December 22, 2024

Loading

ਚੜ੍ਹਤ ਪੰਜਾਬ ਦੀ  
ਬਠਿੰਡਾ 12 ਜੁਲਾਈ (ਪ੍ਰਦੀਪ ਸ਼ਰਮਾ): ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ.31) ਜਿਲ੍ਹਾ ਬਠਿੰਡਾ ਵੱਲੋਂ ਜਿਲ੍ਹਾ ਪ੍ਰਧਾਨ ਤੇ ਸੂਬਾ ਮੀਤ ਪ੍ਰਧਾਨ ਸੰਦੀਪ ਖਾਨ ਬਾਲਿਆਂਵਾਲੀ ਦੀ ਅਗੁਵਾਈ ਹੇਠ ਸਥਾਨਕ ਚਿਲਡਰਨ ਪਾਰਕ ਵਿਖੇ ਸੂਬਾ ਕਮੇਟੀ ਦੇ ਫੈਸਲੇ ਤਹਿਤ 15 ਜੁਲਾਈ ਨੂੰ ਸਰਕਲ ਪੱਧਰੀ ਦਿੱਤੇ ਜਾ ਰਹੇ ਧਰਨਿਆਂ ਦੀ ਤਿਆਰੀ ਸਬੰਧੀ ਵਿਚਾਰ ਚਰਚਾ ਕੀਤੀ ਗਈ।ਇਸ ਸਬੰਧੀ ਸੂਬਾ ਆਗੂ ਸੰਦੀਪ ਖਾਨ ਬਾਲਿਆਂਵਾਲੀ ਤੇ ਅੰਮ੍ਰਿਤਪਾਲ ਸਿੰਘ ਬੱਗੂ ਜਨਰਲ ਸਕੱਤਰ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਪੀਣ ਵਾਲੇ ਪਾਣੀ ਦੀ ਬੁਨਿਆਦੀ ਸਹੂਲਤ ਪੇਂਡੂ ਲੋਕਾਂ ਤੱਕ ਘਰ ਘਰ ਪਹੁੰਚਾਉਣ ਦੀ ਸੇਵਾ ਦਾ ਕੰਮ ਕਰਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਇਨਲਿਸਟਮੈਂਟ/ਆਊਟਸੋਰਸ ਫੀਲਡ ਅਤੇ ਦਫਤਰਾਂ ਕਾਮਿਆਂ ਦੀਆਂ ਜਾਇਜ ਅਤੇ ਹੱਕੀ ਮੰਗਾਂ/ਮਸਲਿਆਂ ਦਾ ਹੱਲ ਨਾ ਹੋਣ ਦੇ ਖਿਲਾਫ ਵਰਤਮਾਨ ਪੰਜਾਬ ਸਰਕਾਰ ਅਤੇ ਵਿਭਾਗ ਦੇ ਅਧਿਕਾਰੀਆਂ ਦੇ ਵਿਰੁੱਧ ਸੰਘਰਸ਼ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ ਜਿਸ ਸਬੰਧੀ ਯੂਨੀਅਨ ਵੱਲੋਂ ਪੰਜਾਬ ਸਰਕਾਰ ਅਤੇ ਵਿਭਾਗੀ ਅਧਿਕਾਰੀਆਂ ਨੂੰ 9 ਜੁਲਾਈ ਨੂੰ ਲਿਖਤੀ ਰੂਪ ਵਿੱਚ ਦਿੱਤੇ ਗਏ ਸੰਘਰਸ਼ ਦੇ ਨੋਟਿਸ ਵਿੱਚ ਕਿਹਾ ਕਿ ਸਰਕਾਰ ਦੇ ਅਧਿਕਾਰੀਆਂ ਦੇ ਵਰਕਰ ਵਿਰੋਧੀ ਰਵੱਈਏ ਦੇ ਕਾਰਨ ਕੁਝ ਡਵੀਜ਼ਨਾਂ ਵਿੱਚ ਪਿੱਛਲੇ ਕਰੀਬ 3 ਤੋਂ 4 ਮਹੀਨਿਆਂ ਤੋਂ ਇਨਲਿਸਟਮੈਂਟ/ਆਉਟਸੋਰਸ ਕਾਮਿਆਂ ਨੂੰ ਤਨਖਾਹਾਂ ਸਮੇਤ ਵਾਧੂ ਕੰਮ ਦਾ ਮੇਹਨਤਾਨਾ ਨਹੀਂ ਮਿਲ ਰਿਹਾ ਹੈ ਜਦਕਿ ਕੁਝ ਡਵੀਜਨਾਂ ਦੇ ਕਾਰਜਕਾਰੀ ਇੰਜੀਨੀਅਰਾਂ ਵੱਲੋਂ ਜੇਕਰ ਕਾਮਿਆਂ ਨੂੰ ਤਨਖਾਹਾਂ ਦਿੱਤੀਆਂ ਗਈਆਂ ਹਨ ਤਾਂ ਉਹ ਵੀ ਘੱਟ ਰੇਟ ਮੁਤਾਬਿਕ ਅਤੇ ਵਾਧੂ ਕੰਮ ਲੈਣ ਦਾ ਮੇਹਨਤਾਨੇ ਵਿੱਚ ਕਟੌਤੀ ਜਬਰੀ ਕੀਤੀ ਗਈ ਹੈ।
ਤ੍ਰਾਂਸਦੀ ਇਹ ਹੈ ਕਿ ਯੂਨੀਅਨ ਦੇ ਨੁਮਾਇੰਦਿਆਂ ਵਲੋਂ ਜਦੋ ਵੀ ਸਬੰਧਤ ਕਾਰਜਕਾਰੀ ਇੰਜੀਨੀਅਰਾਂ ਦੇ ਨਾਲ ਸੰਪਰਕ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਵੱਲੋਂ ਇਹੋ ਜਵਾਬ ਦਿੱਤਾ ਜਾਂਦਾ ਹੈ ਕਿ ਫੰਡ ਘੱਟ ਆਏ ਹਨ ਅਤੇ ਇਸ ਦੇ ਨਾਲ ਹੀ ਇਹ ਵੀ ਕਿਹਾ ਜਾਂਦਾ ਹੈ ਕਿ ਫੀਲਡ ਅਤੇ ਦਫਤਰਾਂ ਵਿਚ ਕੰਮ ਕਰਦੀ ਵਰਕਫੋਰਸ (ਇਨਲਿਸਟਮੈਂਟ/ਆਉਟਸੋਰਸ) ਦੀਆਂ ਕੰਟੀਸ਼ਨਾਂ, ਤਨਖਾਹਾਂ ਵਿਚ ਤਰੁੱਟੀਆਂ, ਛੁੱਟੀਆਂ, ਮੈਡੀਕਲ ਛੁੱਟੀਆਂ, ਮੈਟਰਨਿਟੀ ਛੁੱਟੀਆਂ ਆਦਿ ਵਿੱਚ ਇਕਸਾਰਤਾ ਲਿਆਉਣ ਲਈ ਵਿਭਾਗ ਵਲੋਂ ਅਧਿਕਾਰੀ ਪੱਧਰ ਦੀ ਇੱਕ ਕਮੇਟੀ ਦਾ ਵੀ ਗਠਨ ਕੀਤਾ ਗਿਆ ਹੈ, ਇਸ ਕਮੇਟੀ ਦੀ ਲਿਖਤੀ ਰਿਪਰੋਟ ਆਉਣ ਤੇ ਹੀ ਵਾਧੂ ਕੰਮਾਂ ਦਾ ਮੇਹਨਤਾਨਾ ਦਿੱਤਾ ਜਾਵੇਗਾ ਜਿਸਦੇ ਕਾਰਨ ਕਾਮਿਆਂ ਨੂੰ ਮੇਹਨਾਤਾਨਾ ਨਾਂ ਮਿਲਣ ਕਾਰਨ ਭਾਰੀ ਮੁਸ਼ਕਲਾਂ ਵਿੱਚੋਂ ਗੁਜਰਨਾ ਪੈ ਰਿਹਾ ਹੈ। ਜਦਕਿ ਫੀਲਡ ਅਤੇ ਦਫਤਰਾਂ ਵਿਚ ਸੇਵਾ ਕਰਦੇ ਆ ਰਹੇ ਵਰਕਰ ਇਨ੍ਹਾਂ ਬਹੁਤ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਵੀ ਆਪਣੀਆਂ ਸੇਵਾਵਾਂ ਨੂੰ ਸਦਾ ਨਿਰਵਿਘਨ ਜਾਰੀ ਰੱਖਿਆ ਹੋਇਆ ਹੈ ਅਤੇ ਵਿਭਾਗ ਦੇ ਹੇਠਲੇ ਅਧਿਕਾਰੀਆਂ ਅਤੇ ਅਫਸਰਸ਼ਾਹੀ ਵੱਲੋਂ ਇੱਕ-ਇੱਕ ਵਰਕਰ ਕੋਲੋ ਵੱਖ ਵੱਖ ਤਰ੍ਹਾਂ ਦੇ ਕੰਮ ਕਰਵਾਏ ਜਾ ਰਹੇ ਹਨ। ਇਸ ਸੇਵਾ ਦੇ ਬਾਵਜੂਦ ਸਾਡੀਆਂ ਬਹੁਤ ਸਾਰੀਆਂ ਮੁਸ਼ਕਲਾਂ ਅਤੇ ਸਮੱਸਿਆਵਾਂ ਹਨ।
ਇਸ ਲਈ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਅਤੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਕੋਲ ਮੰਗ ਹੈ ਕਿ ਸਾਡੇ ਸਾਰਿਆਂ ਨਾਲ ਇੱਕ ਵਰਕਰ ਦੇ ਰੂਪ ਵਿੱਚ ਬਰਾਬਰ ਵਿਹਾਰ ਕੀਤਾ ਜਾਵੇ। ਵਰਕਰਾਂ ਨੂੰ ਹਰੇਕ ਮਹੀਨੇ ਦੀ 7 ਤਰੀਖ ਤੱਕ ਤਨਖਾਹ ਦੇਣਾ ਯਕੀਨੀ ਕੀਤਾ ਜਾਵੇ। ਵਿਭਾਗ ਦੇ ਅਧਿਕਾਰੀਆਂ ਨੂੰ ਸਾਡੀ ਅਪੀਲ ਹੈ ਕਿ ਕੱਚੇ ਕਾਮੇ (ਇਨਲਿਸਟਮੈਂਟ/ਆਊਟਸੋਰਸ) ਜੋਕਿ ਪਾਣੀ ਦੀਆਂ ਜਰੂਰੀ ਸੇਵਾਵਾਂ ਪਿਛਲੇ 10-15 ਸਾਲਾਂ ਤੋਂ ਨਿਭਾਅ ਰਹੇ ਹਨ, ਇਨ੍ਹਾਂ ਕਾਮਿਆਂ ਦੇ ਕੱਚੇ ਰੁਜਗਾਰ ਨੂੰ ਪੱਕਾ ਕਰਨ ਦੀ ਤਜਵੀਜ ਬਿਨਾਂ ਕਿਸੇ ਭੇਦਭਾਵ ਦੇ ਪੰਜਾਬ ਸਰਕਾਰ ਨੂੰ ਭੇਜੀ ਜਾਵੇ ਅਤੇ ਸਰਕਾਰ ਵਲੋਂ ਇਨ੍ਹਾਂ ਕੱਚੇ ਕਾਮਿਆਂ ਨੂੰ ਰੈਗੂਲਰ ਕੀਤਾ ਜਾਵੇ।
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਲੋਂ ਫੀਲਡ ਤੇ ਦਫਤਰਾਂ ਵਿੱਚ ਕੰਮ ਕਰਦੀ ਵਰਕ ਫੋਰਸ (ਇਨਲਿਸਟਮੈਟ/ਆਊਟਸੋਰਸ) ਦੀਆਂ ਤਨਖਾਹਾਂ ਅਤੇ ਹੋਰ ਮੰਗਾਂ ਦੇ ਸਬੰਧ ਵਿੱਚ ਇਕਸਾਰਤਾ ਲਿਆਉਣ ਲਈ, ਅਧਿਕਾਰੀ ਪੱਧਰ ਦੀ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਸੀ ਅਤੇ ਇਸ ਕਮੇਟੀ ਨੂੰ ਦੋ ਹਫਤੇ ਦੇ ਅੰਦਰ-ਅੰਦਰ ਆਪਣੀ ਰਿਪੋਰਟ ਪੇਸ਼ ਕਰਨ ਦੀ ਹਦਾਇਤ ਵੀ ਕੀਤੀ ਗਈ ਹੈ ਪਰ ਇਸ ਕਮੇਟੀ ਵਲੋਂ ਇਕ ਮਹੀਨਾ ਬੀਤ ਜਾਣ ਦੇ ਬਾਵਜੂਦ ਵੀ ਅਜੇ ਤੱਕ ਰਿਪੋਰਟ ਨਹੀਂ ਪੇਸ਼ ਕੀਤੀ ਗਈ ਹੈ, ਜਿਸ ’ਤੇ ਯੂਨੀਅਨ ਦੀ ਅਪੀਲ ’ਤੇ ਜਰੂਰੀ ਧਿਆਨ ਦੇ ਕੇ ਫੀਲਡ ਅਤੇ ਦਫਤਰੀ ਸਟਾਫ (ਇਨਲਿਸਟਮੈਂਟ/ਆਉਟਸੋਰਸ) ਕਾਮਿਆਂ ਦੀਆਂ ਮੰਗਾਂ ਅਤੇ ਮਸਲਿਆਂ ਦਾ ਹੱਲ ਜਲਦੀ ਕੀਤਾ ਜਾਵੇ ਨਹੀਂ ਤਾਂ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ.31) ਵਲੋਂ 15 ਜੁਲਾਈ 2022 ਨੂੰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ, ਉਕਤ ਗਠਿਤ ਕਮੇਟੀ ਵਿੱਚ ਸ਼ਾਮਿਲ ਅਧਿਕਾਰੀਆਂ ਦੇ ਖਿਲਾਫ ਸੰਘਰਸ਼ ਦਾ ਐਲਾਨ ਕੀਤਾ ਗਿਆ ਹੈ। ਜਿਸਦੇ ਤਹਿਤ ਹੀ ਜਿਲ੍ਹਾ ਬਠਿੰਡਾ ਦੇ ਵਰਕਰਾਂ ਵਲੋਂ ਆਪਣੇ ਪਰਿਵਾਰਾਂ ਸਮੇਤ ਨਿਗਰਾਨ ਇੰਜੀਨੀਅਰ ਦਫਤਰ ਬਠਿੰਡਾ ਅੱਗੇ ਸਰਕਲ ਪੱਧਰੀ ਧਰਨਾ ਦਿੱਤਾ ਜਾਵੇਗਾ। ਇਸ ਦੌਰਾਨ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੋਣ ਦੀ ਜਿੰਮੇਵਾਰੀ ਪੰਜਾਬ ਸਰਕਾਰ ਅਤੇ ਅਧਿਕਾਰੀਆਂ ਦੀ ਹੋਵੇਗੀ। ਇਸ ਮੌਕੇ ਮੀਟਿੰਗ ਵਿੱਚ ਹਰਵਿੰਦਰ ਸਿੰਘ ਹੈਰੀ, ਲਖਵਿੰਦਰ ਸਿੰਘ, ਗਗਨਦੀਪ ਸਿੰਘ, ਕੰਵਰਜੀਤਪਾਲ ਸਿੰਘ ਆਦਿ ਮੈਂਬਰ ਸ਼ਾਮਿਲ਼ ਸਨ ।
#For any kind of News and advertisment contact us on 980-345-0601 
123030cookie-checkਜਲ ਸਪਲਾਈ ਕੱਚੇ ਕਾਮੇ ਪਰਿਵਾਰਾਂ ਸਮੇਤ 15 ਜੁਲਾਈ ਨੂੰ ਨਿਗਰਾਨ ਇੰਜੀਨੀਅਰਾਂ ਦੇ ਦਫਤਰਾਂ ਅੱਗੇ ਦੇਣਗੇ ਰੋਸ ਧਰਨੇ
error: Content is protected !!