April 19, 2024

Loading

ਚੜ੍ਹਤ ਪੰਜਾਬ ਦੀ 
ਲੁਧਿਆਣਾ, (ਸਤ ਪਾਲ ਸੋਨੀ) : ਗ਼ਜ਼ਲ ਗਾਇਕ ਭੁਪਿੰਦਰ ਸਿੰਘ ਨੂੰ ਸ਼ਰਧਾਂਜਲੀ ਦਿੰਦਿਆਂ ਪ੍ਰੋਃ ਗੁਰਭਜਨ ਸਿੰਘ ਗਿੱਲ ਚੇਅਰਮੈਨ ਲੋਕ ਵਿਰਾਸਤ ਅਕਾਡਮੀ ਨੇ ਗ਼ਜ਼ਲ ਗਾਇਕ ਭੁਪਿੰਦਰ ਸਿੰਘ ਨਾਲ ਆਪਣੀ ਮਿਲਣੀ ਨੂੰ ਯਾਦ ਕਰਦਿਆਂ ਕਿਹਾ ਕਿ ਮੈਨੂੰ ਨਹੀਂ ਸੀ ਪਤਾ ਉਹ ਪੱਕਾ ਭਾਊ ਹੈ, ਅੰਬਰਸਰੀਆ। 24 ਕੈਰਿਟ ਸ਼ੁੱਧ ਟਕਸਾਲੀ ਗਾਇਕ। ਉਸ ਦੇ ਪਿਤਾ ਜੀ ਸਃ ਨੱਥਾ ਸਿੰਘ ਸ਼ਾਸਤਰੀ ਸੰਗੀਤ ਗਿਆਤਾ ਸਨ। ਉਹ ਕੀਰਤਨ ਸੇਵਾ ਕਰਨ ਹਿਤ ਗੁਰਦੁਆਰਾ ਕਾਲਕਾ। ਜੀ ਦਿੱਲੀ ਵਿਖੇ ਜਦ ਸੇਵਾ ਨਿਭਾ ਰਹੇ ਸਨ ਤਾਂ ਉਨ੍ਹਾਂ ਨੇ ਪੁੱਤਰ ਭੁਪਿੰਦਰ ਨੂੰ ਦਿੱਲੀ ਦੇ ਹਿੰਦੂ ਕਾਲਿਜ ਵਿੱਚ ਦਾਖ਼ਲ ਕਰਵਾ ਦਿੱਤਾ।
ਇਥੇ ਪੜ੍ਹਦਿਆਂ ਉਹ ਆਕਾਸ਼ਵਾਣੀ ਤੇ ਦੂਰਦਰਸ਼ਨ ਵਿੱਚ ਗਾਉਣ ਲੱਗ ਪਏ, ਜਿੱਥੋਂ ਉਹ ਫਿਲਮ ਸੰਗੀਤਕਾਰ ਮਦਨਮੋਹਨ ਜੀ ਦੀ ਨਜ਼ਰ ਚੜ੍ਹ ਗਏ। ਉਨ੍ਹਾਂ ਹੀ ਉਸ ਨੂੰ ਹਕੀਕਤ ਫਿਲਮ ਵਿੱਚ ਗਾਉਣ ਦਾ ਮੌਕਾ ਦਿੱਤਾ। ਵੀਹ ਪੱਚੀ ਕੁ ਸਾਲ ਪਹਿਲਾਂ ਉਸ ਵੱਡੇ ਵੀਰ ਨਾਲ ਸਾਰਥਕ ਮਿਊਜ਼ਿਕ ਵਾਲੇ ਸਃ ਭੁਪਿੰਦਰ ਸਿੰਘ ਰਾਹੀਂ ਗ਼ਜ਼ਲ ਗਾਇਕ ਭੂਪਿੰਦਰ ਸਿੰਘ ਨਾਲ ਪੰਜਾਬੀ ਭਵਨ ਲੁਧਿਆਣਾ ਵਿੱਚ ਹੋਏ ਸੰਗੀਤ ਦਰਬਾਰ ਵਿੱਚ ਮੁਲਾਕਾਤ ਹੋਈ।
ਮੈਂ ਹਿੰਦੀ ਚ ਗੱਲ ਕਰਨੀ ਚਾਹੀ, ਇਹ ਸਮਝ ਕੇ ਕਿ ਉਹ ਕੋਈ ਗੈਰ ਪੰਜਾਬੀ ਹੈ।ਭੁਪਿੰਦਰ ਵੀਰ ਨੇ ਸ਼ੁੱਧ ਮਾਝੇ ਦੀ ਜ਼ਬਾਨ ਚ ਉੱਤਰ ਮੋੜਿਆ,
ਭਾਅ ਕੀ ਹੋ ਗਿਆ, ਮੇਰਾ ਪੰਜਾਬ ਮੇਰੇ ਨਾਲ ਹੁਣ ਹਿੰਦੀ ਚ ਗੱਲ ਕਰੂ?
ਮੈਂ ਛਿੱਥਾ ਪੈ ਗਿਆ। ਮੈਂ ਦੱਸਿਆ ਕਿ ਮੈਂ ਵੀ ਬਟਾਲੇ ਨੇੜਿਉਂ ਹਾਂ ਬਸੰਤਕੋਟ ਤੋਂ। ਉਸ ਘੁੱਟ ਕੇ ਗਲਵੱਕੜੀ ਚ ਲੈ ਲਿਆ ਤੇ ਬੋਲਿਆ, ਭਾਅ ਸ਼ਿਵ ਕੁਮਾਰ ਦਾ ਗਿਰਾਈਂ? ਹੈਂ ਨਾ। ਮੈਂ ਹਾਮੀ ਭਰੀ ਤਾਂ ਉਹ ਖਿੜ ਗਿਆ। ਭੁਪਿੰਦਰ ਸਿੰਘ ਗ਼ਜ਼ਲ ਗਾਇਕ ਜਗਜੀਤ ਸਿੰਘ ਤੋਂ ਵੀ ਪਹਿਲਾਂ ਬੰਬਈ ਵਿੱਚ ਸੰਘਰਸ਼ ਕਰ ਰਿਹਾ ਸੀ। ਉਹ ਭੂਪੇਂਦਰ ਦੇ ਨਾਮ ਨਾਲ ਮਸ਼ਹੂਰ ਹੋਇਆ।
ਟੋਰੰਟੋ ਵੱਸਦੇ ਸੰਗੀਤ ਪਾਰਖੂ ਵੀਰ ਇਕਬਾਲ ਮਾਹਲ ਨੇ ਵੀ ਚਿੰਗਾਰੀ ਨਾਮ ਹੇਠ ਭੂਪਿੰਦਰ ਤੇ ਦਿਲਰਾਜ ਕੌਰ ਦੀ ਆਵਾਜ਼ ਵਿੱਚ ਐੱਲ ਪੀ ਰੀਕਾਰਡ ਕੀਤਾ। ਇਸ ਵਿੱਚ ਓਟਵਾ ਰਹਿੰਦੇ ਉਰਦੂ ਕਵੀ ਰੌਸ਼ਨ ਪੁਖ਼ਰਾਜ ਜੀ ਦੀਆਂ ਗ਼ਜ਼ਲਾਂ ਸਨ। ਇਹ ਰੀਕਾਰਡ ਬਹੁਤ ਘੱਟ ਵਿਕਿਆ ਪਰ ਸਗੀਤ ਦੀ ਉੱਚਤਮ ਪੇਸ਼ਕਾਰੀ ਹੈ। ਸੰਗੀਤ ਸ ਮਹਿੰਦਰ ਜੀ ਦਾ ਸੀ। ਭੁਪਿੰਦਰ ਜਦ ਕਦੇ ਕੈਨੇਡਾ ਜਾਂਦਾ ਤਾਂ ਟੋਰੰਟੋ ਚ ਬਹੁਤੀ ਵਾਰ ਇਕਬਾਲ ਮਾਹਲ ਕੋਲ ਠਹਿਰਦਾ। ਉਦਾਸ ਹੋਇਆ ਇਕਬਾਲ ਦੱਸਦਾ ਹੈ ਕਿ ਬਾਤ ਨਿਕਲੇਗੀ ਤੋ ਫਿਰ ਦੂਰ ਤਲਕ ਜਾਏਗੀ ਅਸਲ ਵਿੱਚ ਭੁਪਿੰਦਰ ਸਿੰਘ ਨੇ ਹੀ ਗਾਇਆ ਸੀ, ਜਗਜੀਤ ਸਿੰਘ ਨੇ ਬਾਦ ਵਿੱਚ ਉਸ ਨੂੰ ਡੱਬ ਕੀਤਾ।ਇਕਬਾਲ ਆਖਦਾ ਹੈ ਭੁਪਿੰਦਰ ਬੇਪ੍ਰਵਾਹ ਦਰਿਆ ਸੀ। ਪੈਸੇ ਦਾ ਗੁਲਾਮ ਨਹੀਂ ਸੀ ਬਹੁਤੇ ਵਪਾਰਕ ਗਵੱਈਆਂ ਵਾਂਗ।
ਬੰਗਲਾ ਦੇਸ਼ ਦੀ ਜੰਮੀ ਜਾਈ ਗਾਇਕਾ ਮਿਤਾਲੀ ਸਿੰਘ ਨਾਲ ਉਸ ਦੀ ਸ਼ਾਦੀ 1983 ਚ ਹੋਈ। ਉਸ ਦਾ ਪੁੱਤਰ ਨਿਹਾਲ ਸਿੰਘ ਵੀ ਚੰਗਾ ਸੰਗੀਤਕਾਰ ਦੱਸਦੇ ਨੇ।ਗੱਲਾਂ ਗੱਲਾਂ ਚ ਭੁਪਿੰਦਰ ਸਿੰਘ ਨੇ ਉਦੋਂ ਦੱਸਿਆ ਸੀ ਕਿ ਉਹ ਸ਼ਿਵ ਕੁਮਾਰ ਦੀ ਅਮਰ ਰਚਨਾ ਲੂਣਾ ਦਾ ਚੋਣਵਾਂ ਗਾਇਨ ਰੀਕਾਰਡ ਕਰਵਾ ਰਿਹੈ, ਜੀਵਨ ਸਾਥਣ ਮਿਤਾਲੀ ਸਿੰਘ ਨਾਲ ਮਿਲ ਕੇ।ਕੁਝ ਚਿਰ ਬਾਦ ਉਹ ਸੀ ਡੀ ਆ ਗਈ ਸੀ। ਹੁਣ ਯੂ ਟਿਊਬ ਚ ਲੱਭ ਜਾਂਦੀ ਹੈ। ਭੁਪਿੰਦਰ ਸਿੰਘ ਨੇ ਦੱਸਿਆ ਕਿ ਉਹ ਸ਼ਿਵ ਕੁਮਾਰ ਦਾ ਜਵਾਨੀ ਵੇਲੇ ਨੇੜੂ ਵੀ ਸੀ। ਉਸ ਨਾਲ ਇਕਰਾਰ ਸੀ ਕਿ ਕਦੇ ਮੈਂ ਵੀ ਲੂਣਾ ਗਾਵਾਂਗਾ। ਗਾ ਕੇ ਇਕਰਾਰ ਪੂਰਾ ਕੀਤਾ ਹੈ, ਮੁਹੱਬਤ ਦਾ ਅਣਲਿਖਿਆ ਇਕਰਾਰਨਾਮਾ।
ਭੁਪਿੰਦਰ ਸਿੰਘ ਨੇ ਹਿੰਦੀ ਫ਼ਿਲਮਾਂ ਚ ਬਹੁਤ ਯਾਦਗਾਰੀ ਗੀਤ ਤੇ ਗ਼ਜ਼ਲਾਂ ਗਾਈਆਂ। ਉਸ ਦੀ ਆਵਾਜ਼ ਵਿੱਚ ਧਰਤੀ ਦੀ ਹੂਕ ਸੀ ਤੇ ਅੰਬਰ ਦੀ ਗੂੰਜ। ਉਹ ਮੁਕੰਮਲ ਗਾਇਕ ਸੀ ਪਰ ਆਪਣੀਆਂ ਸ਼ਰਤਾਂ ਤੇ ਕੰਮ ਕਰਨ ਵਾਲਾ। ਕਿਸੇ ਦੀ ਅਧੀਨਗੀ 82 ਸਾਲ ਦੀ ਉਮਰ ਤੀਕ ਪ੍ਰਵਾਨ ਨਹੀਂ ਕੀਤੀ। ਸਿਦਕ ਸਵਾਸਾਂ ਨਾਲ ਨਿਭਾਇਆ ਵੱਡੇ ਵੀਰ ਨੇ। ਉਸ ਦੇ ਗਾਏ ਇਹ ਬੋਲ ਰੂਹ ਚ ਗੂੰਜ ਰਹੇ ਨੇ।
ਮੇਰੀ ਆਵਾਜ਼ ਹੀ ਮੇਰੀ ਪਹਿਚਾਨ ਹੈ
ਗਰ ਯਾਦ ਰਹੇ।
ਦਿਲ ਢੂੰਡਤਾ ਹੈ ਫਿਰ ਵਹੀ ਫੁਰਸਤ ਕੇ ਰਾਤ ਦਿਨ
ਹੋ ਕੇ ਮਜਬੂਰ ਮੁਝੇ ਉਸਨੇ ਭੁਲਾਇਆ ਹੋਗਾ।
ਅੱਜ ਦਿਨ ਚੜ੍ਹਦੇ ਸਾਰ ਉਸ ਦੇ ਸਦੀਵੀ ਵਿਛੋੜੇ ਦੀ ਖ਼ਬਰ ਮਿਲੀ ਤਾਂ ਲੱਗਿਆ ਕਿ ਆਹ ਕੀ?
ਵੱਡੇ ਵੀਰ ਨਾਲ ਵੀਹ ਪੱਚੀ ਸਾਲ ਪਹਿਲਾਂ ਖਿਚਵਾਈ ਇਹ ਤਸਵੀਰ ਅੱਜ ਮੈਨੂੰ ਬਹੁਤ ਉਦਾਸ ਕਰ ਗਈ ਹੈ, ਸਲਾਮ ਵੱਡੇ ਭਾਅ ਨੂੰ!
#For any kind of News and advertisment contact us on 980-345-0601 
123470cookie-check ਵੱਡਾ ਜ਼ਖ਼ਮ ਦੇ ਗਿਆ ਗ਼ਜ਼ਲ ਗਾਇਕ ਭੁਪਿੰਦਰ ਸਿੰਘ ਦਾ ਵਿਛੋੜਾ:ਗੁਰਭਜਨ ਗਿੱਲ
error: Content is protected !!