April 26, 2024

Loading

ਚੜ੍ਹਤ ਪੰਜਾਬ ਦੀ
ਲੁਧਿਆਣਾ 13 ਮਾਰਚ (ਸਤ ਪਾਲ ਸੋਨੀ) :  ਪੰਜਾਬੀ ਸਾਹਿਤ ਦੀ ਪਹਿਲੀ ਮਹਿਲਾ ਮਹਾਂ ਕਾਵਿ ਰਚੇਤਾ, ਪੰਜਾਬੀ ਭਾਸ਼ਾ ਦੀ ਪਹਿਲੀ ਮਹਿਲਾ ਪੱਤਰਕਾਰ ਅਤੇ ਲੁਧਿਆਣਾ ਮਿਉਂਸੀਪਲ ਕਮੇਟੀ ਦੀ ਪਹਿਲੀ ਮਹਿਲਾ ਮੈਂਬਰ ਮਹਾਨ ਕਵਿੱਤਰੀ ਬੀਬੀ ਨਿਰੰਜਨ ਅਵਤਾਰ ਕੌਰ ਦੀ ਬਰਸੀ ਤੇ ਉਨ੍ਹਾਂ ਵਲੋਂ ਰਚਿਤ ਨਿਰੋਲ ਧਾਰਮਿਕ ਕਵਿਤਾਵਾਂ, ਗ਼ਜ਼ਲਾਂ ਅਤੇ ਗੀਤਾਂ ਦੀ ਨਵੀਂ ਪੁਸਤਕ “ਪੰਥਕ ਕਾਵਿ ਫੁਲਕਾਰੀ” ਦਾ ਲੋਕ ਅਰਪਣ ਅੱਜ ਸਥਾਨਕ ਗੁਰੂ ਨਾਨਕ ਦੇਵ ਭਵਨ ਦੇ  ਮਿੰਨੀ ਆਡੀਟੋਰੀਅਮ ਵਿਖੇ ਤੂਫਾਨ ਸਾਹਿਬ ਮੈਮੋਰੀਅਲ ਐਜੂਕੇਸ਼ਨ ਸੁਸਾਇਟੀ (ਰਜਿ.) ਵਲੋਂ ਕਰਵਾਏ ਗਏ ਪ੍ਰਭਾਵਸ਼ਾਲੀ ਸਮਾਗਮ ਵਿਚ  ਸੀ.ਬੀ.ਆਈ. ਕੋਰਟ ਚੰਡੀਗੜ੍ਹ ਦੇ ਸਪੈਸ਼ਲ ਜੱਜ ਮਾਣਯੋਗ ਸ੍ਰ ਇੰਦਰਜੀਤ ਸਿੰਘ ਦੀ ਪ੍ਰਧਾਨਗੀ ਹੇਠ ਪੰਜਾਬੀ ਸਾਹਿਤ ਅਕਾਡਮੀ ਦੇ ਸਾਬਕਾ ਪ੍ਰਧਾਨ  ਗੁਰਭਜਨ ਗਿੱਲ, ਸਿਰਜਣਧਾਰਾ ਸੰਸਥਾ ਦੇ ਪ੍ਰਧਾਨ ਡਾ. ਕਰਮਜੀਤ ਸਿੰਘ ਔਜਲਾ, ਪ੍ਰੀਤ ਸਾਹਿਤ ਸਦਨ ਦੇ ਪ੍ਰਧਾਨ ਡਾ. ਮਨੋਜ ਪ੍ਰੀਤ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਵਧੀਕ ਮੁੱਖ ਸਕੱਤਰ ਡਾ. ਹਰੀ ਸਿੰਘ ਜਾਚਕ, ਗੁਰੂ ਨਾਨਕ ਗਰੁੱਪ ਆਫ ਕਾਲਜਿਜ਼ ਦੇ ਚੇਅਰਮੈਨ ਡਾ. ਬਲਵਿੰਦਰ ਸਿੰਘ ਵਾਲੀਆ, ਗਜਲ-ਗੋ ਜੈ ਕਿਸ਼ਨ ਸਿੰਘ ਵੀਰ, ਐੱਮ. ਐੱਮ. ਮੈਡੀਕਲ ਕਾਲਜ ਤੇ ਹਸਪਤਾਲ ਦੇ ਸਹਾਇਕ ਪ੍ਰੋਫੈਸਰ ਡਾ. ਮਨਵੀਰ ਸਿੰਘ, ਇੰਜ. ਰਵੀ ਰੂਪ ਸਿੰਘ, ਪੰਜਾਬੀ ਸਾਹਿਤ ਅਕਾਡਮੀ ਦੇ ਸਾਬਕਾ ਪ੍ਰਧਾਨ ਰਵਿੰਦਰ ਭੱਠਲ ਅਤੇ ਸੁਸਾਇਟੀ ਦੇ ਪ੍ਰਧਾਨ ਪ੍ਰਭ ਕਿਰਨ ਸਿੰਘ, ਉਪ ਪ੍ਰਧਾਨ ਸਰਬਜੀਤ ਸਿੰਘ ਕੁੰਗੂ, ਜ. ਸਕੱਤਰ ਪਵਨ ਪ੍ਰੀਤ ਸਿੰਘ ਤੂਫਾਨ ਵਲੋਂ ਸਮੂਹਕ ਤੌਰ ਤੇ ਕੀਤਾ ਗਿਆ।

ਖਚਾਖਚ ਭਰੇ ਇਸ ਆਡੀਟੋਰੀਅਮ ਵਿਖੇ ਸਵਰਗੀ  ਸ਼ਾਇਰਾ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਪਹੁੰਚੇ ਪੰਜਾਬੀ ਸਰੋਤਿਆਂ ਨੂੰ ਸੰਬੋਧਨ ਕਰਦਿਆਂ ਪ੍ਰਧਾਨਗੀ ਮੰਡਲ ਦੇ ਬੁਲਾਰਿਆਂ ਨੇ ਕਿਹਾ ਕਿ ਬੀਬੀ ਨਿਰੰਜਨ ਅਵਤਾਰ ਅਤੇ ਇਨ੍ਹਾਂ ਦੇ ਸਵਰਗੀ ਪਤੀ ਅਵਤਾਰ ਸਿੰਘ ਤੂਫਾਨ ਨੇ ਆਪਣੀ ਕਲਮ ਰਾਹੀਂ ਬੜਾ ਲੰਮਾ ਸਮਾਂ ਕਈ ਦਹਾਕੇ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਹੈ ਤੇ ਦੇਸ਼ ਦੇ ਹਰ ਕੋਨੇ ਵਿਚ ਹੀ ਨਹੀਂ ਸਗੋਂ ਵਿਦੇਸ਼ਾਂ ਵਿਚ ਜਾ ਕੇ ਆਪਣੀਆਂ ਰਚਨਾਵਾਂ ਦੀ ਮਹਿਕ ਖਿਲਾਰੀ ਹੈ । ਉਨ੍ਹਾਂ ਕਿਹਾ ਕਿ ਇਸ ਸਾਹਿਤਕ ਜੋੜੀ ਨੇ ਧਾਰਮਿਕ ਹੀ ਨਹੀਂ ਸਗੋਂ ਗੈਰ ਧਾਰਮਿਕ ਸਾਹਿਤ ਦੀ ਰਚਨਾ ਕਰਦਿਆਂ ਕਈ ਪੰਜਾਬੀ ਪੁਸਤਕਾਂ ਵੀ ਮਾਂ ਬੋਲੀ ਦੀ ਝੋਲੀ ਪਾਈਆਂ ਹਨ । ਇਨ੍ਹਾਂ ਦੀਆਂ ਸਭ ਤੋਂ ਪਹਿਲੀਆਂ ਸਾਹਿਤਕ ਤੇ ਧਾਰਮਿਕ ਚਾਰ ਪੁਸਤਕਾਂ 1955 ਵਿਚ ਪ੍ਰਕਾਸ਼ਿਤ ਹੋਈਆਂ ਸਨ ਜਦਕਿ “ਪੰਥਕ ਕਾਵਿ ਫੁਲਕਾਰੀ” ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਵਿਚਲੀਆਂ ਸਮੁੱਚੀਆਂ ਕਵਿਤਾਵਾਂ ਹੀ ਸਿੱਖ ਕੌਮ ਲਈ ਅਜ਼ੀਮ ਤੌਹਫਾ ਹਨ ।
ਇਹ ਦੇਸ਼ ਅਤੇ ਕੌਮ ਨੂੰ ਆਪਣੇ ਵੱਡਮੁਲੇ ਵਿਰਸੇ ਨੂੰ ਸੰਭਾਲਣ ਦਾ ਸੰਦੇਸ਼ ਦਿੰਦੀਆਂ ਹਨ । ਉਨ੍ਹਾਂ ਕਿਹਾ ਕਿ ਜਦ 1971 ਵਿਚ ਨਗਰ ਨਿਗਮ ਲੁਧਿਆਣਾ ਦੀ ਥਾਂ  ਮਿਉਂਸਪਲ ਕਮੇਟੀ ਕਾਰਜਸ਼ੀਲ ਹੁੰਦੀ ਸੀ ਤਾਂ ਉਸ ਵਕਤ ਬੀਬੀ ਨਿਰੰਜਨ ਅਵਤਾਰ ਕੌਰ ਇਸ ਦੀ ਪਹਿਲੀ ਮਹਿਲਾ ਮੈਂਬਰ ਨਿਯੁਕਤ ਹੋਏ । ਇਹ ਇਸ ਮਹਾਨ ਸ਼ਾਇਰਾ ਦੀ ਕਲਮ ਦਾ ਕਮਾਲ ਹੀ ਸੀ ਕਿ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਜੋ ਆਪਸ ਵਿੱਚ ਪਰਸਪਰ ਵਿਰੋਧੀ ਸਨ ਬਾਵਜੂਦ ਇਸ ਦੇ ਇਨ੍ਹਾਂ ਦੋਵਾਂ ਪਾਰਟੀਆਂ ਦੇ ਮੈਂਬਰਾਂ ਨੇ ਇਨ੍ਹਾਂ ਦੀ ਖੁਲ੍ਹ ਕੇ ਐਲਾਨੀਆ ਹਮਾਇਤ ਕੀਤੀ ਜਿਸ ਨਾਲ ਬੀਬੀ ਜੀ ਦੀ ਨਿਯੁਕਤੀ ਇਕ ਇਤਿਹਾਸ ਬਣ ਗਈ । ਉਨ੍ਹਾਂ ਕਿਹਾ ਕਿ ਕਿਸ ਤਰ੍ਹਾਂ ਇਸ ਮਹਾਨ ਤੇ ਸਮਾਜ ਸੇਵੀ ਮਹਿਲਾ ਨੇ 1961 ਵਿਚ “ਤ੍ਰਿੰਞਣ” ਨਾਂ ਦੇ ਪੰਜਾਬੀ ਮਾਸਿਕ ਪੱਤਰ ਦੀ ਪ੍ਰਕਾਸ਼ਨਾ ਕਰਕੇ ਪਹਿਲ ਕੀਤੀ ਤੇ 1978 ਵਿਚ “ਮਾਤ ਗੰਗਾ ਤੋਂ ਮਾਤ ਗੁਜਰੀ” ਨਾਂ ਦਾ ਮਹਾਂ ਕਾਵਿ ਰੱਚ ਕੇ ਮਹਿਲਾ ਪੰਜਾਬੀ ਕਵਿਤਰੀਆਂ ਦੇ ਖੇਤਰ ਵਿਚ ਪਹਿਲਾ ਮੁਕਾਮ ਕਰ ਲਿਆ ਤੇ ਆਉਣ ਵਾਲੀਆਂ ਮਹਿਲਾ ਲਿਖਾਰੀਆਂ ਲਈ ਪ੍ਰੇਰਨਾ ਸ੍ਰੋਤ ਬਣ ਗਈ ਹੈ ।
ਮੰਚ ਸੰਚਾਲਕ ਪੰਜਾਬੀ ਗੀਤਕਾਰ ਸਭਾ ਦੇ ਪ੍ਰਧਾਨ ਸਰਬਜੀਤ ਸਿੰਘ ਵਿਰਦੀ ਨੇ ਬੀਬੀ ਨਿਰੰਜਨ ਅਵਤਾਰ ਕੌਰ ਦੇ ਜੀਵਨ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਵੇਂ ਉਨ੍ਹਾਂ ਦੇ ਜੀਵਨ ਵਿਚ ਉਤਰਾਅ ਚੜ੍ਹਾਅ ਆਏ ਪਰ ਇਨ੍ਹਾਂ ਨੇ ਹਾਰ ਨਹੀਂ ਮੰਨੀ । ਨੈਸ਼ਨਲ ਅਵਾਰਡੀ ਅਧਿਆਪਕਾ ਡਾ. ਗੁਰਚਰਨ ਕੌਰ ਕੋਚਰ, ਡਾ. ਕੁਲਵਿੰਦਰ ਕੌਰ ਮਿਨਹਾਸ ਅਤੇ ਸੇਵਾ ਮੁਕਤ ਪ੍ਰੋਫੈਸਰ ਬਲਵਿੰਦਰ ਕੌਰ ਨੇ ਪੁਸਤਕ ਬਾਰੇ ਵੱਖ ਵੱਖ ਪੇਪਰ ਪੜ੍ਹਦਿਆਂ ਦਸਿਆ ਕਿ ਇਸ ਮਹਾਨ ਕਵਿੱਤਰੀ ਦੇ ਗੀਤਾਂ ਤੇ ਗ਼ਜ਼ਲਾਂ ਵਿਚ ਅਜਿਹੀ ਸੁਰਮਈ ਝਰਨਿਆਂ ਦੀ ਲੈਅ-ਬੱਧ ਰਵਾਨਗੀ ਹੈ ਕਿ ਇਕ ਵਾਰ ਪੜ੍ਹਨ ਤੇ ਹੀ ਇਹ ਮਲੋਮੱਲੀ ਯਾਦ ਹੋ ਜਾਂਦੇ ਹਨ । ਉਨ੍ਹਾਂ ਕਿਹਾ ਕਿ ਇਸ ਵਿੱਚ ਸ਼ਾਮਲ “ਗੁਰੂ ਜੀ ਤੇਰੀ ਬਾਣੀ ਨੇ” ਨਾਂ ਦਾ ਅਜਿਹਾ ਗੀਤ ਜਿਸ ਵਿਚ ਨਿੱਤਨੇਮ ਨਾਲ ਪੜ੍ਹੀਆਂ ਜਾਣ ਵਾਲੀਆਂ ਬਾਣੀਆਂ ਦਾ ਇਕ ਇਕ ਲਾਈਨ ਵਿਚ ਅਰਥ ਦਸ ਕੇ ਬਾਕਮਾਲ ਕਾਵਿਕ ਤਰਤੀਬ ਦਿੱਤੀ ਗਈ ਹੈ । ਇਸ ਵਿਚਲੀਆਂ ਕਵਿਤਾਵਾਂ ਕਿਤੇ ਪੰਥ ਨੂੰ ਹਲੂਣਾ ਦਿੰਦੀਆਂ ਹਨ ਤੇ ਸਿਖ ਕੌਮ ਨੂੰ ਭਵਿੱਖ ਲਈ ਖ਼ਬਰਦਾਰ ਕਰਦੀਆਂ । ਸਿੱਖ ਕੌਮ ਨੂੰ ਸਮਰਪਿਤ ਇਸ ਪੰਥਕ ਕਾਵਿ ਫੁਲਕਾਰੀ ਦੀਆਂ ਕਵਿਤਾਵਾਂ ਵਿਚ ਜਿਸ ਤਰ੍ਹਾਂ ਕਵਿੱਤਰੀ ਵਲੋਂ ਕਰੁਣਾ ਰਸ, ਹਾਸ ਰਸ ਅਤੇ ਬੀਰ ਰਸ ਦੀ ਵਰਤੋਂ ਬੜੇ ਸੁਚੱਜੇ ਢੰਗ ਨਾਲ ਕੀਤੀ ਗਈ ਹੈ ਇਸ ਤੋਂ ਪਤਾ ਲਗਦਾ ਹੈ ਕਿ ਕਵਿੱਤਰੀ ਨੂੰ ਜਿਥੇ ਸਿੱਖ ਇਤਿਹਾਸ ਦੀ ਡੂੰਘੀ ਜਾਣਕਾਰੀ ਹੈ ਉਥੇ ਉਸ ਨੂੰ ਪਿੰਗਲ ਅਤੇ ਅਰੂਜ਼ ਦਾ ਵੀ ਪੂਰਾ ਗਿਆਨ ਹੈ ਇਹ ਸਚਮੁੱਚ ਉਸੇ ਤਰ੍ਹਾਂ ਲਗਦੀ ਹੈ ਜਿਸ ਤਰ੍ਹਾਂ ਕਿਸੇ ਪੰਜਾਬੀ ਮੁਟਿਆਰ ਵਲੋਂ ਰੰਗ ਬਿਰੰਗੇ ਧਾਗਿਆਂ ਨਾਲ ਸ਼ਿੰਗਾਰ ਕੇ ਕੋਈ ਖੂਬਸੂਰਤ ਫੁਲਕਾਰੀ ਤਿਆਰ ਕੀਤੀ ਗਈ ਹੋਵੇ ।
ਗੁਰਮੁਖੀ ਲਿੱਪੀ ਦਾ ਆਧੁਨਿਕੀਕਰਨ ਕਰਨ ਵਾਲੇ ਸਾਹਿਤਕਾਰ ਜਨਮੇਜਾ ਸਿੰਘ ਜੌਹਲ, ਪੰਜਾਬੀ ਵਿਕਾਸ ਮੰਚ ਦੇ ਪ੍ਰਧਾਨ ਜਤਿੰਦਰ ਪਾਲ ਸਿੰਘ ਸਲੂਜਾ, ਹਰਦੇਵ ਸਿੰਘ ਕਲਸੀ, ਗ਼ਜ਼ਲ-ਗੋ ਹਰਦੀਪ ਬਿਰਦੀ, ਦਵਿੰਦਰ ਸੇਖਾ, ਗੁਰਮੁਖ ਸਿੰਘ ਚਾਨਾ, ਸੁਰਜੀਤ ਸਿੰਘ ਭਿੱਖੀ, ਸ਼ਹੀਦ ਸੁਖਦੇਵ ਥਾਪਰ ਮੈਮੋਰੀਅਲ ਟਰੱਸਟ ਦੇ ਪ੍ਰਧਾਨ ਅਸ਼ੋਕ ਥਾਪਰ ਅਤੇ ਰਘਬੀਰ ਸਿੰਘ ਸੰਧੂ ਨੇ ਆਪਣੇ ਸੰਬੋਧਨ ਰਾਹੀਂ ਸਲਾਹ ਦਿੱਤੀ ਕਿ ਇਹ ਪੁਸਤਕ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਇਨਾਮ ਰੂਪ ਵਿਚ ਵੰਡੀ ਜਾਣੀ ਚਾਹੀਦੀ ਹੈ ਤਾਂ ਜੋ ਬੱਚੇ ਸਿੱਖ ਵਿਰਸੇ ਬਾਰੇ ਜਾਗਰੂਕ ਹੋਣ । ਸਮੁੱਚੇ ਬੁਲਾਰਿਆਂ ਵਲੋਂ ਤੂਫਾਨ ਪਰਿਵਾਰ ਵਲੋਂ ਕੀਤੇ ਪ੍ਰਬੰਧਾਂ ਅਤੇ ਆਪਣੇ ਮਾਪਿਆਂ ਦੇ ਸਾਹਿਤਕ ਸਰਮਾਏ ਨੂੰ ਪੁਸਤਕ-ਬੱਧ ਕੇ ਪ੍ਰਕਾਸ਼ਿਤ ਕੀਤੇ ਜਾਣ ਦੀ ਭਰਪੂਰ ਸ਼ਲਾਘਾ ਕੀਤੀ ।
ਇਸ ਮੌਕੇ  ਕੈਚਫਾਇਰ ਕਲੱਬ ਦੀ ਪ੍ਰਧਾਨ ਮੈਡਮ ਵਰਿੰਦਰ ਕੌਰ ਇਲਮਵਾਦੀ ਐਸਟਰੋ, ਵਿਸ਼ਵਕਰਮਾ ਰਾਮਗੜ੍ਹੀਆ ਸੁਸਾਇਟੀ ਦੇ ਪ੍ਰਧਾਨ ਦਵਿੰਦਰ ਸਿੰਘ, ਪਰਵਿੰਦਰ ਸਿੰਘ ਸੋਹਲ, ਐਡਵੋਕੇਟ ਪਰਮਜੀਤ ਕਪੂਰ, ਐਡਵੋਕੇਟ ਅਸ਼ਵਨੀ ਗੁਪਤਾ, ਐਡਵੋਕੇਟ ਅਕਾਸ਼ਦੀਪ ਸਿੰਘ ਮਾਰਸ਼ਲ, ਸੇਵਾ ਮੁਕਤ ਬੈਂਕ ਪ੍ਰਬੰਧਕ ਗੁਰਦਰਸ਼ਨ ਸਿੰਘ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੇਖੇਵਾਲ ਦੀ ਲੈਕਚਰਾਰ ਮੈਡਮ ਗੁਰਪ੍ਰੀਤ ਕੌਰ, ਸਰਕਾਰੀ ਆਈ ਟੀ ਆਈ ਗਿਲ ਰੋਡ ਲੁਧਿਆਣਾ ਦੇ ਗਰੁੱਪ ਇੰਸਟਰਕਟਰ ਬਲਜਿੰਦਰ ਸਿੰਘ, ਗਾਇਕ ਅਤੇ ਗੀਤਕਾਰ ਗੁਰਵਿੰਦਰ ਸਿੰਘ ਸ਼ੇਰਪੁਰੀ, ਕੋਮਲ ਵਾਲੀਆਂ, ਲਵੋ ਸਿੱਧੂ, ਨਿਊ ਇਰਾ ਪਬਲਿਕ ਸਕੂਲ ਦੀ ਪ੍ਰਿੰਸੀਪਲ ਦਿਸ਼ਾ ਬਾਗਰਾ ਤੇ ਪ੍ਰਬੰਧਕ ਨੇਹਾ ਬੇਦੀ, ਕੈਰੀਅਰ ਕਾਲਜ ਆਈ ਟੀ ਆਈ ਦੇ ਸੰਚਾਲਕ ਗੁਰਮੀਤ ਸਿੰਘ ਤੇ ਇੰਸਟਰਕਟਰ ਮੈਡਮ ਸ਼ਰੂਤੀ, ਨਿਊ ਹੈਵਨ ਸਕੂਲ ਦੇ ਪ੍ਰਿੰਸੀਪਲ ਅਰੁਨ ਗੋਸਵਾਮੀ ਤੇ ਸੰਚਾਲਿਕਾ ਮਮਤਾ ਗੋਸਵਾਮੀ, ਧਾਰਮਿਕ ਏਕਤਾ ਕਲੱਬ ਦੇ ਪ੍ਰਧਾਨ ਅਜੇ ਸਿੱਧੂ, ਹਰਮਿੰਦਰ ਸਿੰਘ ਕਿੱਟੀ, ਹਰਮੀਤ ਕੌਰ ਸੂਦ, ਗੁਰਬਚਨ ਸਿੰਘ ਸੂਦ, ਭਵਜੋਤ ਕੌਰ, ਜਗਜੀਤ ਸਿੰਘ, ਮਨਿੰਦਰ ਸਿੰਘ ਸੂਦ, ਲਵਪ੍ਰੀਤ ਕੌਰ, ਪੁਸਤਕ ਦੀ ਲੇਖਿਕਾ ਦੇ ਪਰਵਾਰਿਕ ਮੈਂਬਰ, ਕਈ ਸਮਾਜ ਸੇਵੀ ਤੇ ਧਾਰਮਿਕ ਸੰਸਥਾਵਾਂ ਦੇ ਅਹੁਦੇਦਾਰਾਂ ਅਤੇ ਸਹਿਤ ਸਭਾਵਾਂ ਦੇ ਮੈਂਬਰਾਂ ਸਮੇਤ ਕਈ ਸਕੂਲਾਂ ਕਾਲਜਾਂ ਦੇ ਸਟਾਫ ਮੈਂਬਰ ਅਤੇ ਵਿਦਿਆਰਥੀ ਸੈਂਕੜੇ ਲੋਕ ਹਾਜ਼ਰ ਸਨ ।

 

 

109650cookie-checkਪੰਥਕ ਕਾਵਿ ਫੁਲਕਾਰੀ ਪੁਸਤਕ ਦਾ ਸ਼ਾਨੋ ਸ਼ੌਕਤ ਨਾਲ ਹੋਇਆ ਲੋਕ ਅਰਪਣ
error: Content is protected !!