Categories BOOK RELEASEPOETS NEWSPunjabi News

ਟੋਰੰਟੋ ਵੱਸਦੀ ਪੰਜਾਬੀ ਕਵਿਤਰੀ ਸੁਰਜੀਤ ਦੀ ਕਾਵਿ ਪੁਸਤਕ “ਤੇਰੀ ਰੰਗਸ਼ਾਲਾ” ਪੰਜਾਬੀ ਭਵਨ ਚ ਲੋਕ ਅਰਪਣ

Loading

ਚੜ੍ਹਤ ਪੰਜਾਬ ਦੀ
ਲੁਧਿਆਣਾ,16 ਅਪ੍ਰੈਲ,(ਸਤ ਪਾਲ ਸੋਨੀ) : ਟੋਰੰਟੋ(ਕੈਨੇਡਾ) ਵੱਸਦੀ ਪ੍ਰਸਿੱਧ ਕਵਿੱਤਰੀ ਸੁਰਜੀਤ ਦੀ ਕਾਵਿ ਪੁਸਤਕ “ਤੇਰੀ ਰੰਗਸ਼ਾਲਾ” ਨੂੰ ਲੋਕ ਮੰਚ ਪੰਜਾਬ ਵੱਲੋਂ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ਪੰਜਾਬੀ ਭਵਨ ਚ ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਡਾਃ ਸੁਰਜੀਤ ਪਾਤਰ, ਅਕਾਡਮੀ ਦੇ ਪ੍ਰਧਾਨ ਡਾਃ ਲਖਵਿੰਦਰ ਸਿੰਘ ਜੌਹਲ, ਜਨਰਲ ਸਕੱਤਰ ਡਾਃ ਗੁਰਇਕਬਾਲ ਸਿੰਘ,ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਗੁਰਭਜਨ ਸਿੰਘ ਗਿੱਲ,ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋਃ ਰਵਿੰਦਰ ਭੱਠਲ, ਕੁਲਦੀਪ ਸਿੰਘ ਬੇਦੀ,ਪ੍ਰਭਜੋਤ ਸੋਹੀ,ਗੁਰਚਰਨ ਕੌਰ ਕੋਚਰ, ਹਰਲੀਨ ਸੋਨਾ, ਸੁਰਿੰਦਰ ਗਿੱਲ ਜੈਪਾਲ ਅਤੇ ਤ੍ਰੈਲੋਚਨ ਲੋਚੀ ਨੇ ਲੋਕ ਅਰਪਣ ਕੀਤਾ।
ਸਵਾਗਤੀ ਸ਼ਬਦ ਬੋਲਦਿਆਂ ਪੰਜਾਬੀ ਸਾਹਿੱਤ ਅਕਾਡਮੀ ਤੇ ਲੋਕ ਮੰਚ ਪੰਜਾਬ ਵਲੋਂ ਡਾਃ ਲਖਵਿੰਦਰ ਸਿੰਘ ਜੌਹਲ ਨੇ ਕਿਹਾ ਕਿ ਪ੍ਰਦੇਸੀ ਧਰਤੀ ਤੇ ਗਲੋਬਲ ਮਨੁੱਖ ਦੇ ਅੰਦਰਲੇ ਸੰਸਾਰ ਨੂੰ ਸ਼ਬਦਾਂ ਚ ਪੇਸ਼ ਕਰਨ ਵਾਲੀ ਕਵਿੱਤਰੀ ਸੁਰਜੀਤ ਦੀ ਪੁਸਤਕ “ਤੇਰੀ ਰੰਗਸ਼ਾਲਾ” ਦਾ ਸਵਾਗਤ ਕਰਨਾ ਇਸ ਲਈ ਜ਼ਰੂਰੀ ਹੈ ਕਿਉਂਕਿ ਇਹ ਸਥੂਲ ਸਮਿਆਂ ਵਿੱਚ ਸੂਖਮ ਭਾਵਾਂ ਨੂੰ ਜਗਾਉਂਦੀ ਹੈ। ਉਸ ਦੀ ਕਵਿਤਾ ਉਦਾਸ ਸਮਿਆਂ ਵਿੱਚ ਹੁਲਾਸ ਦੀ ਉਮੀਦ ਜਗਾਉਂਦੀ ਹੋਣ ਕਾਰਨ ਸਵਾਗਤਯੋਗ ਹੈ।
ਸਭ ਤੋਂ ਪਹਿਲਾਂ ਸੁਰਜੀਤ ਨੇ ਆਪਣੀਆਂ ਚੋਣਵੀਆਂ ਕਵਿਤਾਵਾਂ ਸੁਣਾਉਂਦਿਆਂ ਕਿਹਾ ਕਿ ਕਵਿਤਾ ਤੁਰਦਿਆਂ ਫਿਰਦਿਆਂ ਉੱਠਦਿਆਂ ਬਹਿੰਦਿਆਂ ਮੇਰੇ ਅੰਗ ਸੰਗ ਹੁੰਦੀ ਹੈ। ਇਹ ਕਦੇ ਵੀ ਮੇਰਾ ਸਾਥ ਨਹੀਂ ਛੱਡਦੀ।ਪੁਸਤਕ “ਤੇਰੀ ਰੰਗਸ਼ਾਲਾ” ਬਾਰੇ ਪੰਜਾਬੀ ਸਾਹਿੱਤ ਅਕਾਡਮੀ ਦੇ ਜਨਰਲ ਸਕੱਤਰ ਡਾਃ ਗੁਰਇਕਬਾਲ ਸਿੰਘ ਨੇ ਖੋਜ ਪੱਤਰ ਪੇਸ਼ ਕਰਦਿਆਂ ਕਿਹਾ ਕਿ ਆਪਣੀਆਂ ਸੱਜਰੀਆਂ ਕਵਿਤਾਵਾਂ ਵਿੱਚ ਕੁਦਰਤ ਦੇ ਅੰਦਰੂਨ ਦੀ ਥਾਹ ਪਾਉਣ ਦੇ ਨਾਲ ਨਾਲ ਮਨ ਅੰਦਰ ਨੂੰ ਵੀ ਯਾਤਰਾ ਕਰਦੀ ਹੈ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋਃ ਗੁਰਭਜਨ ਗਿੱਲ ਨੇ ਕਿਹਾ ਕਿ ਸੁਰਜੀਤ ਆਪਾ ਪਿਘਲਾ ਕੇ ਕਵਿਤਾ ਕਸ਼ੀਦ ਕਰਦੀ ਹੈ। ਖ਼ੁਦ ਨੂੰ ਕਵਿਤਾ ਵਿਚ ਅਨੁਵਾਦ ਕਰਦਿਆਂ ਉਹ ਬਹੁਤੀ ਨਾਰੀ ਕਵਿਤਾ ਵਾਂਗ ਮਰਦ ਅਧੀਨਗੀ ਦਾ ਰੁਦਨ ਨਹੀਂ ਕਰਦੀ ਸਗੋਂ ਬਰਾਬਰ ਸਮਤੋਲ ਤੁਰਨ ਦਾ ਸੁਨੇਹੜਾ ਦਿੰਦੀ ਹੈ।
ਪ੍ਰਧਾਨਗੀ ਭਾਸ਼ਨ ਕਰਦਿਆਂ ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਪਦਮ ਸ਼੍ਰੀ ਡਾਃ ਸੁਰਜੀਤ ਪਾਤਰ ਨੇ ਕਿਹਾ ਕਿ ਸੁਰਜੀਤ ਦੀ ਆਜ਼ਾਦ ਕਵਿਤਾ ਵਿੱਚ ਵੀ ਅਨੁਸ਼ਾਸਨ ਹੈ। ਉਸ ਕੋਲ ਤਰਲ ਮਨ ਦੇ ਨਾਲ ਨਾਲ ਵਿਸ਼ਲੇਸ਼ਣੀ ਅੱਖ ਵੀ ਹੈ ਜੋ ਵਿਸ਼ਵ ਵਰਤਾਰੇ ਦੇ ਸਮੂਲਚੇ ਸੱਚ ਨੂੰ ਕਵਿਤਾ ਵਿੱਚ ਢਾਲਦੀ ਹੈ। ਉਨ੍ਹਾਂ ਕਿਹਾ ਕਿ ਛੰਦ ਬੱਧ ਕਵਿਤਾ ਵਾਂਗ ਹੀ ਖੁੱਲ੍ਹੀ ਕਵਿਤਾ ਵਿੱਚ ਵੀ ਉਵੇਂ ਹੀ ਅੰਬਰ ਚ ਉੱਡਦੇ ਬੱਦਲਾਂ ਨੂੰ ਵੀ ਵਿਗਿਆਨ ਦਾ ਅਨੁਸ਼ਾਸਨ ਨਿਰਧਾਰਤ ਕਰਦਾ ਹੈ।
ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਤੇ ਭਾਰਤੀ ਸਾਹਿੱਤ ਅਕਾਦਮੀ ਪੁਰਸਕਾਰ ਵਿਜੇਤਾ ਦਰਸ਼ਨ ਬੁੱਟਰ ਨੇ ਕਿਹਾ ਕਿ ਸੁਰਜੀਤ ਦੀ ਕਵਿਤਾ ਸਾਨੂੰ ਰੂਹ ਤੋਂ ਰੂਹ ਤੀਕ ਦਾ ਸਫ਼ਰ ਕਰਵਾਉਂਦੀ ਹੈ। ਉਨ੍ਹਾਂ ਕਿਹਾ ਕਿ 25ਵੇਂ ਨਾਭਾ ਕਵਿਤਾ ਉਤਸਵ ਵਿੱਚ ਵੀ ਇਸ ਵਾਰ ਨਾਰੀ ਸਿਰਜਕਾਂ ਦੀ ਸ਼ਾਇਰੀ ਫੁਲਕਾਰੀ ਵਾਂਗ ਬਹੁਰੰਗੀ ਤੇ ਵੰਨ ਸੁਵੰਨੇ ਅਨੁਭਵ ਵਾਲੀ ਸੀ। ਇਹ ਸ਼ੁਭ ਸ਼ਗਨ ਹੈ।ਸਮਾਗਮ ਦਾ ਸੰਚਾਲਨ ਕਾਵਿਕ ਅੰਦਾਜ਼ ਵਿੱਚ ਪ੍ਰਭਜੋਤ ਸੋਹੀ ਨੇ ਕੀਤਾ।
ਇਸ ਮੌਕੇ ਕਹਾਣੀਕਾਰ ਇੰਦਰਜੀਤ ਪਾਲ ਭਿੰਡਰ, ਜਗਦੀਸ਼ਪਾਲ ਸਿੰਘ ਗਰੇਵਾਲ ਸਰਪ੍ਰਸਤ ਪੰਜਾਬੀ ਸਾਹਿੱਤ ਅਕਾਦਮੀ ਲੁਧਿਆਣਾ ਤੇ ਸਰਪੰਚ ਦਾਦ, ਪਰਮਜੀਤ ਕੌਰ ਮਹਿਕ, ਕੁਲਵਿੰਦਰ ਕੌਰ ਕਿਰਨ, ਪ੍ਰੋਃ ਸ਼ਰਨਜੀਤ ਕੌਰ ਜੀ ਜੀ ਐੱਨ ਖਾਲਸਾ ਕਾਲਿਜ,ਕਵੀ ਵਿਸ਼ਾਲ ਮੁੱਖ ਸੰਪਾਦਕ ਅੱਖਰ,ਬਲਕਾਰ ਸਿੰਘ, ਸਿਮਰਨ ਧੁੱਗਾ,ਰਵੀਦੀਪ ਰਵੀ,ਰੈਕਟਰ ਕਥੂਰੀਆ,ਸਤੀਸ਼ ਗੁਲਾਟੀ, ਡਾਃ ਨਿਰਮਲ ਜੌੜਾ ਡਾਇਰੈਕਟਰ ਯੁਵਕ ਭਲਾਈ ਪੰਜਾਬ ਯੂਨੀਃ ਚੰਡੀਗੜ੍ਹ, ਅਮਰਜੀਤ ਸ਼ੇਰਪੁਰੀ, ਸਰਬਜੀਤ ਵਿਰਦੀ, ਕੇ ਸਾਧੂ ਸਿੰਘ, ਅਸ਼ਵਨੀ ਜੇਤਲੀ, ਨਰਿੰਦਰ ਸੱਤੀ ਜਲੰਧਰ, ਜਸਪ੍ਰੀਤ ਅਮਲਤਾਸ, ਮਨਦੀਪ ਕੌਰ ਭਮਰਾ ਵੀ ਹਾਜ਼ਰ ਸਨ।
114780cookie-checkਟੋਰੰਟੋ ਵੱਸਦੀ ਪੰਜਾਬੀ ਕਵਿਤਰੀ ਸੁਰਜੀਤ ਦੀ ਕਾਵਿ ਪੁਸਤਕ “ਤੇਰੀ ਰੰਗਸ਼ਾਲਾ” ਪੰਜਾਬੀ ਭਵਨ ਚ ਲੋਕ ਅਰਪਣ
[email protected]

DISCLAIMER: Charhat Punjab di: Editor does not takes responsibility for any news/video/article published, only Reporter/Writer will be responsible for his/her news or article. Any dispute if arrises shall be settled at Ludhiana jurisdiction only. Sat Pal Soni (Editor)