ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ,1 ਫਰਵਰੀ (ਕੁਲਜੀਤ ਸਿੰਘ ਢੀਂਗਰਾ/ਪ੍ਰਦੀਪ ਸ਼ਰਮਾ): ਵਿਧਾਨ ਸਭਾ ਹਲਕਾ ਮੌੜ ਤੋਂ ਕਾਂਗਰਸ ਦੀ ਉਮੀਦਵਾਰ ਡਾ. ਮਨੋਜ ਬਾਲਾ ਬਾਂਸਲ ਨੇ ਆਪਣੇ ਚੋਣ ਪ੍ਰਚਾਰ ਤਹਿਤ ਅੱਜ ਹਲਕੇ ਦੇ ਪਿੰਡ ਰਾਜਗੜ ਕੁੱਬੇ, ਸੰਦੋਹਾ, ਰਾਮਪੁਰਾ ਪਿੰਡ, ਕੋਠੇ ਮੰਡੀ ਕਲਾਂ, ਮਾਈਸਰਖਾਨਾ ਤੋਂ ਇਲਾਵਾ ਮੌੜ ਸ਼ਹਿਰ ’ਚ ਚੋਣ ਪ੍ਰਚਾਰ ਕੀਤਾ।
ਮਨੋਜ ਬਾਲਾ ਬਾਂਸਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਪਣੇ ਆਪ ਨੂੰ ਲੋਕ ਹਿਤੈਸ਼ੀ, ਕਿਸਾਨਾਂ ਦੇ ਹਿਤੈਸ਼ੀ ਅਖਵਾਉਣ ਵਾਲੀਆਂ ਸ੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੂੰ ਤੁਸੀਂ ਦੇਖਿਆ ਹੈ ਕਿ ਉਹ ਕਿੰਨੇ ਕੁ ਤੁਹਾਡੇ ਹਿਤੈਸ਼ੀ ਨੇ ਕਿਉਂਕਿ ਉਹ ਸਿਰਫ ਕਹਿੰਦੇ ਹੀ ਨੇ ਅਸਲ ’ਚ ‘ਹਾਥੀ ਦੇ ਦੰਦ ਖਾਣ ਨੂੰ ਹੋਰ ਦਿਖਾਉਣ ਨੂੰ ਹੋਰ’ ਵਾਂਗ ਉਹ ਤੁਹਾਡੇ ਵਿਰੋਧੀ ਹੀ ਨੇ। ਖੇਤੀ ਕਾਨੂੰਨਾਂ ਕਾਰਨ ਸਾਡੇ ਕਿਸਾਨ ਭਰਾਵਾਂ ਦੀ ਜ਼ਮੀਨ ਉਨਾਂ ਦੇ ਹੱਥੋਂ ਖੁੱਸਣ ਲੱਗੀ ਸੀ ਤਾਂ ਕਾਂਗਰਸ ਸਰਕਾਰ ਨੇ ਹੀ ਵਿਧਾਨ ਸਭਾ ’ਚ ਬਿੱਲ ਪੇਸ਼ ਕਰਕੇ ਉਨਾਂ ਖੇਤੀ ਕਾਨੂੰਨਾਂ ਦਾ ਸਭ ਤੋਂ ਪਹਿਲਾਂ ਵਿਰੋਧ ਕੀਤਾ ਸੀ। ਹੁਣ ਜੋ ਅਕਾਲੀ ਦਲ ਵਾਲੇ ਆਪਣੇ ਆਪ ਨੂੰ ਕਿਸਾਨਾਂ ਦੇ ਮਸੀਹੇ ਆਖਦੇ ਫਿਰਦੇ ਨੇ ਪਹਿਲਾਂ ਖੇਤੀ ਕਾਨੂੰਨਾਂ ਦੇ ਫਾਇਦੇ ਗਿਣਾਉਂਦੇ ਨਹੀਂ ਥੱਕਦੇ ਸੀ।
ਮਨੋਜ ਬਾਲਾ ਬਾਂਸਲ ਨੇ ਕਿਹਾ ਕਿ ਇਹੋ ਹਾਲ ਆਮ ਆਦਮੀ ਪਾਰਟੀ ਦਾ ਹੈ। ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਿੱਲੀ ’ਚ ਆਖਦੇ ਨੇ ਕਿ ਪੰਜਾਬ ਦੇ ਕਿਸਾਨਾਂ ਵੱਲੋਂ ਸਾੜੀ ਜਾਂਦੀ ਪਰਾਲੀ ਦਾ ਧੂੰਆਂ ਦਿੱਲੀ ਆਉਂਦਾ ਹੈ, ਪੰਜਾਬ ਦੇ ਥਰਮਲਾਂ ਦਾ ਧੂੰਆਂ ਦਿੱਲੀ ਆਉਂਦਾ ਹੈ ਉਨਾਂ ਨੂੰ ਬੰਦ ਕਰਨਾ ਚਾਹੀਦਾ ਹੈ। ਹੁਣ ਸੋਚਣ ਦੀ ਲੋੜ ਹੈ ਕਿ ਜੋ ਵਿਅਕਤੀ ਪੰਜਾਬ ਦੀ ਸੱਤਾ ’ਚ ਨਾ ਹੋਣ ਦੇ ਬਾਵਜ਼ੂਦ ਇੱਥੋਂ ਦੇ ਥਰਮਲ ਬੰਦ ਕਰਨ ਦੀ ਗੱਲ ਕਹਿ ਰਿਹਾ ਹੈ, ਜੇ ਉਨਾਂ ਨੂੰ ਸੱਤਾ ਦੇ ਦਿੱਤੀ ਤਾਂ ਉਹ ਗਰੀਬਾਂ ਦੀ ਰੋਟੀ ਖਾਣੀ ਵੀ ਬੰਦ ਕਰ ਦੇਣਗੇ। ਇਸ ਲਈ ਚੰਗੇ ਤੇ ਮਾੜੇ ’ਚ ਪਹਿਚਾਣ ਕਰੋ, ਕਿਸੇ ਦੇ ਬਹਿਕਾਵੇ ’ਚ ਨਾ ਕੇ ਆਪਣੀ ਬਿਹਤਰੀ ਲਈ ਖੁਦ ਫੈਸਲਾ ਲੈਣਾ ਹੈ ਕਿ ਇਸ ਤੋਂ ਪਹਿਲਾਂ ਤੁਹਾਡਾ ਕਿਸਨੇ ਫਾਇਦਾ ਕੀਤਾ ਹੈ, ਤੇ ਕਿਸਨੇ ਨੁਕਸਾਨ। ਇਸ ਮੌਕੇ ਉਨਾਂ ਨਾਲ ਹਲਕੇ ਦੇ ਵੱਡੀ ਗਿਣਤੀ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ।
1035000cookie-checkਕਾਂਗਰਸੀ ਉਮੀਦਵਾਰ ਡਾ. ਮਨੋਜ ਬਾਲਾ ਬਾਂਸਲ ਨੇ ਕਈ ਪਿੰਡਾਂ ’ਚ ਕੀਤਾ ਚੋਣ ਪ੍ਰਚਾਰ