ਚੜ੍ਹਤ ਪੰਜਾਬ ਦੀ
ਲੁਧਿਆਣਾ, 25 ਜਨਵਰੀ (ਸਤ ਪਾਲ ਸੋਨੀ) – ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ 6 ਚੋਣ ਖਰਚਾ ਨਿਗਰਾਨਾਂ ਨੂੰ ਵਿਧਾਨ ਸਭਾ ਚੋਣਾਂ ਦੌਰਾਨ ਖਰਚੇ ਦੀ ਨਿਗਰਾਨੀ ਲਈ ਪ੍ਰਸ਼ਾਸਨ ਵੱਲੋਂ ਕੀਤੇ ਪ੍ਰਬੰਧਾਂ ਬਾਰੇ ਜਾਣਕਾਰੀ ਦਿੱਤੀ।ਡਿਪਟੀ ਕਮਿਸ਼ਨਰ ਨੇ ਵਰਚੁਅਲ ਮੀਟਿੰਗ ਦੌਰਾਨ ਚੋਣ ਖਰਚਾ ਨਿਗਰਾਨ ਅਵੀਜੀਤ ਮਿਸ਼ਰਾ ਆਈ.ਆਰ.ਐਸ. (ਵਿਧਾਨ ਸਭਾ ਹਲਕਿਆਂ 57-ਖੰਨਾ ਅਤੇ 67-ਪਾਇਲ ਲਈ), ਅਭਿਜੀਤ ਕੁੰਡੂ ਆਈ.ਆਰ.ਐਸ. (58-ਸਮਰਾਲਾ ਅਤੇ 59-ਸਾਹਨੇਵਾਲ), ਰਾਜੇਸ਼ ਕੁਮਾਰ ਆਈ.ਆਰ.ਐਸ. (60-ਲੁਧਿਆਣਾ ਪੂਰਬੀ, 61-ਲੁਧਿਆਣਾ ਦੱਖਣੀ ਅਤੇ 65-ਲੁਧਿਆਣਾ ਉੱਤਰੀ), ਸਰੋਜ ਕੁਮਾਰ ਬੇਹੇਰਾ (62-ਆਤਮ ਨਗਰ, 63-ਲੁਧਿਆਣਾ ਕੇਂਦਰੀ ਅਤੇ 64-ਲੁਧਿਆਣਾ ਪੱਛਮੀ), ਸਵਾਤੀ ਸ਼ਾਹੀ ਆਈ.ਪੀ. ਤੇ ਟੀ.ਏ.ਐਫ.ਐਸ. (66-ਗਿੱਲ ਅਤੇ 68-ਦਾਖਾ) ਅਤੇ ਅਲਕਾ ਗੌਤਮ ਆਈ.ਆਰ.ਐਸ. (ਵਿਧਾਨ ਸਭਾ ਹਲਕਿਆਂ ਲਈ 69-ਰਾਏਕੋਟ ਅਤੇ 70-ਜਗਰਾਉਂ) ਨਾਲ ਵੀਡੀਓ ਕਾਨਫ਼ਰੰਸਿੰਗ ਰਾਹੀਂ ਕਿਹਾ ਕਿ ਜ਼ਿਲ੍ਹੇ ਵਿੱਚ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਵਿਧਾਨ ਸਭਾ ਚੋਣਾਂ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਵਚਨਬੱਧ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਹਰੇਕ ਤਿੰਨ ਹਲਕਿਆਂ ਵਿੱਚ 9 ਸਟੈਟਿਕ ਸਰਵੇਲੈਂਸ ਟੀਮਾਂ (ਐਸ.ਐਸ.ਟੀ), ਫਲਾਇੰਗ ਸਕੁਐਡ ਟੀਮਾਂ (ਐਫ.ਐਸ.ਟੀ.), ਵੀਡੀਓ ਸਰਵੀਲੈਂਸ ਟੀਮਾਂ (ਵੀ.ਐਸ.ਟੀ.) ਗਠਿਤ ਕਰਨ ਤੋਂ ਇਲਾਵਾ ਵੀਡੀਓ ਦੇਖਣ ਵਾਲੀਆਂ ਟੀਮਾਂ, ਸਹਾਇਕ ਖਰਚਾ ਨਿਗਰਾਨ ਅਤੇ ਲੇਖਾ ਟੀਮਾਂ ਦਾ ਗਠਨ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਟੀਮਾਂ ਵਿੱਚ ਵਿੱਤੀ ਮਾਮਲਿਆਂ ਵਿੱਚ ਮੁਹਾਰਤ ਰੱਖਣ ਵਾਲੇ ਸੀਨੀਅਰ ਅਧਿਕਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ।ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਚੋਣਾਂ ਦੌਰਾਨ ਉਮੀਦਵਾਰਾਂ ਵੱਲੋਂ ਕੀਤੇ ਜਾ ਰਹੇ ਖਰਚੇ ਦਾ ਹਿਸਾਬ ਕਿਤਾਬ ਰੱਖਣ ਲਈ ‘ਸ਼ੈਡੋ ਅਬਜ਼ਰਵੇਸ਼ਨ ਰਜਿਸਟਰ’ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਫਿਰ ਇਨ੍ਹਾਂ ਰਜਿਸਟਰਾਂ ਦੀ ਤੁਲਨਾ ਉਮੀਦਵਾਰਾਂ ਦੁਆਰਾ ਨਿਯਮਤ ਅੰਤਰਾਲਾਂ ‘ਤੇ ਰੱਖੇ ਗਏ ਰਜਿਸਟਰਾਂ ਨਾਲ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਖਰਚਾ ਨਿਗਰਾਨ ਟੀਮਾਂ ਦੇ ਕੰਮਕਾਜ ਨੂੰ ਪ੍ਰਭਾਵਸ਼ਾਲੀ ਅਤੇ ਪਾਰਦਰਸ਼ੀ ਢੰਗ ਨਾਲ ਚਲਾਉਣ ਲਈ ਸਖ਼ਤ ਨਿਗਰਾਨੀ ਰੱਖੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਉਣ ਲਈ ਕਿਹਾ। ਉਨ੍ਹਾਂ ਦੱਸਿਆ ਕਿ ਚੋਣਾਂ ਦੇ ਦਿਨਾਂ ਦੌਰਾਨ ਇਨ੍ਹਾਂ ਟੀਮਾਂ ਦੇ ਹੁਨਰ ਨੂੰ ਨਿਖਾਰਨ ਲਈ ਬਕਾਇਦਾ ਸਿਖਲਾਈ ਦਾ ਆਯੋਜਨ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਮੀਦਵਾਰਾਂ ਦੇ ਵੱਖ-ਵੱਖ ਮਾਧਿਅਮਾਂ ਵਿੱਚ ਇਸ਼ਤਿਹਾਰਾਂ ‘ਤੇ ਨਜ਼ਰ ਰੱਖੀ ਜਾਵੇਗੀ।
ਪੁਲਿਸ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਐਸ.ਐਸ.ਪੀ. ਖੰਨਾ ਸ੍ਰੀ ਜੇ.ਐਲਨਚੇਜ਼ੀਅਨ ਅਤੇ ਐਸ.ਐਸ.ਪੀ. ਲੁਧਿਆਣਾ (ਦਿਹਾਤੀ) ਪਾਟਿਲ ਕੇਤਨ ਬਲੀਰਾਮ ਨੇ ਚੋਣ ਖਰਚਾ ਨਿਗਰਾਨਾਂ ਨੂੰ ਨਜਾਇਜ਼ ਸ਼ਰਾਬ ਵਿਰੁੱਧ ਵਿੱਢੀ ਮੁਹਿੰਮ ਬਾਰੇ ਦੱਸਿਆ ਅਤੇ ਕਿਹਾ ਕਿ ਇਸ ਵਿੱਚ ਸ਼ਾਮਲ ਵਿਅਕਤੀਆਂ ਖਿਲਾਫ ਸਥਾਨਕ ਪੁਲਿਸ ਵੱਲੋਂ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।ਇਸ ਵੀਡੀਓ ਕਾਨਫਰੰਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਚਾਬਾ ਵੀ ਮੌਜੂਦ ਸਨ।
1019600cookie-checkਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ‘ਚ ਉਮੀਦਵਾਰਾਂ ਦੇ ਖਰਚੇ ਦੀ ਨਿਗਰਾਨੀ ਲਈ ਕੀਤੇ ਪ੍ਰਬੰਧਾਂ ਬਾਰੇ ਖਰਚਾ ਨਿਗਰਾਨਾਂ ਨੂੰ ਕਰਵਾਇਆ ਜਾਣੂੰ