
ਚੜ੍ਹਤ ਪੰਜਾਬ ਦੀ
ਲੁਧਿਆਣਾ, 20 ਨਵੰਬਰ (ਸਤ ਪਾਲ ਸੋਨੀ/ ਰਵੀ ਵਰਮਾ): ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਤੇ ਲੁਧਿਆਣੇ ਵਿਖੇ ਚੱਲ ਰਹੇ ਕਿਸਾਨ ਮੋਰਚੇ ਦੇ ਮੁੱਖ ਕਨਵੀਨਰ ਜੱਥੇਦਾਰ ਤਰਨਜੀਤ ਸਿੰਘ ਨਿਮਾਣਾ ਨੇ ਕਿਹਾ ਕਿ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਪਿਛਲੇ ਇੱਕ ਸਾਲ ਦੇ ਲੰਮੇ ਅਰਸੇ ਤੋ ਦੇਸ਼ ਦੇ ਕਿਸਾਨਾਂ ਦੀਆਂ ਹੱਕੀ ਮੰਗਾਂ ਨੂੰ ਮਨਵਾਉਣ ਅਤੇ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਕਿਸਾਨ ਵਿਰੋਧੀ ਬਿੱਲਾ ਨੂੰ ਰੱਦ ਕਰਵਾਉਣ ਲਈ ਚੱਲੇ ਕਿਸਾਨੀ ਸ਼ੰਘਰਸ਼ ਨੇ ਬਿਨਾਂ ਕਿਸੇ ਸ਼ਰਤ ਤੇ ਵੱਡੀ ਜਿੱਤ ਪ੍ਰਾਪਤ ਕਰਕੇ ਦੇਸ਼ ਅੰਦਰ ਇੱਕ ਨਵੇਂ ਇਨਕਲਾਬ ਦਾ ਆਗਾਜ਼ ਕੀਤਾ ਹੈ।
ਆਪਣੀ ਗੱਲਬਾਤ ਦੌਰਾਨ ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮਨੁੱਖਤਾ ਦੇ ਰਹਿਬਰ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਤਿੰਨ ਕਿਸਾਨ ਵਿਰੋਧੀ ਬਿੱਲਾਂ ਨੂੰ ਵਾਪਸ ਲੈਣ ਦਾ ਐਲਾਨ ਕਰਨਾ ਸਿੱਧੇ ਰੂਪ ਵਿੱਚ ਲੋਕਤੰਤਰ ਦੀ ਵੱਡੀ ਜਿੱਤ ਹੈ, ਕਿਉ ਕਿ ਕਿਸਾਨ ਮੋਰਚਾ ਕੇਵਲ ਕਿਸਾਨਾਂ ਦਾ ਹੀ ਨਹੀਂ ਬਲਕਿ ਸਮੁੱਚੇ ਦੇਸ਼ ਵਾਸੀਆਂ ਦਾ ਸਾਂਝਾ ਮੋਰਚਾ ਬਣ ਗਿਆ ਸੀ ਤੇ ਦੇਸ਼ ਅੰਦਰ ਵੱਸਦੇ ਵੱਖ ਵੱਖ ਧਰਮਾਂ ਦੇ ਲੋਕਾਂ ਨੇ ਮੋਦੀ ਸਰਕਾਰ ਦੇ ਖਿਲਾਫ ਖੁੱਲ ਕੇ ਆਪਣੀ ਆਵਾਜ ਬੁਲੰਦ ਕਰਦਿਆਂ ਸ਼ੰਘਰਸ਼ ਵਿੱਚ ਵੱਡੇ ਪੱਧਰ ਤੇ ਆਪਣੀ ਸ਼ਮੂਲੀਅਤ ਕੀਤੀ ਸੀ।ਉਨ੍ਹਾਂ ਨੇ ਮੋਦੀ ਸਰਕਾਰ ਵੱਲੋ ਕਿਸਾਨਾਂ ਦੇ ਅੱਗੇ ਗੋਡੇ ਟੇਕਣ ਦੀ ਕਾਰਵਾਈ ਨੂੰ ਕਿਸਾਨੀ ਸ਼ੰਘਰਸ਼ ਦੀ ਵੱਡੀ ਜਿੱਤ ਕਰਾਰ ਦਿੰਦਿਆਂ ਕਿਹਾ ਕਿ ਜਨਤਾ ਦੀ ਤਾਕਤ ਵੱਡੇ ਵੱਡੇ ਹੁਕਮਰਾਨਾਂ ਨੂੰ ਝੁਕਾਅ ਦੇਦੀ ਹੈ।
ਉਨ੍ਹਾਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਲੜੀ ਗਈ ਜ਼ਬਰਦਸਤ ਆਰ -ਪਾਰ ਦੀ ਲੜਾਈ ਹੱਕ ਤੇ ਸੱਚ ਦੀ ਲੜਾਈ ਸੀ ਜਿਸ ਨੇ ਮੋਦੀ ਸਰਕਾਰ ਦੀਆਂ ਜੜ੍ਹਾਂ ਹਿੱਲਾ ਕੇ ਰੱਖ ਦਿੱਤੀਆਂ । ਜੱਥੇਦਾਰ ਨਿਮਾਣਾ ਨੇ ਕਿਹਾ ਕਿ ਦੇਸ਼ ਦੇ ਮਿਹਨਤਕਸ਼ ਕਿਸਾਨਾਂ ਦੇ ਹੱਕ ਵਿੱਚ ਆਪਣੀ ਜ਼ੋਰਦਾਰ ਆਵਾਜ਼ ਬੁਲੰਦ ਕਰਨ ਅਤੇ ਪੰਜਾਬ ਦੇ ਸ਼ਹਿਰੀ ਲੋਕਾਂ ਨੂੰ ਕਿਸਾਨੀ ਸ਼ੰਘਰਸ਼ ਨਾਲ ਜੋੜਨ ਲਈ ਭਾਈ ਘਨ੍ਹੀਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਵੱਲੋ ਵੱਡੀ ਪੱਧਰ ਤੇ ਚਲਾਈ ਗਈ ਜਨਤਕ ਮੁਹਿੰਮ ਅਤੇ ਲੁਧਿਆਣਾ ਸ਼ਹਿਰ ਵਿਖੇ ਸ਼ਾਤਮਈ ਢੰਗ ਨਾਲ ਚੱਲ ਰਿਹਾ ਕਿਸਾਨੀ ਮੋਰਚਾ ਇਸੇ ਮਿਸ਼ਨ ਦਾ ਇੱਕ ਵੱਡਾ ਹਿੱਸਾ ਸੀ।
ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਉਪਰੰਤ ਹੀ ਲੁਧਿਆਣੇ ਦਾ ਕਿਸਾਨ ਮੋਰਚਾ ਸਮਾਪਤ ਹੋਵੇਗਾ
ਇਸ ਦੌਰਾਨ ਉਨ੍ਹਾਂ ਨੇ ਸ਼ਪੱਸ਼ਟ ਤੌਰ ਤੇ ਕਿਹਾ ਕਿ ਬੇਸ਼ੱਕ ਮੋਦੀ ਸਰਕਾਰ ਵੱਲੋ ਤਿੰਨ ਕਿਸਾਨ ਵਿਰੋਧੀ ਬਿੱਲਾਂ ਨੂੰ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਗਿਆ ਹੈ ਪਰ ਜਿੰਨੀ ਦੇਰ ਤੱਕ ਉਕਤ ਬਿੱਲ ਦੇਸ਼ ਦੀ ਪਾਰਲੀਮੈਂਟ ਅੰਦਰ ਵਾਪਿਸ ਨਹੀਂ ਹੁੰਦੇ ਉਨੀਂ ਦੇਰ ਤੱਕ ਸਾਡਾ ਮੋਰਚਾ ਜਾਰੀ ਰਹੇਗਾ ਅਤੇ ਸੰਯੁਕਤ ਕਿਸਾਨ ਮੋਰਚੇ ਦੀਆਂ ਹਦਾਇਤਾਂ ਅਨੁਸਾਰ ਹੀ ਅਸੀਂ ਆਪਣਾ ਸ਼ੰਘਰਸ਼ ਸਮਾਪਤ ਕਰਾਂਗੇ। ਇਸ ਮੌਕੇ ਤੇ ਉਨ੍ਹਾਂ ਦੇ ਨਾਲ ਕੁਲਦੀਪ ਸਿੰਘ ਲਾਂਬਾ,ਸ਼ਮਸ਼ੇਰ ਸਿੰਘ ਲਾਡੋਵਾਲ, ਮਨਜੀਤ ਸਿੰਘ ਅਰੋੜਾ,ਬਿਟੂ ਭਾਟੀਆ, ਪ੍ਰਧਾਨ ਪਰਮਜੀਤ ਸਿੰਘ,ਸੂਬਾ ਪ੍ਰਧਾਨ ਜਸਪਾਲ ਸਿੰਘ ਸੈਣੀ,ਸਰਬਜੀਤ ਸਿੰਘ ਬਿਰਦੀ, ਗੁਰਵਿੰਦਰਪਾਲ ਸਿੰਘ ਲਵਲੀ,ਗੁਰਪ੍ਰੀਤ ਸਿੰਘ ਸੋਨੀ, ਦਲਵਿੰਦਰ ਸਿੰਘ ਆਸ਼ੂ, ਗੁਰਡੌਰ ਸਿੰਘ ਹਾਜਰ ਸਨ।
919000cookie-checkਕਿਸਾਨੀ ਸੰਘਰਸ਼ ਦੀ ਜਿੱਤ ਨੇ ਦੇਸ਼ ‘ਚ ਨਵੇਂ ਇਨਕਲਾਬ ਦਾ ਆਗਾਜ਼ ਕੀਤਾ – ਜੱਥੇਦਾਰ ਤਰਨਜੀਤ ਸਿੰਘ ਨਿਮਾਣਾ