May 28, 2024

Loading

ਚੜ੍ਹਤ ਪੰਜਾਬ ਦੀ 
ਲੁਧਿਆਣਾ, 30 ਦਸੰਬਰ ,( ਸਤ ਪਾਸ ਸੋਨੀ ) : ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਮੀਤ ਪ੍ਰਧਾਨ ਤੇ ਵਿਸ਼ਵ ਕਾਨਫਰੰਸਾਂ ਕਰਵਾਉਂਦੀ ਸੰਸਥਾ ਵਿਸ਼ਵ ਪੰਜਾਬੀ ਕਾਂਗਰਸ ਦੇ ਭਾਰਤ ਵਿੱਚ ਕੋਆਰਡੀਨੇਟਰ ਸਹਿਜਪ੍ਰੀਤ ਸਿੰਘ ਮਾਂਗਟ ਦੇ ਤੀਸਰੇ ਕਾਵਿ ਸੰਗ੍ਰਹਿ ਸਹਿਜ ਮਤੀਆਂ ਦਾ ਦੂਜਾ ਐਡੀਸ਼ਨ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਕੈਨੇਡੀਅਨ ਮੈਂਬਰ ਪਾਰਲੀਮੈਂਟ ਮੈਂਬਰ ਸੁੱਖ ਧਾਲੀਵਾਲ ਨੇ ਸ਼ਹੀਦ ਭਗਤ ਸਿੰਘ ਨਗਰ ਵਿਖੇ ਬੀਤੀ ਸ਼ਾਮ ਲੋਕ ਅਰਪਣ ਕੀਤਾ।
ਇਸ ਮੌਕੇ ਬੋਲਦਿਆਂ ਸੁੱਖ ਧਾਲੀਵਾਲ ਨੇ ਕਿਹਾ ਕਿ ਮੇਰੇ ਵਾਂਗ ਹੀ ਗੁਰੂ ਨਾਨਕ ਇੰਜਨੀਰਿੰਗ ਕਾਲਿਜ ਦੇ ਵਿਦਿਆਰਥੀ ਰਹੇ ਸਹਿਜਪ੍ਰੀਤ ਸਿੰਘ ਮਾਂਗਟ ਨੇ ਸਾਹਿੱਤ ਦੇ ਖੇਤਰ ਵਿੱਚ ਨਿਵੇਕਲੀ ਪਛਾਣ ਬਣਾਈ ਹੈ। ਇਹ ਚੰਗੀ ਗੱਲ ਹੈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਇੰਜਨੀਰਿੰਗ ਕਾਲਿਜ ਵਿੱਚ ਮਨੁੱਖ ਦੇ ਸਰਬਪੱਖੀ ਵਿਕਾਸ ਦੇ ਬੇਅੰਤ ਮੌਕੇ ਹੋਣ ਦਾ ਸਬੂਤ ਇਹੀ ਹੈ ਕਿ ਇਥੋਂ ਸਿਰਫ਼ ਟੈਕਨੋਕਰੇਟ ਹੀ ਪੈਦਾ ਨਹੀਂ ਹੁੰਦੇ ਸਗੋਂ ਸਾਹਿੱਤ, ਕੋਮਲ ਕਲਾਵਾਂ, ਸਿਆਸਤ, ਸੰਗੀਤ ਅਤੇ ਵਣਜ ਪ੍ਰਬੰਧ ਦੇ ਖੇਤਰ ਵਿੱਚ ਵੀ ਸਿਰਮੌਰ ਸ਼ਖਸੀਅਤਾਂ ਪੈਦਾ ਹੋਈਆਂ ਹਨ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਇਸ ਮੌਕੇ ਸੁੱਖ ਧਾਲੀਵਾਲ ਨੂੰ ਫੁਲਕਾਰੀ ਪਹਿਨਾਉਣ ਤੋਂ ਇਲਾਵਾ ਗੁਰਪ੍ਰੀਤ ਸਿੰਘ ਤੂਰ, ਗੁਰਭਜਨ ਗਿੱਲ ਤੇ ਸਹਿਜਪ੍ਰੀਤ ਸਿੰਘ ਮਾਂਗਟ ਦੀਆਂ ਪੁਸਤਕਾਂ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।ਕਾਵਿ ਪੁਸਤਕ ਸਹਿਜ ਮਤੀਆਂ ਬਾਰੇ ਬੋਲਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਸਹਿਜਪ੍ਰੀਤ ਸਿੰਘ ਮਾਂਗਟ ਦੀ ਤੀਜੀ ਕਿਤਾਬ ਦਾ ਦੂਜਾ ਸੰਸਕਰਨ ਥੋੜੇ ਸਮੇਂ ਅੰਦਰ ਹੀ ਛਪਣਾ ਇਸ ਗੱਲ ਦਾ ਪ੍ਰਮਾਣ ਹੈ ਕਿ ਪਾਠਕ ਉਸ ਨੂੰ ਚਾਹ ਕੇ ਪੜ੍ਹਦੇ ਹਨ।
ਉਨ੍ਹਾਂ ਕਿਹਾ ਕਿ ਸਹਿਜਪ੍ਰੀਤ ਕੋਲ ਸ਼ਬਦ ਸਾਧਕ ਬਿਰਤੀ ਹੈ ਇਸੇ ਕਰਕੇ ਉਸ ਦੀ ਸ਼ਾਇਰੀ ਪਹਾੜੋਂ ਉੱਤਰੇ ਨਿਰਮਲ ਜਲ ਵਾਲੇ ਚਸ਼ਮੇ ਜਹੀ ਹੈ। ਉਸ ਦੇ ਸ਼ਬਦਾਂ ਨੂੰ ਰੂਹ ਦੇ ਅੰਦਰ ਵੜਨਾ ਆਉਂਦਾ ਹੈ ਤੇ ਡੇਰਾ ਲਾ ਕੇ ਬਹਿਣਾ ਵੀ। ਉਨ੍ਹਾਂ ਕਿਹਾ ਕਿ ਅਜਿਹਾ ਜੰਦਰਾ ਅਜੇ ਤੀਕ ਨਹੀਂ ਬਣਿਆ ਜਿਸ ਨੂੰ ਖੋਲ੍ਹਣ ਵਾਲੀ ਕੁੰਜੀ ਉਸ ਕੋਲ ਨਾ ਹੋਵੇ।ਇਸ ਮੌਕੇ ਸਰਦਾਰਨੀ ਜਸਵਿੰਦਰ ਕੌਰ ਗਿੱਲ,ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਫਾਉਂਡੇਸ਼ਨ (ਰਜਿਃ) ਰਾਏਕੋਟ ਬੱਸੀਆਂ ਦੇ ਜਨਰਲ ਸਕੱਤਰ ਪ੍ਰਮਿੰਦਰ ਸਿੰਘ ਜੱਟਪੁਰੀ ਤੇ ਸਃ ਗੁਰਪ੍ਰੀਤ ਸਿੰਘ ਨੇ ਸਹਿਜਪ੍ਰੀਤ ਸਿੰਘ ਮਾਂਗਟ ਨੂੰ ਪੁਸਤਕ ਲੋਕ ਅਰਪਣ ਹੋਣ ਤੇ ਮੁਬਾਰਕ ਦਿੱਤੀ।
ਧੰਨਵਾਦ ਦੇ ਸ਼ਬਦ ਬੋਲਦਿਆਂ ਸਹਿਜਪ੍ਰੀਤ ਸਿੰਘ ਮਾਂਗਟ ਨੇ ਕਿਹਾ ਕਿ ਨਿੱਕੀ ਉਮਰੇ ਬਾਬਲ ਜਸਮੇਰ ਸਿੰਘ ਮਾਂਗਟ ਦਾ ਸਾਇਆ ਸਿਰ ਤੋਂ ਉੱਠ ਜਾਣ ਕਾਰਨ ਸੰਘਰਸ਼ ਤਾਂ ਬਹੁਤ ਕਰਨਾ ਪਿਆ ਪਰ ਮੇਰੇ ਮਾਤਾ ਜੀ ਦੀ ਪ੍ਰੇਰਨਾ ਅਤੇ ਸਾਹਿੱਤ ਪ੍ਰਤੀ ਮੁਹੱਬਤ ਤੇ ਸੋਹਬਤ ਨੇ ਮੈਨੂੰ ਸ਼ਬਦ ਸਿਰਜਣਾ ਦੇ ਰਾਹ ਤੋਰਿਆ। ਉਨ੍ਹਾਂ ਦੱਸਿਆ ਕਿ ਪੰਜਾਬੀ ਵਿਦਵਾਨ ਡਾਃ ਦੀਪਕ ਮਨਮੋਹਨ ਸਿੰਘ ਦੀ ਉਂਗਲ ਫੜ ਕੇ ਮੈਂ ਕਲਮ ਚੁੱਕੀ ਜਿਸ ਨੂੰ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਤਰਾਸ਼ਿਆ ਜਿਸ ਸਦਕਾ ਤਾਰਿਆਂ ਜੜਿਆ ਅੰਬਰ, ਮੇਰਾ ਯਕੀਨ ਕਰੀਂ ਤੇ ਇਹ ਕਾਵਿ ਸੰਗ੍ਰਹਿ ਛਪ ਸਕਿਆ। ਦੇਸ਼ ਪ੍ਰਦੇਸ਼ ਵਿੱਚ ਕਵਿਤਾ ਨੇ ਹੀ ਮੇਰੀ ਨਿਵੇਕਲੀ ਜਾਣ ਪਹਿਚਾਣ ਕਰਵਾਈ ਹੈ।ਉਨ੍ਹਾਂ ਦੱਸਿਆ ਕਿ ਪੁਸਤਕ ਨੂੰ ਚੇਤਨਾ ਪ੍ਰਕਾਸ਼ਨ ਪੰਜਾਬੀ ਭਵਨ ਲੁਧਿਆਣਾ ਨੇ ਪ੍ਰਕਾਸ਼ਿਤ ਕੀਤਾ ਹੈ।
 #For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com
136120cookie-checkਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਸੁੱਖ ਧਾਲੀਵਾਲ ਦਾ ਸਨਮਾਨ
error: Content is protected !!