ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ਼, 27 ਜੁਲਾਈ (ਪ੍ਰਦੀਪ ਸ਼ਰਮਾ): ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਦੀ ਜ਼ਿਲਾ ਬਠਿੰਡਾ ਦੀ ਮੀਟਿੰਗ ਅੱਜ ਫੂਲ਼ ਦੇ ਗੁਰੂਦੁਆਰਾ ਸ਼੍ਰੀ ਅਕਾਲਗੜ੍ਹ ਸਾਹਿਬ ਵਿਖੇ ਹੋਈ। ਇਸ ਮੌਕੇ ਮੀਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਦਿੱਲੀ ਮੋਰਚੇ ਚ ਸ਼ਹੀਦੀਆਂ ਪ੍ਰਾਪਤ ਕਰ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਉਪਰੰਤ ਮੀਟਿੰਗ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਪੁਰਸ਼ੋਤਮ ਮਹਿਰਾਜ ਦੀ ਅਗਵਾਈ ਵਿੱਚ ਕੀਤੀ ਗਈ।
ਡੱਲੇਵਾਲ ਦੁਆਰਾ ਕੀਤੇ ਗਏ ਖੁਲਾਸਿਆਂ ਨੂੰ ਲੈਕੇ ਸੰਬੰਧਿਤ ਆਗੂਆਂ ਦੀ ਹੋਵੇ ਜਾਂਚ
ਮੀਟਿੰਗ ਦੌਰਾਨ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ਼ ਨੇ ਹਾਜ਼ਰੀਨ ਕਿਸਾਨ ਆਗੂਆਂ ਨੂੰ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਤਹਿਤ 31 ਜੁਲਾਈ ਨੂੰ ਰੇਲ ਰੋਕੋ ਪ੍ਰੋਗਰਾਮ ਦੀ ਵਿਉਂਤਬੰਦੀ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਓਹਨਾ ਕਿਹਾ ਕਿ ਦਿੱਲੀ ਮੋਰਚੇ ਦੌਰਾਨ ਕੇਂਦਰ ਸਰਕਾਰ ਤੋਂ ਸੰਯੁਕਤ ਕਿਸਾਨ ਮੋਰਚੇ ਦੀਆਂ ਬਾਕੀ ਰਹਿੰਦੀਆਂ ਮੰਗਾਂ ਨੂੰ ਪੂਰਾ ਕਰਵਾਉਣ ਲਈ ਇਹ ਰੇਲ ਰੋਕੋ ਪ੍ਰੋਗਰਾਮ ਪੂਰੇ ਮੁਲਖ ਚ ਲਾਗੂ ਕੀਤਾ ਜਾਵੇਗਾ। ਇਸ ਮੌਕੇ ਸੂਬਾ ਪ੍ਰਧਾਨ ਸੁਰਜੀਤ ਫੂਲ਼ ਨੇ ਦੱਸਿਆ ਕਿ ਬੀਤੇ ਦਿਨੀਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੁਆਰਾ ਦਿੱਲੀ ਮੋਰਚੇ ਦੇ ਸੰਬੰਧ ਵਿੱਚ ਜੋ ਕਰੋੜਾਂ ਰੁਪਏ ਦੇ ਸਮਝੌਤੇ ਨੂੰ ਲੈਕੇ ਜੋ ਖੁਲਾਸਾ ਕੀਤਾ ਗਿਆ ਹੈ ਉਸਨੂੰ ਲੈਕੇ ਸੰਬੰਧਿਤ ਆਗੂਆਂ ਦੀ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਸਚਾਈ ਸਾਹਮਣੇ ਲਿਆਂਦੀ ਜਾ ਸਕੇ।
ਸੂਬਾ ਪ੍ਰਧਾਨ ਸੁਰਜੀਤ ਫੂਲ਼ ਨੇ ਆਖਿਆ ਕਿ ਸਾਡੀ ਜਥੇਬੰਦੀ ਵੱਲੋਂ ਸੰਯੁਕਤ ਕਿਸਾਨ ਮੋਰਚਾ ਦੁਆਰਾ ਦਿੱਤੇ ਜਾਣ ਵਾਲੇ ਸੱਦਿਆਂ ਨੂੰ ਲੈਕੇ ਪੂਰਨ ਤੌਰ ਉਪਰ ਲਾਗੂ ਕੀਤਾ ਜਾਇਆ ਕਰੇਗਾ ਤੇ ਨਾਲ ਹੀ ਓਹਨਾ ਇਹ ਵੀ ਸਪਸ਼ਟ ਕੀਤਾ ਕਿ ਜਥੇਬੰਦੀ ਆਪਣੇ ਵਿਚਾਰ ਰੱਖਣ ਲਈ ਸੁਤੰਤਰ ਰਹੇਗੀ ਨਾ ਕਿ ਦਿੱਲੀ ਮੋਰਚੇ ਵਾਂਗੂ ਅਨੁਸ਼ਾਸਨੀ ਕਾਰਵਾਈ ਦਾ ਹਵਾਲਾ ਦੇਕੇ ਪਾਬੰਦੀਆਂ ਦਾ ਸਾਹਮਣਾ ਕਰੇਗੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਪੁਰਸ਼ੋਤਮ ਮਹਿਰਾਜ ਨੇ ਦੱਸਿਆ ਕਿ 31 ਜੁਲਾਈ ਨੂੰ ਚਾਰ ਘੰਟਿਆਂ ਦੇ ਰੇਲ ਰੋਕੋ ਪ੍ਰੋਗਰਾਮ ਨੂੰ ਪੂਰਨ ਤੌਰ ਤੇ ਲਾਗੂ ਕਰਨ ਲਈ ਰਾਮਪੁਰਾ ਫੂਲ਼ ਦੇ ਗਿੱਲ ਕਲਾਂ ਫਾਟਕ ਕੋਲ ਜਥੇਬੰਦੀ ਵੱਲੋਂ ਰੇਲ ਦੀ ਪੱਟੜੀ ਉਪਰ ਮੋਰਚਾ ਲਗਾਕੇ ਰੇਲ ਆਵਾਜਾਈ ਨੂੰ ਠੱਪ ਕਰਕੇ ਇਸ ਸੱਦੇ ਨੂੰ ਸਫਲ ਬਣਾਇਆ ਜਾਵੇਗਾ। ਇਸ ਮੌਕੇ ਓਹਨਾ ਜ਼ਿਲੇ ਦੇ ਬਲਾਕਾਂ ਤੇ ਇਕਾਈਆਂ ਦੇ ਆਗੂਆਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਇਕੱਠ ਵਧਾਉਣ ਲਈ ਲਾਮਬੰਦ ਕੀਤਾ।
ਇਸ ਮੌਕੇ ਮੀਟਿੰਗ ਦੌਰਾਨ ਜ਼ਿਲ੍ਹਾ ਜਨਰਲ ਸਕੱਤਰ ਗੁਰਪ੍ਰੀਤ ਭਗਤਾ, ਫੂਲ਼ ਬਲਾਕ ਪ੍ਰਧਾਨ ਦਰਸ਼ਨ ਢਿੱਲੋਂ, ਰਾਮਪੁਰਾ ਬਲਾਕ ਪ੍ਰਧਾਨ ਗੁਰਜੰਟ ਸਿੰਘ ਤੇ ਸਕੱਤਰ ਰਣਜੀਤ ਮੰਡੀ ਕਲਾਂ, ਜ਼ਿਲਾ ਪ੍ਰੈਸ ਸਕੱਤਰ ਸੁਖਮੰਦਰ ਸਿੰਘ, ਬਲਾਕ ਭਗਤਾ ਸਕੱਤਰ ਗੋਰਾ ਹਾਕਮ ਵਾਲਾ, ਤੀਰਥ ਰਾਮ ਸੇਲਬਰਾਹ, ਜੱਸੀ ਭਾਗੀਵਾਂਦਰ ਸਮੇਤ ਹੋਰ ਵੀ ਆਸਪਾਸ ਦੇ ਪਿੰਡਾਂ ਤੋਂ ਕਿਸਾਨ ਆਗੂ ਹਾਜ਼ਰ ਸਨ।
#For any kind of News and advertisment contact us on 980-345-0601
1240900cookie-checkਭਾਕਿਯੂ ਕ੍ਰਾਂਤੀਕਾਰੀ ਪੰਜਾਬ ਦੀ ਹੋਈ ਜ਼ਿਲ੍ਹਾ ਮੀਟਿੰਗ