੇ ਜਾਬਰ ਹਾਕਮਾਂ ਲਈ ਵੀ ਦੁੱਲੇ ਦੀ ਵੰਗਾਰ ਸਾਡੇ ਅੰਦਰ ਜ਼ੁੰਬਸ਼ ਪੈਦਾ ਕਰਦੀ ਹੈ। ਇਹ ਕਿਤਾਬ ਪੜ੍ਹਨ ਵਾਲਾ ਹਰ ਪਾਠਕ ਲਾਜ਼ਮੀ ਦੁੱਲਾ ਭੱਟੀ ਵਿੱਚੋਂ ਆਪਣੇ ਨਕਸ਼ ਪਛਾਣੇਗਾ।ਭਾਰਤ ਦੀ ਕੇਂਦਰ ਸਰਕਾਰ ਨਾਲ ਕਿਸਾਨ ਤੇ ਕਿਰਤੀ ਕਾਮਿਆਂ ਵੱਲੋਂ ਲੜਿਆ ਸਵਾ ਸਾਲ ਲੰਮਾ ਸੰਘਰਸ਼ ਸਾਨੂੰ ਦੁੱਲੇ ਦੀ ਲਕੀਰ ਗੂੜ੍ਹੀ ਕਰਨ ਦੀ ਪ੍ਰੇਰਨਾ ਦਿੰਦਾ ਹੈ।
ਪੁਸਤਕ ਦੇ ਲੇਖਕ ਧਰਮ ਸਿੰਘ ਗੋਰਾਇਆ ਨੇ ਦੱਸਿਆ ਹੈ ਕਿ ਇਸ ਪੁਸਤਕ ਦੀ ਸਿਰਜਣਾ ਵਿੱਚ ਪਿੰਡੀ ਭੱਟੀਆਂ ਦੇ ਲੋਕਾਂ ਤੇ ਅੰਮ੍ਰਿਤਸਰ ਵੱਸਦੇ ਖੋਜੀ ਪੱਤਰਕਾਰ ਸੁਰਿੰਦਰ ਕੋਛੜ ਦੀ ਪ੍ਰੇਰਨਾ ਤੇ ਅਗਵਾਈ ਮੁੱਲਵਾਨ ਹੈ।ਮੁੱਲਵਾਨ ਕਿਤਾਬ ਦੀ ਆਮਦ  ਪੰਜਾਬ ਦੀ ਜਵਾਨੀ ਨੂੰ  ਜਬਰ ਦੇ ਸ਼ਿਲਾਫ਼ ਸੰਘਰਸ਼ ਦੀ ਤਾਕਤ ਦੇਵੇਗੀ। ਇਹੀ ਕਿਸੇ ਕਿਰਤ ਦੀ ਸਾਰਥਿਕਤਾ ਹੁੰਦੀ ਹੈ।
ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਲਿਖਿਆ ਹੈ। ਉਨ੍ਹਾਂ ਦੱਸਿਆ ਕਿ
ਗੁਰਮੁਖੀ ਅੱਖਰਾਂ ਵਿੱਚ ਇਹ ਪੁਸਤਕ 5 ਅਪ੍ਰੈਲ ਤੀਕ ਸਭ ਪੁਸਤਕ  ਵਿਕਰੇਤਾਵਾਂ ਕੋਲ ਪੁੱਜ ਜਾਵੇਗੀ। ਇਸ ਦਾ ਵਿਤਰਣ ਸਿੰਘ ਬਰਦਰਜ਼ ਅੰਮ੍ਰਿਤਸਰ ਵੱਲੋਂ ਕੀਤਾ ਜਾ ਰਿਹਾ ਹੈ।ਪ੍ਰੋਃ ਗਿੱਲ ਨੇ ਕਿਹਾ ਕਿ ਦੁੱਲਾ ਭੱਟੀ ਦਾ ਆਦਮ ਕੱਦ ਬੁੱਤ ਵੀ ਮਨਜੀਤ ਸਿੰਘ ਗਿੱਲ ਘੱਲ ਕਲਾਂ (ਮੋਗਾ) ਵੱਲੋਂ ਤਿਆਰ ਕਰਵਾਇਆ ਜਾ ਰਿਹਾ ਹੈ ਜਿਸ ਨੂੰ ਪੰਜਾਬ ਸਰਕਾਰ ਦੀ ਮਦਦ ਨਾਲ ਅੰਮ੍ਰਿਤਸਰ ਲਾਹੌਰ ਮਾਰਗ ਤੇ ਕਿਸੇ ਯੋਗ ਸਥਾਨ ਤੇ ਸਥਾਪਿਤ ਕੀਤਾ ਜਾਵੇਗਾ। ਇਸ ਸਬੰਧੀ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਅੰਮ੍ਰਿਤਸਰ ਦੀਆਂ ਸਭਿਆਚਾਰਕ ਸੰਸਥਾਵਾਂ ਦਾ ਸਹਿਯੋਗ ਲਿਆ ਜਾ ਰਿਹਾ ਹੈ।
111720cookie-checkਸਾਂਝੇ ਪੰਜਾਬ ਦੀ ਅਣਖ਼ੀਲੀ ਵਿਰਾਸਤ ਦਾ ਪੇਸ਼ਕਾਰ ਦੁੱਲਾ ਭੱਟੀ ਅੱਜ ਵੀ ਓਨਾ ਹੀ  ਸਾਰਥਕ ਹੈ-  ਗੁਰਭਜਨ ਗਿੱਲ
error: Content is protected !!