ਚੜ੍ਹਤ ਪੰਜਾਬ ਦੀ
ਲੁਧਿਆਣਾ, 31 ਮਾਰਚ ( ਸਤ ਪਾਲ ਸੋਨੀ ) : ਪੁਲਿਸ ਵਿਭਾਗ ਦੇ ਸਹਾਇਕ ਸਬ–ਇੰਸਪੈਕਟਰ ਇੰਦਰਜੀਤ ਸਿੰਘ ਵੱਲੋ ਇਮਾਨਦਾਰੀ ਦੀ ਮਿਸਾਲ ਪੇਸ਼ ਕਰਦਿਆਂ ਗੁੰਮ ਹੋਇਆ ਕੀਮਤੀ ਸਮਾਨ ਦਾ ਪਾਰਸਲ ਬਰਾਮਦ ਕਰਕੇ ਉਸਦੇ ਮਾਲਕ ਨੂੰ ਸਪੁਰਦ ਕੀਤਾ।ਕਾਬਿਲੇਗੌਰ ਹੈ ਕਿ ਸਹਾਇਕ ਸਬ–ਇੰਸਪੈਕਟਰ ਇੰਦਰਜੀਤ ਸਿੰਘ, ਸਥਾਨਕ ਚੰਡੀਗੜ੍ਹ ਰੋਡ ‘ਤੇ ਵੀਰ ਪੈਲੇਸ ਇਲਾਕੇ ਵਿੱਚ ਆਪਣੀ ਡਿਊਟੀ ਨਿਭਾ ਰਹੇ ਸੀ, ਜਿੱਥੇ ਬੀਤੇ ਕੱਲ ਉਨਾਂ ਨੂੰ ਇੱਕ ਕੋਰੀਅਰ ਕੰਪਨੀ ਦੇ ਕਰਮਚਾਰੀ ਵਿਜੇ ਪਾਸਵਾਨ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਉਨਾਂ ਦਾ ਇੱਕ ਕੀਮਤੀ ਪਾਰਸਲ ਵੀਰ ਪੈਲੇਸ ਤੋਂ ਕੋਹਾੜਾ ਰੋਡ ‘ਤੇ ਕਿੱਧਰੇ ਡਿੱਗ ਪਿਆ ਹੈ।
ਇੰਦਰਜੀਤ ਸਿੰਘ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਆਪਣੇ ਸਾਥੀ ਪੰਜਾਬ ਹੋਮਗਾਰਡ ਦੇ ਜਵਾਨ ਸਾਲਿਗ ਰਾਮ ਦੇ ਸਹਿਯੋਗ ਨਾਲ ਗੁਆਚੇ ਪਾਰਸਲ ਦੀ ਪੜਤਾਲ ਸੁਰੂ ਕਰ ਦਿੱਤੀ ਗਈ, ਜੋ ਉਨਾਂ ਨੂੰ ਦੇਰ ਰਾਤ ਬਰਾਮਦ ਹੋਇਆ। ਏ.ਐਸ.ਆਈ. ਇੰਦਰਜੀਤ ਸਿੰਘ ਵੱਲੋਂ ਕਰਮਚਾਰੀ ਵਿਜੇ ਪਾਸਵਾਨ ਨੂੰ ਫੋਨ ‘ਤੇ ਪਾਰਸਲ ਮਿਲਣ ਬਾਰੇ ਇਤਲਾਹ ਦਿੱਤੀ ਗਈ, ਜੋ ਅੱਜ ਉਨਾਂ ਨੂੰ ਸਪੁਰਦ ਕਰ ਦਿੱਤਾ ਗਿਆ।
ਕੋਰੀਅਰ ਕੰਪਨੀ ਦੇ ਕਰਮਚਾਰੀ ਵਿਜੇ ਪਾਸਵਾਨ ਵੱਲੋਂ ਪੁਲਿਸ ਪ੍ਰਸਾਸ਼ਨ ਦਾ ਤਹਿਦਿਲੋਂ ਧੰਨਵਾਦ ਕੀਤਾ, ਜਿਨਾਂ ਦੇ ਸਹਿਯੋਗ ਸਦਕਾ ਉਸਨੂੰ ਗੁੰਮ ਹੋਇਆ ਕੀਮਤੀ ਪਾਰਸਲ ਵਾਪਸ ਮਿਲਿਆ, ਕਿਉਂਕਿ ਪਾਰਸਲ ਨਾ ਮਿਲਣ ਦੀ ਸੂਰਤ ਵਿੱਚ ਉਸਦੀ ਨੌਕਰੀ ਵੀ ਜਾ ਸਕਦੀ ਸੀ।ਇਲਾਕੇ ਵਿੱਚ ਚਰਚਾ ਹੋ ਰਹੀ ਹੈ ਕਿ ਏ.ਐਸ.ਆਈ. ਇੰਦਰਜੀਤ ਸਿੰਘ ਦੀ ਇਮਾਨਦਾਰੀ ਕਰਕੇ ਜਿੱਥੇ ਅੱਜ ਕੋਰੀਅਰ ਕੰਪਨੀ ਦੇ ਕਰਮਚਾਰੀ ਦੀ ਨੌਕਰੀ ਸੁਰੱਖਿਅਤ ਹੈ ਉੱਥੇ ਹੀ ਪੁਲਿਸ ਪ੍ਰਸਾਸ਼ਨ ‘ਤੇ ਲੋਕਾਂ ਵੀ ਦਾ ਭਰੋਸਾ ਵਧਿਆ ਹੈ।