April 25, 2024

Loading

 ਚੜ੍ਹਤ ਪੰਜਾਬ ਦੀ
ਲੁਧਿਆਣਾ ,(ਸਤ ਪਾਲ ਸੋਨੀ/ਰਵੀ ਵਰਮਾ) –ਅਸੈਂਬਲੀ ਚੋਣਾਂ ਵਿੱਚ ਮਹਿਜ਼ ਦੋ ਮਹੀਨੇ ਦਾ ਸਮਾਂ ਬਚਿਆ ਹੈ ਅਤੇ ਪੰਜਾਬ ਦੀ ਕਾਂਗਰਸ ਸਰਕਾਰ ਆਪਣੀਆਂ ਪੰਜ ਸਾਲਾਂ ਦੀਆਂ ਨਾਕਾਮੀਆਂ ਛੁਪਾਉਣ ਲਈ ਆਖਰੀ ਵਰ੍ਹੇ ਵਿੱਚ ਇਨਵੈਸਟ ਪੰਜਾਬ ਦਾ ਪਰਪੰਚ ਰਚ ਰਹੀ ਹੈ ਅਤੇ ਪੰਜਾਬ ਦੀ ਜਨਤਾ ਨੂੰ ਗੁੰਮਰਾਹ ਕਰ ਰਹੀ ਹੈ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਐਡਵੋਕੇਟ ਬਿਕਰਮ ਸਿੰਘ ਸਿੱਧੂ ਮੈਂਬਰ ਕਾਰਜਕਨਰੀ ਕਮੇਟੀ ਭਾਰਤੀ ਜਨਤਾ ਪਾਰਟੀ ਪੰਜਾਬ ਪ੍ਰਦੇਸ਼ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ । ਉਹ ਅੱਜ ਪੰਜਾਬ ਸਰਕਾਰ ਵਲੋਂ ਕਰਵਾਏ ਗਏ ਇਨਵੈਸਟ ਪੰਜਾਬ ‘ਤੇ ਆਪਣਾ ਪ੍ਰਤੀਕਰਮ ਦੇ ਰਹੇ ਸਨ ।
ਐਡਵੋਕੇਟ ਬਿਕਰਮ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਉਦਯੋਗਿਕ ਵਿਰੋਧੀ ਨੀਤੀਆਂ ਦੇ ਚੱਲਦਿਆਂ ਪੰਜਾਬ ਵਿੱਚ ਤਕਰੀਬਨ 15000 ਤੋਂ ਵੱਧ ਉਦਯੋਗਿਕ ਯੂਨਿਟ ਬੰਦ ਹੋ ਚੁੱਕੇ ਹਨ ਅਤੇ 17000 ਤੋਂ ਵੱਧ ਸਾਈਕਲ , ਹੌਜ਼ਰੀ ਅਤੇ ਟੂਲ ਮੈਨੂਫੈਕਚਰਿੰਗ ਯੂਨਿਟ ਪੰਜਾਬ ਵਿਚੋਂ ਪਲਾਇਨ ਕਰ ਚੁੱਕੇ ਹਨ ।ਸਬੂਤਾਂ ਦੇ ਆਧਾਰ ਤੇ ਦਵਾਈਆਂ ਦੀਆਂ ਮੁੱਖ ਫਾਰਮਾਸਿਊਟੀਕਲ ਕੰਪਨੀਆਂ ਪੰਜਾਬ ਤੋਂ ਸ਼ਿਫਟ ਹੋ ਕੇ ਹਿਮਾਚਲ ਪ੍ਰਦੇਸ਼ ਚਲੇ ਗਈਆਂ ਹਨ ਅਤੇ ਟੈਕਸਟਾਈਲ ਭਾਵ ਹੌਜ਼ਰੀ ਦੇ ਛੋਟੇ ਅਤੇ ਵੱਡੇ ਯੂਨਿਟ ਸ਼ਿਫਟ ਹੋ ਕੇ ਮੱਧ ਪ੍ਰਦੇਸ਼ ਚਲੇ ਗਏ ਹਨ ।ਇਸੇ ਤਰ੍ਹਾਂ ਹੀਰੋ ਸਾਈਕਲ , ਨੋਵਾ ਸਾਈਕਲ , ਏਵਨ ਸਾਈਕਲ , ਹੌਜ਼ਰੀ ਦੇ ਵੱਡੇ ਯੂਨਿਟ ਕ੍ਰਮਵਾਰ ਬਿਹਾਰ , ਯੂ. ਪੀ, ਮੱਧ ਪ੍ਰਦੇਸ਼ , ਛਤੀਸ਼ਗੜ੍ਹ , ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਖੇਤਰ ਸ਼ਾਮਿਲ ਹਨ ।ਇਹ ਸਾਰਾ ਕੁਝ ਪੰਜਾਬ ਦੀ ਕਾਂਗਰਸ ਸਰਕਾਰ ਦੀਆਂ ਭ੍ਰਿਸ਼ਟ ਨੀਤੀਆਂ , ਲਾਲਫੀਤਾਸ਼ਾਹੀ ਦੁਆਰਾ ਗੈਰਸੰਵਿਧਾਨਕ ਵਤੀਰਾ ਅਤੇ ਉਦਯੋਗਪਤੀਆਂ ਨਾਲ ਕੀਤਾ ਜਾ ਰਿਹਾ ਮਾੜਾ ਵਰਤਾਉ ਦੇ ਕਾਰਨਾਂ ਕਰਕੇ ਹੋਇਆ ਹੈ ।
ਇਥੇ ਵਰਨਣਯੋਗ ਹੈ ਕਿ ਪੰਜਾਬ ਵਿੱਚੋਂ ਜਿਹੜੇ ਵੀ ਉਦਯੋਗ ਸ਼ਿਫਟ ਹੋ ਕੇ ਬਾਹਰਲੇ ਸੂਬਿਆਂ ਵਿੱਚ ਗਏ ਹਨ। ਉਹ ਜਿਆਦਾਤਰ ਉਹਨਾਂ ਸੂਬਿਆਂ ਵਿੱਚ ਗਏ ਹਨ ਜਿਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਅਤੇ ਉਹਨਾਂ ਸੂਬਿਆਂ ਵਿੱਚ ਭਾਰਤੀ ਜਨਤਾ ਪਾਰਟੀ ਦੇ ਸਾਫ ਸੁਥਰੇ ਪ੍ਰਸ਼ਾਸ਼ਨ ਤੇ ਭ੍ਰਿਸ਼ਟਾਚਾਰ ਰਹਿਤ , ਪਾਰਦਰਸ਼ਤਾ ਤੇ ਲਾਲਫੀਤਾ ਸ਼ਾਹੀ ਰਹਿਤ ਪ੍ਰਣਾਲੀ ਕਾਰਨ ਸੁਖਾਵਾਂ ਮਾਹੌਲ ਮਿਲਣ ਕਰਕੇ ਅਜਿਹਾ ਸੰਭਵ ਹੋਇਆ ਹੈ ।ਇਸ ਦੀ ਵੱਡੀ ਉਦਾਹਰਣ ਸਾਡਾ ਗੁਆਂਢੀ ਸੂਬਾ ਹਰਿਆਣਾ ਹੈ ਜਿਥੇ ਅਗਸਤ 2021 ਦੀ ਜੀ ਐਸ ਟੀ ਕੁਲੈਕਸ਼ਨ 5618 ਕਰੋੜ ਰੁਪਏ ਹੈ ਜਦਕਿ ਪੰਜਾਬ ਦੀ ਅਗਸਤ 2021 ਦੀ ਜੀ ਐਸ ਟੀ ਕੁਲੈਕਸ਼ਨ 1414 ਕਰੋੜ ਰੁਪਏ ਹੈ । ਇਹ ਸਪੱਸ਼ਟ ਰੂਪ ਵਿੱਚ ਕਾਰੋਬਾਰੀਆਂ ਤੇ ਵਪਾਰੀਆਂ ਨੂੰ ਮਿਲ ਰਹੀਆਂ ਸਹੂਲਤਾਂ ਤੇ ਸੁਖਾਵੇਂ ਮਾਹੌਲ ਕਾਰਨ ਹੀ ਸੰਭਵ ਹੋਇਆ ਹੈ ਪਰ ਦੂਜੇ ਪਾਸੇ ਪੰਜਾਬ ਦੀ ਕਾਂਗਰਸ ਸਰਕਾਰ ਜਿਸ ਨੇ 2017 ਵਿੱਚ ਪੰਜਾਬ ਦੀ ਭੋਲੀ ਭਾਲੀ ਜਨਤਾ ਨੂੰ ਝੂਠੇ ਵਾਅਦਿਆਂ ਦੇ ਜਾਲ ਵਿੱਚ ਫਸਾ ਕੇ ਝੂਠੇ ਵਾਅਦੇ ਕੀਤੇ ਜਿਹਨਾਂ ਵਿੱਚ ਵਿਸ਼ੇਸ਼ ਤੌਰ ਤੇ ਹਰ ਘਰ ਘਰ ਨੌਕਰੀ ,ਸਾਰੇ ਵਿਦਿਆਰਥੀਆਂ ਨੂੰ ਸਮਾਰਟ ਫੋਨ , ਸਾਰੇ ਕਿਸਾਨਾਂ ਦਾ ਬੈਂਕਾਂ ਤੇ ਆੜ੍ਹਤੀਆਂ ਦੀ ਕਰਜਾ ਮੁਆਫੀ,ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਤੇ ਦੋਸ਼ੀਆਂ ਨੂੰ ਸਜਾ ਦਿਵਾਉਣ ਅਤੇ ਉਦਯੋਗਾਂ ਨੂੰ ਪੰਜ ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਦੇ ਵਾਅਦੇ ਸਮੇਤ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਅਤੇ ਹੁਣ ਪੰਜਾਬ ਦੇ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਫਿਰ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਝੂਠੇ ਵਾਅਦੇ ਤੇ ਲਾਰੇ ਲਾਉਣ ਲਈ ਤਿਆਰ ਹੋ ਚੁੱਕੇ ਹਨ ।
ਐਡਵੋਕੇਟ ਬਿਕਰਮ ਸਿੰਘ ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੱਸਣ ਕਿ ਪੰਜਾਬ ਵਿੱਚ ਕਿੰਨੀ ਤੇ ਕਿਹੜੀ ਇਨਵੈਸਟਮੈਂਟ ਆਈ ਹੈ ਅਤੇ ਇਸਦਾ ਰਿਕਾਰਡ ਕਿਥੇ ਹੈ । ਐਡਵੋਕੇਟ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਸਿਰ ਤੇ 3 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ ਅਤੇ ਸੂਬੇ ਦੀ 22 ਪ੍ਰਤੀਸ਼ਤ ਆਮਦਨ ਇਸਦੇ ਵਿਆਜ ਵਿੱਚ ਚਲੀ ਜਾਂਦੀ ਹੈ । ਅੱਜ ਪੰਜਾਬ ਦੀ ਧਰਤੀ ਤੇ ਜਨਮ ਲੈਣ ਵਾਲਾ ਹਰ ਬੱਚਾ ਪੰਜਾਬ ਸਰਕਾਰ ਦਾ ਕਰਜ਼ਾਈ ਹੈ ਅਤੇ ਪੰਜਾਬ ਦੀ ਭ੍ਰਿਸ਼ਟ ਕਾਂਗਰਸ ਸਰਕਾਰ ਪੰਜਾਬ ਦੀ ਬਿਹਤਰੀ ਲਈ ਬਿਲਕੁੱਲ ਗੰਭੀਰ ਨਹੀਂ ਕੇਵਲ ਕਰਜੇ ਲੈ ਕੇ ਡੰਗ ਟਪਾਊ ਢੰਗ ਨਾਲ ਦਿਨ ਟਪਾ ਰਹੀ ਹੈ ਅਤੇ ਪੰਜਾਬ ਦੇ ਲੋਕਾਂ ਨਾਲ ਛਲ ਤੇ ਕਪਟ ਰਾਹੀਂ ਰਾਜ ਕਰ ਰਹੀ ਹੈ ।
ਉਹਨਾਂ ਕਿਹਾ ਕਿ ਪੰਜਾਬ ਦੀ ਸਤਿਕਾਰਯੋਗ ਜਨਤਾ ਪੰਜਾਬ ਦੇ ਮੁੱਖ ਮੰਤਰੀ ਨੂੰ ਸਵਾਲ ਕਰਦੀ ਹੈ ਕਿ ਨਵੇਂ ਵਾਅਦੇ ਕਰਨ ਤੋਂ ਪਹਿਲਾਂ ਜਨਤਾ ਨੂੰ ਇਹ ਦੱਸੋ ਕਿ ਪਿਛਲੇ ਵਾਅਦੇ ਪੂਰੇ ਕਿਉਂ ਨਹੀਂ ਕੀਤੇ ?ਅਤੇ ਹੁਣ ਨਵੇਂ ਸਿਰੇ ਤੋਂ ਉਹੀ ਪੁਰਾਣੀ ਚੀਜ ਨਵੀਂ ਬੋਤਲ ਵਿੱਚ ਪਾ ਕੇ ਪੰਜਾਬ ਦੀ ਜਨਤਾ ਨੂੰ ਗੁੰਮਰਾਹ ਕਰਨ ਦੀ ਨੀਤੀ ਛੱਡੋ ।ਪੰਜਾਬ ਤੇ ਪੰਜਾਬ ਦੇ ਲੋਕਾਂ ਤੇ ਰਹਿਮ ਕਰੋ ਅਤੇ ਆਪਣੀ ਸਵਾਰਥੀ ਤੇ ਭ੍ਰਿਸ਼ਟ ਰਾਜਨੀਤੀ ਪੰਜਾਬ ਦੇ ਭੋਲੇ ਭਾਲੇ ਲੋਕਾਂ ਤੇ ਲਾਗੂ ਨਾ ਕਰੋ।

 

 

88660cookie-checkਪੰਜਾਬ ਸਰਕਾਰ ਇਨਵੈਸਟ ਪੰਜਾਬ ਦਾ ਝੂਠਾ ਤੇ ਬੇਬੁਨਿਆਦ ਪਰਪੰਚ ਰਚ ਰਹੀ ਹੈ ,ਹੁਣ ਤੱਕ ਪੰਜਾਬ ਵਿੱਚ ਬੰਦ ਹੋ ਚੁੱਕੇ:15000 ਦੇ ਕਰੀਬ ਕਾਰਖਾਨੇ :ਐਡਵੋਕੇਟ ਬਿਕਰਮ ਸਿੰਘ ਸਿੱਧੂ
error: Content is protected !!