ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ਼, 12 ਅਪ੍ਰੈਲ (ਪ੍ਰਦੀਪ ਸ਼ਰਮਾ) : ਸੰਯੁਕਤ ਕਿਸਾਨ ਮੋਰਚੇ ਦੇ ਵਿਸ਼ੇਸ਼ ਸੱਦੇ ਮਿਤੀ 11 ਅਪ੍ਰੈਲ ਤੋਂ 17 ਅਪ੍ਰੈਲ ਤੱਕ ਘੱਟੋ ਘੱਟ ਸਮਰਥਨ ਮੁੱਲ ( ਐਮਐਸਪੀ ) ਦੇ ਗਰੰਟੀ ਕਾਨੂੰਨ ਨੂੰ ਲੈਕੇ ਕਿਸਾਨਾਂ ਵੱਲੋਂ ਪ੍ਰਚਾਰ ਮੁਹਿੰਮ ਤਹਿਤ ਹਫਤਾ ਮਨਾਇਆ ਜਾ ਰਿਹਾ ਹੈ। ਇਸ ਸੱਦੇ ਤਹਿਤ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਦੇ ਬਲਾਕ ਫੂਲ ਵੱਲੋਂ ਵੀ ਇਲਾਕੇ ਦੀਆਂ ਮੰਡੀਆਂ ਵਿੱਚ ਇਸਨੂੰ ਲੈਕੇ ਬੀਤੇ ਕੱਲ ਤੋਂ ਹੀ ਪ੍ਰਚਾਰ ਕੀਤਾ ਜਾ ਰਿਹਾ ਹੈ।
ਇਸ ਮੌਕੇ ਬੀਕੇਯੂ ਕ੍ਰਾਂਤੀਕਾਰੀ ਪੰਜਾਬ ਜਥੇਬੰਦੀ ਦੇ ਕਿਸਾਨ ਆਗੂਆਂ ਵੱਲੋਂ ਰਾਮਪੁਰਾ ਫੂਲ ਦੀ ਦਾਣਾ ਮੰਡੀ ਦੇ ਐਂਟਰੀ ਪੁਆਇੰਟ ਉਪਰ ਟੈਂਟ ਲਗਾਕੇ ਕਿਸਾਨਾਂ ਨੂੰ ਐਮਐਸਪੀ ਗਰੰਟੀ ਕਾਨੂੰਨ ਨੂੰ ਲਾਗੂ ਕਰਵਾਉਣ ਬਾਰੇ ਤੇ ਸਵਾਮੀਨਾਥਨ ਰਿਪੋਰਟ ਨੂੰ ਲਾਗੂ ਕਰਵਾਉਣ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸੂਬਾ ਕਮੇਟੀ ਮੈਂਬਰ ਬਲਵੰਤ ਮਹਿਰਾਜ ਨੇ ਦੱਸਿਆ ਕਿ ਦਿੱਲੀ ਮੋਰਚਾ ਜਿੱਤਣ ਦੇ ਨਾਲ ਨਾਲ ਕਿਸਾਨਾਂ ਦੀਆਂ ਕੁਝ ਮੰਗਾਂ ਬਾਕੀ ਬਚਦੀਆਂ ਹਨ ਜੋ ਕਿ ਭਾਵੇਂ ਕੇਂਦਰ ਸਰਕਾਰ ਕੋਲੋਂ ਲਿਖਤੀ ਭਰੋਸਾ ਲੈਣ ਮਗਰੋਂ ਕਿਸਾਨਾਂ ਨੇ ਕਿਸਾਨ ਮੋਰਚੇ ਨੂੰ ਮੁਲਤਵੀ ਕੀਤਾ ਹੋਇਆ ਹੈ।
ਓਹਨਾ ਕਿਹਾ ਕਿ ਇਹ ਐੱਮਐਸਪੀ ਗਰੰਟੀ ਕਾਨੂੰਨ ਹਫਤਾ ਮਨਾਉਣ ਦਾ ਮੁੱਖ ਮਕਸਦ ਹੈ ਕਿ ਕਿਸਾਨਾਂ ਨੂੰ ਦੱਸਿਆ ਜਾ ਸਕੇ ਕਿ ਐਮਐਸਪੀ ਗਰੰਟੀ ਕਾਨੂੰਨ ਦੀ ਜਰੂਰਤ ਕਿਓਂ ਹੈ ਤੇ ਇਸ ਉਪਰ ਗਰੰਟੀ ਕਾਨੂੰਨ ਬਣਨ ਨਾਲ ਕਿਸਾਨਾਂ ਦੀਆਂ ਫਸਲਾਂ ਦੇ ਸਹੀ ਮੁੱਲ ਮਿਲਣ ਬਾਰੇ ਚੇਤਨ ਕਰਨਾ ਹੈ। ਓਹਨਾ ਸਰਕਾਰ ਤੋਂ ਵੀ ਮੰਗ ਕੀਤੀ ਕਿ ਗਰਮੀ ਜਿਆਦਾ ਪੈਣ ਕਰਕੇ ਇਸ ਵਾਰ ਕਣਕ ਦੀ ਫਸਲ ਦਾ ਝਾੜ ਘੱਟ ਨਿਕਲਣ ਕਰਕੇ ਕਿਸਾਨਾਂ ਨੂੰ ਵਿਸ਼ੇਸ਼ ਮੁਆਵਜਾ ਦਿੱਤਾ ਜਾਵੇ ਤਾਂ ਜੋ ਪਹਿਲਾ ਤੋਂ ਹੀ ਵਿੱਤੀ ਤੇ ਆਰਥਿਕ ਸੰਕਟ ਨਾਲ ਜੂਝ ਰਹੀ ਕਿਸਾਨੀ ਨੂੰ ਬਚਾਇਆ ਜਾ ਸਕੇ। ਓਥੇ ਹੀ ਜਥੇਬੰਦੀ ਦੇ ਜ਼ਿਲਾ ਪ੍ਰਧਾਨ ਪੁਰਸ਼ੋਤਮ ਮਹਿਰਾਜ ਨੇ ਦੱਸਿਆ ਕਿ ਦਾਣਾ ਮੰਡੀ ਚ ਕਿਸਾਨਾਂ ਨੂੰ ਐਮਐਸਪੀ ਗਰੰਟੀ ਕਾਨੂੰਨ ਦੇ ਨਾਲ ਨਾਲ ਓਹਨਾ ਨੂੰ ਆਉਂਦੀਆਂ ਪ੍ਰੇਸ਼ਾਨੀਆਂ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਤਾਂ ਜੋ ਕਿਸਾਨਾਂ ਨੂੰ ਕਿਸੇ ਗੱਲੋਂ ਖੱਜਲ ਖੁਆਰ ਨਾ ਹੋਣਾ ਪਵੇ।
ਓਹਨਾ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਜੋ ਜੋ ਪ੍ਰੋਗਰਾਮ ਦਿੱਤੇ ਜਾਣਗੇ ਓਹਨਾ ਨੂੰ ਲਾਗੂ ਕਰਵਾਉਣ ਲਈ ਜਥੇਬੰਦੀ ਵੱਲੋਂ ਦਿਨ ਰਾਤ ਮਿਹਨਤ ਕੀਤੀ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲਾ ਖਜਾਨਚੀ ਕਰਮਜੀਤ ਜੇਈ, ਤੀਰਥ ਰਾਮ ਸੇਲਬਰਾਹ, ਗੁਰਜੰਟ ਸਿੰਘ ਪ੍ਰਧਾਨ ਰਾਮਪੁਰਾ ਬਲਾਕ, ਰਣਜੀਤ ਮੰਡੀ ਕਲਾਂ ਸਕੱਤਰ ਰਾਮਪੁਰਾ ਬਲਾਕ, ਦਰਸ਼ਨ ਸਿੰਘ ਪ੍ਰਧਾਨ ਫੂਲ ਬਲਾਕ ਤੇ ਬਚਿੱਤਰ ਸਿੰਘ ਖਾਲਸਾ ਤੋਂ ਇਲਾਵਾ ਹੋਰ ਵੀ ਕਿਸਾਨ ਆਗੂ ਹਾਜ਼ਰ ਸਨ।
1142900cookie-checkਐਸਕੇਐਮ ਦੇ ਸੱਦੇ ਤਹਿਤ ਐਮਐਸਪੀ ਗਰੰਟੀ ਨੂੰ ਲੈਕੇ ਕਿਸਾਨਾਂ ਵੱਲੋਂ ਮਨਾਇਆ ਜਾ ਰਿਹੈ ਹਫ਼ਤਾ