ਚੜ੍ਹਤ ਪੰਜਾਬ ਦੀ
ਨਵੀਂ ਦਿੱਲੀ 21 ਅਪ੍ਰੈਲ (ਬਿਊਰੋ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਿਹਾ ਕਿ ਕੋਰੋਨਾ ਮਹਾਮਾਰੀ ਖ਼ਿਲਾਫ਼ ਦੇਸ਼ ਵੱਡੀ ਲੜਾਈ ਲੜ ਰਿਹਾ ਹੈ। ਅਸੀਂ ਆਰਥਿਕ ਸਰਗਰਮੀਆਂ ਜਾਰੀ ਰੱਖਣ ਦੇ ਨਾਲ ਹੀ ਮਹਾਮਾਰੀ ‘ਤੇ ਕੰਟਰੋਲ ਪਾਉਣਾ ਹੈ। ਦੇਸ਼ ਦੇ ਨਾਂ ਸੰਦੇਸ਼ ‘ਚ ਪ੍ਰਧਾਨ ਮੰਤਰੀ ਨੇ ਇਹ ਸਾਫ਼ ਕਰ ਦਿੱਤਾ ਕਿ ਲਾਕਡਾਊਨ ਆਖ਼ਰੀ ਬਦਲ ਹੈ। ਨਾਲ ਹੀ ਉਨ੍ਹਾਂ ਨੇ ਸੂਬਾ ਸਰਕਾਰਾਂ ਨੂੰ ਮਾਈਕ੍ਰੋ ਕੰਟੇਨਮੈਂਟ ਜ਼ੋਨ ‘ਤੇ ਵੀ ਧਿਆਨ ਦੇਣ ਦੀ ਅਪੀਲ ਕੀਤੀ।
ਕੋਰੋਨਾ ਮਹਾਮਾਰੀ ਦੇ ਵਧਦੇ ਮਾਮਲਿਆਂ ਵਿਚਾਲੇ ਪ੍ਰਧਾਨ ਮੰਤਰੀ ਦੀ ਇਹ ਅਪੀਲ ਅਜਿਹੇ ਸਮੇਂ ‘ਚ ਸਾਹਮਣੇ ਆਈ ਹੈ ਜਦੋਂ ਮਹਾਰਾਸ਼ਟਰ, ਦਿੱਲੀ ਸਮੇਤ ਕਈ ਸੂਬਿਆਂ ਨੇ ਲਾਕਡਾਊਨ ਵਰਗੀਆਂ ਸਖ਼ਤ ਪਾਬੰਦੀਆਂ ਲਾਈਆਂ ਹੋਈਆਂ ਹਨ। ਅਦਾਲਤਾਂ ਵੀ ਗੰਭੀਰ ਹੁੰਦੇ ਹਾਲਾਤ ਨੂੰ ਲੈ ਕੇ ਲਗਾਤਾਰ ਚਿੰਤਾ ਪ੍ਰਗਟਾ ਰਹੀਆਂ ਹਨ। ਇੱਥੇ ਇਹ ਦੱਸਣਾ ਬਣਦਾ ਹੈ ਕਿ ਇਲਾਹਾਬਾਦ ਹਾਈ ਕੋਰਟ ਨੇ ਦੋ ਦਿਨ ਪਹਿਲਾਂ ਹੀ ਉੱਤਰ ਪ੍ਰਦੇਸ਼ ਦੇ ਪੰਜ ਵੱਡੇ ਸ਼ਹਿਰਾਂ ‘ਚ ਲਾਕਡਾਊਨ ਲਾਉਣ ਦਾ ਆਦੇਸ਼ ਦਿੱਤਾ ਸੀ, ਹਾਲਾਂ ਕਿ ਸੁਪਰੀਮ ਕੋਰਟ ਨੇ ਇਸ ਅੰਤਿ੍ਮ ਆਦੇਸ਼ ‘ਤੇ ਰੋਕ ਲਾ ਦਿੱਤੀ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਹਾਲੇ ਤਕ ਅਸੀਂ ਧੀਰਜ ਤੇ ਅਨੁਸ਼ਾਸਨ ਨਾਲ ਕੋਰੋਨਾ ਖ਼ਿਲਾਫ਼ ਲੜਾਈ ਲੜੀ ਹੈ। ਸਾਨੂੰ ਆਪਣਾ ਧੀਰਜ ਨਹੀਂ ਛੱਡਣਾ ਚਾਹੀਦਾ। ਉਨ੍ਹਾਂ ਭਰੋਸਾ ਦਿੱਤਾ ਕਿ ਅਸੀਂ ਸਾਰੇ ਮਿਲ ਕੇ ਕੋਰੋਨਾ ਦੇ ਖਿਲਾਫ਼ ਜੰਗ ਮੁੜ ਜਿੱਤਾਂਗੇ।
ਪੀਐੱਮ ਮੋਦੀ ਨੇ ਕਿਹਾ ਕਿ ਕੋਰੋਨਾ ਦੀ ਪਹਿਲੀ ਲਹਿਰ ‘ਚ ਹਾਲਾਤ ਹੋਰ ਸਨ। ਸਾਡੇ ਵਸੀਲਿਆਂ ਦੀ ਕਮੀ ਸੀ। ਹੁਣ ਅਸੀਂ ਪਹਿਲਾਂ ਤੋਂ ਜ਼ਿਆਦਾ ਤਿਆਰ ਹਾਂ। ਸਾਡੇ ਕੋਲ ਮਾਮਲਿਆਂ ਦੀ ਜਾਂਚ ਲਈ ਲੈਬਾਂ ਦਾ ਵੱਡਾ ਨੈੱਟਵਰਕ ਤਿਆਰ ਹੋ ਗਿਆ ਹੈ। ਲਗਾਤਾਰ ਟੈਸਟਿੰਗ ਦੀ ਸਮਰੱਥਾ ਵਧਾ ਰਹੇ ਹਾਂ। ਫਾਰਮਾ ਸੈਕਟਰ ਲਗਾਤਾਰ ਕੋਰੋਨਾ ਤੋਂ ਪੈਦਾ ਹੋਣ ਵਾਲੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਕੰਮ ਕਰ ਰਿਹਾ ਹੈ। ਸਰਕਾਰ ਦੀ ਕੋਸ਼ਿਸ਼ ਲੋਕਾਂ ਦੀ ਜ਼ਿੰਦਗੀ ਬਚਾਉਣ ਦੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਪਹਿਲੀ ਮਈ ਤੋਂ ਬਾਅਦ 18 ਸਾਲ ਤੋਂ ਜ਼ਿਆਦਾ ਉਮਰ ਦੇ ਸਾਰੇ ਲੋਕਾਂ ਨੂੰ ਵੈਕਸੀਨ ਲੱਗਣ ਲੱਗੇਗੀ। ਸਰਕਾਰੀ ਹਸਪਤਾਲਾਂ ‘ਚ ਪਹਿਲਾਂ ਵਾਂਗ ਹੀ ਵੈਕਸੀਨ ਮੁਫ਼ਤ ਲੱਗਦੀ ਰਹੇਗੀ। ਦਵਾਈਆਂ ਦੇ ਨਾਲ ਹੀ ਵੈਕਸੀਨ ਦਾ ਉਤਪਾਦਨ ਵੀ ਵਧਾਇਆ ਜਾ ਰਿਹਾ ਹੈ।
ਲਾਕਡਾਊਨ ਦੇ ਸ਼ੱਕ ‘ਚ ਘਰਾਂ ਨੂੰ ਪਰਤਣ ਵਾਲੇ ਕਾਮਿਆਂ ਨੂੰ ਭਰੋਸਾ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕ ਜਿਹੜੇ ਜਿੱਥੇ ਹਨ, ਉੱਥੇ ਰਹਿਣ। ਕਿਸੇ ਨੂੰ ਕੋਈ ਤਕਲੀਫ਼ ਨਹੀਂ ਹੋਣ ਦਿੱਤੀ ਜਾਵੇਗੀ। ਕਾਰੋਬਾਰ ਵੀ ਜਾਰੀ ਰਹਿਣਗੇ ਤੇ ਮਹਾਮਾਰੀ ਤੋਂ ਸੁਰੱਖਿਆ ਦੇ ਉਪਾਅ ਵੀ ਕੀਤੇ ਜਾਣਗੇ।
ਇਸ ਤੋਂ ਪਹਿਲਾਂ, ਦੇਸ਼ ਭਰ ਦੀ ਵੈਕਸੀਨ ਮੈਨੂਫੈਕਚਰਿੰਗ ਕੰਪਨੀਆਂ ਨਾਲ ਵੀਡੀਓ ਕਾਨਫਰੰਸਿੰਗ ਜ਼ਰੀਏ ਗੱਲਬਾਤ ਕਰਦੇ ਹੋਏ ਪੀਐੱਮ ਮੋਦੀ ਨੇ ਅਪੀਲ ਕੀਤੀ ਕਿ ਉਹ ਆਪਣੀ ਉਤਪਾਦਨ ਸਮਰੱਥਾ ਵਧਾਉਣ ਲਈ ਲਗਾਤਾਰ ਕੋਸ਼ਿਸ਼ ਕਰਨ ਤਾਂ ਜੋ ਘੱਟੋ ਘੱਟ ਸਮੇਂ ‘ਚ ਸਾਰੇ ਦੇਸ਼ਵਾਸੀਆਂ ਨੂੰ ਕੋਰੋਨਾ ਮਹਾਮਾਰੀ ਤੋਂ ਬਚਾਅ ਲਈ ਟੀਕਾ ਲਾਇਆ ਜਾ ਸਕੇ। ਪੀਐੱਮ ਨੇ ਕਿਹਾ ਕਿ ਆਉਣ ਵਾਲੇ ਦਿਨਾਂ ‘ਚ ਟੀਕਾਕਰਨ ਮੁਹਿੰਮ ‘ਚ ਨਿੱਜੀ ਸੈਕਟਰ ਦੀ ਬਹੁਤ ਅਹਿਮ ਭੂਮਿਕਾ ਰਹਿਣ ਵਾਲੀ ਹੈ। ਇਸ ਵਿਚ ਹਸਪਤਾਲਾਂ ਤੇ ਸਨਅਤਾਂ ਵਿਚਾਲੇ ਬਿਹਤਰ ਤਾਲਮੇਲ ਦੀ ਲੋੜ ਹੈ।