December 6, 2024

Loading

ਚੜ੍ਹਤ ਪੰਜਾਬ ਦੀ
ਲੁਧਿਆਣਾ,  (ਸਤ ਪਾਲ ਸੋਨੀ ) :‌ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਨਾਂ ਇੱਕ ਚਿੱਠੀ ਵਿੱਚ ਕਿਹਾ ਹੈ ਕਿ ਨਗਰ ਨਿਗਮ ਲੁਧਿਆਣਾ ਵੱਲੋਂ ਲਗਪਗ 70 ਕਰੋੜ ਦੀ ਲਾਗਤ ਨਾਲ ਤਿਆਰ ਕੀਤੇ ਪੱਖੋਵਾਲ ਰੋਡ ਸਥਿਤ ਇਨ ਡੋਰ ਸਟੇਡੀਅਮ ਦਾ ਬੁਨਿਆਦੀ ਤੌਰ ਤੇ ਨਾਮ ਸ਼ਹੀਦ ਭਗਤ ਸਿੰਘ ਜੀ ਦੇ ਨਾਮ ਤੇ ਰੱਖਿਆ ਗਿਆ ਸੀ ਪਰ 2016 ਚ ਉਦਘਾਟਨ ਵੇਲੇ ਸਿਰਫ਼ ਇਨਡੋਰ ਸਟੈਡੀਅਮ ਹੀ ਅੰਕਿਤ ਕੀਤਾ ਗਿਆ,ਜੋ ਕਿ ਸਰਾਸਰ ਗਲਤ ਹੈ।
ਇਹ ਸਟੇਡੀਅਮ ਜਵੱਦੀ ਕਲਾਂ (ਲੁਧਿਆਣਾ)ਪਿੰਡ ਦੀ ਸ਼ਾਮਲਾਟ ਵਿੱਚ ਹੁੰਦਾ ਸੀ, ਜਿੱਥੇ ਅਸੀਂ ਸ਼ਹੀਦ ਭਗਤ ਸਿੰਘ ਸਪੋਰਟਸ ਤੇ ਕਲਚਰਲ ਕਲੱਬ ਵੱਲੋਂ 1994 ਤੋਂ 1999 ਤੀਕ ਪ੍ਰੋਃ ਨਿਰਪਜੀਤ ਕੌਰ ਗਿੱਲ ਯਾਦਗਾਰੀ ਫੁਟਬਾਲ ਟੂਰਨਾਮੈਂਟ ਕਰਵਾਉਂਦੇ ਰਹੇ ਹਾਂ। 1999 ਵਿੱਚ ਆਏ ਮੁੱਖ ਮਹਿਮਾਨ ਉਦੋਂ ਦੇ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ, ਉਦੋਂ ਦੇ ਮੇਅਰ ਅਪਿੰਦਰ ਸਿੰਘ ਗਰੇਵਾਲ ਅਤੇ ਕਮਿਸ਼ਨਰ ਸੁਖਬੀਰ ਸਿੰਘ ਸੰਧੂ ਆਈ. ਏ. ਐੱਸ. ਨੇ ਸਾਡੀ ਬੇਨਤੀ ਪ੍ਰਵਾਨ ਕਰਕੇ ਇੱਥੇ ਆਧੁਨਿਕ ਸਹੂਲਤਾਂ ਵਾਲਾ ਸਟੇਡੀਅਮ ਬਣਾਉਣ ਦਾ ਐਲਾਨ ਕੀਤਾ ਸੀ।
ਇਸ ਨੂੰ ਉਸਾਰਨ ਲੱਗਿਆਂ ਪਤਾ ਲੱਗਾ ਕਿ ਇਸ ਵਿੱਚ ਰਾਸ਼ਟਰੀ ਮਿਆਰਾਂ ਵਾਲੀ ਫੁੱਟਬਾਲ ਗਰਾਊਂਡ ਤੇ 400 ਮੀਟਰ ਦਾ ਟਰੈਕ ਹੀ ਨਹੀਂ ਬਣ ਸਕਦਾ। ਸੋ ਇਸ ਪ੍ਰੋਜੈਕਟ ਨੂੰ ਨਗਰ ਨਿਗਮ ਨੇ ਸ਼ਹੀਦ ਭਗਤ ਸਿੰਘ ਇਨਡੋਰ ਸਟੇਡੀਅਮ ਵਿੱਚ ਤਬਦੀਲ ਕਰ ਲਿਆ। ਮੁੱਢਲੀ ਕਮੇਟੀ ਵਿਚ ਮੈਂਬਰ ਹੋਣ ਕਾਰਨ ਮੈਂ ਨਿਜੀ ਤੌਰ ਤੇ ਇਹ ਗੱਲਾਂ ਜਾਣਦਾ ਹਾਂ।ਇਹ ਪ੍ਰੋਜੈਕਟ ਹੌਲੀ ਹੌਲੀ 2016 ਤੀਕ ਮੁਕੰਮਲ ਹੋਇਆ। ਉਦੋਂ ਦੀ ਅਕਾਲੀ ਬੀਜੇਪੀ ਸਰਕਾਰ ਨੇ ਇਸ ਦਾ ਨਾਮਕਰਨ ਅੰਕਿਤ ਕਰਨ ਲੱਗਿਆਂ ਸਿਰਫ਼ ਇਨਡੋਰ ਸਟੇਡੀਅਮ ਲਿਖ ਦਿੱਤਾ ਤੇ ਕਾਹਲੀ ਕਾਹਲੀ ਵਿੱਚ ਸੁਖਬੀਰ ਸਿੰਘ ਬਾਦਲ ਤੋਂ ਉਦਘਾਟਨ ਵੀ ਕਰਵਾ ਲਿਆ। ਸ਼ਹੀਦ ਭਗਤ ਸਿੰਘ ਜੀ ਦਾ ਨਾਮ ਕੱਟਣਾ, ਭਾਵੇਂ ਨਗਰ ਨਿਗਮ ਦੀ ਵੱਡੀ ਕੋਤਾਹੀ ਹੈ ਪਰ ਇਸ ਨੂੰ ਹੁਣ ਵੀ ਰੀਕਾਰਡ ਮੁਤਾਬਕ ਸੋਧਿਆ ਜਾ ਸਕਦਾ ਹੈ।
ਮੇਰੀ ਅਪੀਲ ਹੈ ਕਿ ਲਗਪਗ 70 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਇਸ ਇਨਡੋਰ ਸਟੇਡੀਅਮ ਦਾ ਨਾਮ ਕਰਨ ਸ਼ਹੀਦ ਭਗਤ ਸਿੰਘ ਇਨਡੋਰ ਸਟੇਡੀਅਮ ਕੀਤਾ ਜਾਵੇ।ਇਹ ਵੀ ਦੱਸਣਾ ਜ਼ਰੂਰੀ ਹੈ ਕਿ ਇਹ ਇਨਡੋਰ ਸਟੈਡੀਅਮ ਸ਼ਹੀਦ ਭਗਤ ਸਿੰਘ ਨਗਰ ਵਿਚ ਹੀ ਸਥਿਤ ਹੈ।
ਇਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਇਸ ਖੇਡ ਢਾਂਚੇ ਦੀ ਪਿਛਲੇ ਸਮੇਂ ਵਿਚ ਕਦੇ ਵੀ ਇਸ ਦੀ ਸੁਯੋਗ ਵਰਤੋਂ ਖੇਡ ਮਕਸਦ ਲਈ ਨਹੀਂ ਹੋਈ। ਇਸ ਦਾ ਵੱਡਾ ਕਾਰਨ ਨਗਰ ਨਿਗਮ ਵੱਲੋਂ ਇਸ ਦਾ ਬਿਜਲੀ ਕੁਨੈਕਸ਼ਨ ਨਾ ਲੈਣਾ ਹੈ।ਨਾ ਹੀ ਖੇਡ ਵਿਭਾਗ ਨੇ ਇਸ ਬੁਨਿਆਦੀ ਖੇਡ ਢਾਂਚੇ ਦੀ ਵਰਤੋਂ ਲਈ ਕੋਈ ਗੰਭੀਰਤਾ ਵਿਖਾਈ ਹੈ।
ਇੱਕ ਪਾਸੇ ਤਾਂ ਅਸੀਂ ਖੇਡ ਢਾਂਚੇ ਲਈ ਪੈਸੇ ਦੀ ਅਣਹੋਂਦ ਕਾਰਨ ਤਰਸ ਰਹੇ ਹਾਂ ਜਦ ਕਿ ਦੂਜੇ ਪਾਸੇ ਬਣੇ ਬਣਾਏ ਢਾਂਚੇ ਨੂੰ ਨਹੀਂ ਵਰਤ ਰਹੇ। ਬੇਨਤੀ ਹੈ ਕਿ ਸਾਰੀਆਂ ਇਨਡੋਰ ਖੇਡਾਂ ਲਈ ਬਣੇ ਇਸ ਕੌਮਾਂਤਰੀ ਪੱਧਰ ਦੇ ਸਟੇਡੀਅਮ ਨੂੰ ਵਰਤੋਂ ਵਿੱਚ ਲਿਆਉਣ ਲਈ ਖੇਡ ਵਿਭਾਗ ਪੰਜਾਬ ਨੂੰ ਵੀ ਆਦੇਸ਼ ਜਾਰੀ ਕੀਤੇ ਜਾਣ। ਪਤਾ ਲੱਗਾ ਹੈ ਕਿ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਤੇ ਤੁਸੀਂ ਖਟਕੜ ਕਲਾਂ ਜਾ ਰਹੇ ਹੋ ਅਤੇ ਮਗਰੋਂ ਲੁਧਿਆਣੇ ਵੀ ਆ ਰਹੇ ਹੋ।
ਸ਼ਹੀਦ ਭਗਤ ਸਿੰਘ ਨਗਰ ਦੇ ਸਾਬਕਾ ਕੌਂਸਲਰ ਤਨਵੀਰ ਸਿੰਘ ਧਾਲੀਵਾਲ,ਸਾਬਕਾ ਕੌਂਸਲਰ ਜਗਬੀਰ ਸਿੰਘ ਸੋਖੀ, ਉੱਘੇ ਲੋਕ ਗਾਇਕ ਸੁਰਿੰਦਰ ਛਿੰਦਾ ਤੇ ਕੁੱਕੂ ਬਾਜਵਾ ਜਰਮਨੀ ਨੇ ਵੀ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਇਸ ਸਟੈਡੀਅਮ ਦਾ ਨਾਮਕਰਨ ਸਹੀ ਕਰਵਾਉਣ ਵਿੱਚ ਸਬੰਧਿਤ ਧਿਰ ਨੂੰ ਆਦੇਸ਼ ਦਿੱਤਾ ਜਾਵੇ।ਖੇਡ ਵਿਭਾਗ ਨੂੰ ਵੀ ਇਸ ਦੀ ਵਰਤੋਂ ਯੋਗਤਾ ਯਕੀਨੀ ਬਣਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਜਾਣ।
#For any kind of News and advertisment contact us on 980-345-0601 
129160cookie-checkਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਲੁਧਿਆਣਾ ਸਥਿਤ ਇਨਡੋਰ ਸਟੈਡੀਅਮ ਦਾ ਨਾਮਕਰਨ ਸੋਧ ਕੇ ਸ਼ਹੀਦ ਭਗਤ ਸਿੰਘ ਦੇ ਨਾਮ ਤੇ ਕਰਨ ਦੀ ਅਪੀਲ
error: Content is protected !!