ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 19 ਸਤੰਬਰ (ਪ੍ਰਦੀਪ ਸ਼ਰਮਾ ): ਇੰਤਜ਼ਾਮੀਆ ਕਮੇਟੀ ਗੁਰਦੁਆਰਾ ਮਾੜੀ ਸਿੱਖਾਂ ਦੇ ਪ੍ਰਧਾਨ ਅਤੇ ਉਸ ਦੇ ਸਾਥੀਆਂ ਨੂੰ ਇਕ ਗੁੰਮਨਾਮ ਪੱਤਰ ਜ਼ਰੀਏ ਜਾਨੋਂ ਮਾਰਨ ਦੀ ਮਿਲੀ ਧਮਕੀ ਤੋਂ ਬਾਅਦ ਪੁਲਸ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਮਹਿਰਾਜ ਰੋਡ ਤੇ ਸਥਿਤ ਗੁਰਦੁਆਰਾ ਮਾੜੀ ਸਿੱਖਾਂ ਦੀ ਕੰਧ ਤੇ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਪ੍ਰਧਾਨ ਸੁਰਜੀਤ ਸਿੰਘ ਭੁੱਲਰ ਦੇ ਨਾਮ ਤੇ ਇਕ ਪੱਤਰ ਚਿਪਕਾਇਆ ਗਿਆ ਜਿਸ ਵਿੱਚ ਉਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਚਿਪਕਾਏ ਗਏ ਉਕਤ ਪੱਤਰ ਨੂੰ ਉਥੋਂ ਕੋਈ ਉਤਾਰ ਕੇ ਲੈ ਗਿਆ ਹਾਲਾਂਕਿ ਇਹ ਪੱਤਰ ਕਿਸ ਵੱਲੋਂ ਲਿਖਿਆ ਗਿਆ ਹੈ ਇਸ ਦਾ ਜਿਕਰ ਨਹੀ ਕੀਤਾ ਗਿਆ।
ਕਮੇਟੀ ਦੇ ਪ੍ਰਧਾਨ ਸੁਰਜੀਤ ਭੁੱਲਰ ਨੇ ਦੱਸਿਆ ਕਿ ਉਕਤ ਪੱਤਰ ਬਾਰੇ ਪੁਲਸ ਨੂੰ ਸੂਚਨਾ ਦੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਸ ਧਮਕੀ ਭਰੇ ਪੱਤਰ ਬਾਰੇ ਗੁਰਦੁਆਰੇ ਦੇ ਸੇਵਾਦਾਰ ਕੁਲਵੰਤ ਸਿੰਘ ਨੂੰ ਪਤਾ ਲੱਗਾ ਤਾਂ ਉਹ ਗੁਰਦੁਆਰੇ ਵਿਚੋਂ ਗਾਰਦ ਨੂੰ ਲੈ ਕੇ ਉਸ ਘਰ ਚਲਾ ਗਿਆ ਜਿਨ੍ਹਾਂ ਦੇ ਬੱਚੇ ਇਸ ਪੱਤਰ ਨੂੰ ਲੈ ਗਏ ਸਨ। ਇਸ ਵਿੱਚ ਲਿਖਿਆ ਗਿਆ ਹੈ ਕਿ ਤੁਸੀਂ ਗੁਰਦੁਆਰਾ ਸਾਹਿਬ ਨੂੰ ਸਮਾਧਾਂ ਵਿੱਚ ਤਬਦੀਲ ਕਰਕੇ ਡੇਰਾਵਾਦ ਨੂੰ ਬੜਾਵਾ ਦੇ ਰਹੇ ਹੋ ਅਸੀਂ ਖਾਲਿਸਤਾਨ ਬਣਾਉਣਾ ਚਾਹੁੰਦੇ ਹਾਂ। ਇਸ ਕਰਕੇ ਤੇਰੇ ਵਰਗਿਆਂ ਦਾ ਇਸ ਦੁਨੀਆਂ ਤੇ ਜਿਊਂਦੇ ਰਹਿਣਾ ਸਾਡੇ ਲਈ ਠੀਕ ਨਹੀਂ ਹੈ। ਭੁੱਲਰ ਨੇ ਦੱਸਿਆ ਕਿ ਪੱਤਰ ਵਿਚ ਇਹ ਵੀ ਲਿਖਿਆ ਗਿਆ ਹੈ ਕਿ ਤੈਨੂੰ ਬੜਾ ਹੰਕਾਰ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਕੇਸ ਜਿੱਤ ਗਿਆ ਹੈ। ਤੈਨੂੰ ਦੱਸ ਦਈਏ ਕਿ ਹੰਕਾਰ ਤਾਂ ਮੂਸੇਵਾਲਾ ਨੂੰ ਬਹੁਤ ਸੀ, ਲਾ ਦਿੱਤਾ ਗੈਂਗਸਟਰਾਂ ਨੇ। ਤੇਰਾ ਤਾਂ ਸਾਨੂੰ ਗਾਟਾ ਲਾਹੁਣਾ ਪੈਣਾ ਤੂੰ ਤਾਂ ਸਿੱਖੀ ਦਾ ਘਾਣ ਕਰਨ ਤੇ ਹੋ ਗਿਆ।
ਫਿਰਕੂ ਤਾਕਤਾਂ ਮਾਹੌਲ ਖ਼ਰਾਬ ਕਰਨ ਤੇ ਤੁਲੀਆਂ- ਸੁਰਜੀਤ ਸਿੰਘ ਭੁੱਲਰ
ਇਸ ਧਮਕੀ ਭਰੇ ਪੱਤਰ ਬਾਰੇ ਸੁਰਜੀਤ ਸਿੰਘ ਭੁੱਲਰ ਨੇ ਕਿਹਾ ਕਿ ਫਿਰਕੂ ਤਾਕਤਾਂ ਮਾਹੌਲ ਖ਼ਰਾਬ ਕਰਨ ਤੇ ਲੱਗੀਆਂ ਹੋਈਆਂ ਹਨ। ਜਿਨ੍ਹਾਂ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਕਤ ਪੱਤਰ ਦੀ ਛਾਣਬੀਣ ਕਰਨ ਸੰਬੰਧੀ ਡੀਐਸਪੀ ਫੂਲ ਆਸਵੰਤ ਸਿੰਘ ਤੇ ਥਾਣਾ ਸਿਟੀ ਦੇ ਇੰਚਾਰਜ ਅੰਮ੍ਰਿਤਪਾਲ ਸਿੰਘ ਗੁਰਦੁਆਰਾ ਮਾੜੀ ਸਿੱਖਾਂ ਪੁੱਜੇ ਜਿਨ੍ਹਾਂ ਨੇ ਇਸ ਪੱਤਰ ਬਾਰੇ ਜਾਣਕਾਰੀ ਲੈ ਕੇ ਤਫਤੀਸ਼ ਆਰੰਭ ਦਿੱਤੀ ਹੈ। ਇਸ ਸਬੰਧੀ ਡੀਐੱਸਪੀ ਅਸ਼ਵੰਤ ਸਿੰਘ ਨੇ ਕਿਹਾ ਕਿ ਸੀਸੀਟੀਵੀ ਫੁਟੇਜ ਖੰਗਾਲੀਆਂ ਜਾ ਰਹੀਆਂ ਹਨ ਕਿ ਕੌਣ ਇਸ ਪੱਤਰ ਨੂੰ ਗੁਰਦੁਆਰਾ ਸਾਹਿਬ ਦੀ ਕੰਧ ਤੇ ਚਿਪਕਾ ਕੇ ਗਿਆ ਹੈ। ਫਿਰ ਹੀ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ।
#For any kind of News and advertisment contact us on 980-345-0601
1285610cookie-checkਇੰਤਜ਼ਾਮੀਆ ਕਮੇਟੀ ਗੁਰਦੁਆਰਾ ਮਾੜੀ ਸਿੱਖਾਂ ਦੇ ਪ੍ਰਧਾਨ ਨੂੰ ਮਿਲੀ ਜਾਨੋ ਮਾਰਨ ਦੀ ਧਮਕੀ