November 14, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ (ਪ੍ਰਦੀਪ ਸ਼ਰਮਾ) : ਮਜ਼ਦੂਰ ਕਿਸਾਨ ਜੱਥੇਬੰਦੀਆਂ ਨੇ ਥਾਣਾ ਸਦਰ ਰਾਮਪੁਰਾ ਦਾ ਗੇਟ ਅਤੇ ਉਸ ਦੇ ਸਾਹਮਣੇ ਦੀ ਬਠਿੰਡਾ ਚੰਡੀਗੜ੍ਹ ਹਾਈਵੇ ਦੀ ਇੱਕ ਸਾਈਡ ਜਾਮ ਕਰਕੇ ਪਿੰਡ ਜਿਉਂਦ ਤੇ ਚਾਉਕੇ ਦੇ ਉੱਚ ਜਾਤ ਦੇ ਹੰਕਾਰੇ ਵਿਆਕਤੀਆਂ ‘ਤੇ ਐਸ.ਸੀ ਐਸ.ਟੀ ਦੀਆਂ ਧਰਾਵਾਂ ਤਹਿਤ ਕੇਸ ਦਰਜ ਕਰਕੇ ਉਨਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ। ਜਿਨਾਂ ਨੇ ਇੱਕ ਮਜ਼ਦੂਰ ਔਰਤ ਤੇ ਇੱਕ ਨੌਜਵਾਨ ਨੂੰ ਜਨਤਕ ਤੌਰ ‘ਤੇ ਜਾਤੀ ਸੂਚਕ ਸਬਦ ਬੋਲ ਕੇ ਅਪਮਾਨਿਤ ਕੀਤਾ।
ਇਹ ਧਰਨਾ ਪੰਜਾਬ ਖੇਤ ਮਜ਼ਦੂਰ ਯੂਨੀਅਨ, ਮਜ਼ਦੂਰ ਮੁਕਤੀ ਮੋਰਚਾ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਸਾਂਝੇ ਤੌਰ ‘ਤੇ ਲਾਇਆ ਗਿਆ। ਧਰਨੇ ਨੂੰ ਸਬੋਧਨ ਕਰਦੇ ਹੋਏ ਮਜ਼ਦੂਰ ਮੁਕਤੀ ਮੋਰਚਾ ਦੇ ਆਗੂ ਪ੍ਰਿਤਪਾਲ ਸਿੰਘ ਰਾਮਪੁਰਾ, ਹਰਵਿੰਦਰ ਸਿੰਘ ਸੇਮਾ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਤੇ ਜਿਲਾ ਕਮੇਟੀ ਮੈਂਬਰ ਤੀਰਥ ਸਿੰਘ ਕੋਠਾ ਗੁਰੂ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਦੇ ਆਗੂ ਗੁਲਾਬ ਸਿੰਘ ਜਿਉਂਦ ਤੇ ਬਲਦੇਵ ਸਿੰਘ ਚਾਉਕੇ ਨੇ ਕਿਹਾ ਕਿ ਪਿੰਡ ਚਾਉਕੇ ਦੇ ਨੌਜਵਾਨ ਨੂੰ ਉੱਚ ਜਾਤੀ ਵਿਅਕਤੀਆਂ ਨੇ ਜਾਤੀ ਸੂਚਕ ਸਬਦ ਬੋਲ ਕੇ ਬੁਰੀ ਤਰਾਂ ਕੁੱਟਮਾਰ ਇਸ ਕਰਕੇ ਕੀਤੀ ਕਿਉਕਿ ਨੌਜਵਾਨ ਦੇ ਸਾਈਕਲ ਦੇ ਟਾਇਰ ਹੇਠ ਉਨਾਂ ਦੇ ਜੁਆਕ ਦਾ ਬੁਲਬਲਾ (ਗੁਬਾਰਾ) ਫੁੱਟ ਗਿਆ ਸੀ।
ਇਸੇ ਤਰਾਂ ਪਿੰਡ ਜਿਉਂਦ ਦੇ ਧਨਾਢ ਕਹਾਉਂਦੇ ਇੱਕ ਵਿਆਕਤੀ ਨੇ ਮਜ਼ਦੂਰ ਔਰਤ ਨੂੰ ਇੱਕ ਕੇਸ ਵਿੱਚ ਦਬਾਅ ਪਾ ਕੇ ਸਮਝੌਤਾ ਕਰਨ ਲਈ ਕਿਹਾ। ਪਰ ਜਦੋਂ ਉਸ ਨੇ ਅਜਿਹਾ ਕਰਨ ਤੋਂ ਨਾਹ ਕੀਤੀ ਤਾਂ ਉਸ ਨੂੰ ਉਹ ਦੇ ਘਰ ਵਿੱਚ ਹੀ ਜਾਤੀ ਸੂਚਕ ਸਬਦ ਬੋਲ ਕੇ ਅਪਮਾਨਿਤ ਕੀਤਾ ਗਿਆ। ਉਨਾਂ ਪੁਲਿਸ ਪ੍ਰਸ਼ਾਸਨ ‘ਤੇ ਦੋਸ ਲਾਉਦਿਆ ਕਿਹਾ ਕਿ ਮਜ਼ਦੂਰਾਂ ਦਾ ਮਾਨ ਸਨਮਾਨ ਰੇਤੇ ਵਿੱਚ ਰੋਲਣ ਵਾਲੇ ਵਿਆਕਤੀਆਂ ‘ਤੇ ਕੇਸ ਦਰਜ ਕਰਨ ਤੋਂ ਟਾਲਾ ਵੱਟ ਕੇ ਵਕਤ ਟਪਾ ਰਹੀ ਹੈ। ਬੁਲਾਰਿਆਂ ਨੇ ਮੋਦੀ ਹਕੂਮਤ ਵੱਲੋਂ ਕੇਂਦਰੀ ਮੰਤਰੀਆਂ ਨੂੰ ਮਜ਼ਦੂਰ ਘਰਾਂ ਵਿੱਚ ਖਾਣਾ ਖਾਣ ਦੀ ਵਿੱਢੀ ਮੁਹਿੰਮ ਨੂੰ ਮਜ਼ਦੂਰਾਂ ਨਾਲ ਕੋਝਾ ਮਜਾਕ ਕਰਾਰ ਦਿੰਦਿਆਂ ਕਿਹਾ ਕਿ ਜਮੀਨੀ ਪੱਧਰ ‘ਤੇ ਮਜ਼ਦੂਰਾਂ ਨਾਲ ਜਾਤੀ ਅਧਾਰ ਤੇ ਨਫਰਤ ਕੀਤੀ ਜਾ ਰਹੀ ਹੈ।
ਉਨਾਂ ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਵਿੱਚ ਬਦਲਾਅ ਹੋਣ ਦਾ ਪ੍ਰਚਾਰ ਕਰਕੇ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਸਰਕਾਰ ਦੀਆਂ ਗੁੰਮਰਾਹ ਕਰੂ ਚਾਲਾਂ ਨੂੰ ਹੁਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਯੂਨੀਅਨਾਂ ਨੇ ਥਾਣਾ ਅਧਿਕਾਰੀ ਵੱਲੋਂ ਚਾਉਕੇ ਕੇਸ ਵਿੱਚ ਕੀਤੀ ਇੱਕਪਾਸੜ ਰਿਪੋਰਟ ਨੂੰ ਰੱਦ ਕਰਦੇ ਹੋਏ ਕੱਲ ਨੂੰ ਥਾਣੇ ਤੇ ਪੂਰੀ ਹਾਈਵੇ ਜਾਮ ਕਰਨ ਦਾ ਐਲਾਨ ਕੀਤਾ। ਇਸ ਮੌਕੇ ਗੁਰਨਾਮ ਸਿੰਘ, ਸਰਦੂਲ ਸਿੰਘ ਜਿਉਦ, ਤੇਜਾ ਸਿੰਘ ਪਿੱਥੋ , ਮਾ. ਸੁਖਦੇਵ ਸਿੰਘ ਜਵੰਦਾ, ਸਗਨਦੀਪ ਸਿੰਘ ਜਿਉਂਦ, ਹਰਾਪਾਲ ਕੌਰ, ਐਸ.ਐਸ. ਏ ਰਮਸਾ ਦੇ ਜਿਲਾ ਪ੍ਰਧਾਨ ਅਪਰ ਅਪਾਰ ਸਿੰਘ, 6060 ਅਧਿਆਪਕ ਯੂਨੀਅਨ ਦੇ ਆਗੂ ਗੁਰਸੇਵਕ ਸਿੰਘ ਫੂਲ ਆਦਿ ਆਗੂਆਂ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ।
 #For any kind of News and advertisment contact us on 980-345-0601
126670cookie-checkਮਜ਼ਦੂਰਾਂ ‘ਤੇ ਜਾਤੀ ਅੱਤਿਆਚਾਰ ਕਰਨ ਵਾਲਿਆਂ ਉੱਤੇ ਕੇਸ ਦਰਜ ਕਰਵਾਉਣ ਲਈ ਥਾਣਾ ਤੇ ਹਾਈਵੇ ਕੀਤਾ ਬੰਦ
error: Content is protected !!