December 23, 2024

Loading

ਚੜ੍ਹਤ ਪੰਜਾਬ ਦੀ
ਲੁਧਿਆਣਾ ,30 ਅਪ੍ਰੈਲ (ਸਤ ਪਾਲ ਸੋਨੀ ) – ਸਿੱਖ ਕੌਮ ਦੇ ਮਹਾਨ ਸੂਰਬੀਰ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਜੀ ਦੇ ਸੂਰਮਗਤੀ ਦਿਵਸ ਨੂੰ ਅੱਜ ਪੰਜਾਬੀ ਵਿਰਸਾ ਫਾਊਂਡੇਸ਼ਨ ਵੱਲੋ ਬੜੀ ਸ਼ਰਧਾ ਭਾਵਨਾ ਤੇ ਸਤਿਕਾਰ ਨਾਲ ਮਨਾਇਆ ਗਿਆ।ਇਸ ਸਬੰਧੀ ਸਥਾਨਕ ਗੁਰੂ ਨਾਨਕ ਖਾਲਸਾ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਮਾਡਲ ਟਾਊਨ ਲੁਧਿਆਣਾ ਵਿਖੇ ਫਾਊਂਡੇਸ਼ਨ ਵੱਲੋ ਵਿਸ਼ੇਸ਼ ਤੌਰ ਤੇ ” ਚਿੱਤਰ ਬਣਾਉ ਪ੍ਰਤੀਯੋਗਤਾ ” ) ਕਰਵਾਈ  ਗਈ ਜਿਸ ਅੰਦਰ ਸਕੂਲ ਦੀਆਂ ਹੋਣਹਾਰ ਵਿਦਿਆਰਥਣਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ ਅਤੇ ਸੂਰਬੀਰ ਸਿੱਖ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਦੇ ਚਿੱਤਰ ਬਣਾ ਕੇ ਉਨਾਂ ਨੂੰ ਆਪਣਾ ਸਿੱਜਦਾ ਤੇ ਸਤਿਕਾਰ ਅਰਪਿਤ ਕੀਤਾ।
ਇਸ ਤੋ ਪਹਿਲਾਂ ਆਯੋਜਿਤ ਕੀਤੀ ਗਈ ਚਿੱਤਰ ਬਣਾਉ ਪ੍ਰਤੀਯੋਗਿਤਾ ਦੀ ਆਰੰਭਤਾ ਕਰਵਾਉਣ ਲਈ ਉਚੇਚੇ ਤੌਰ ਤੇ ਪੁੱਜੇ ਪੰਜਾਬੀ ਵਿਰਸਾ ਫਾਊਂਡੇਸ਼ਨ ਦੇ ਪ੍ਰਧਾਨ ਰਣਜੀਤ ਸਿੰਘ ਖਾਲਸਾ ਨੇ ਪ੍ਰਤੀਯੋਗਿਤਾ ਵਿੱਚ ਭਾਗ ਲੈਣ ਵਾਲੀਆਂ ਸਕੂਲ ਦੀਆਂ ਹੋਣਹਾਰ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੁਨੀਆਂ ਦੇ ਇਤਿਹਾਸ ਵਿੱਚ ਦਰਜ ਦਸ ਮਹਾਨ ਸੂਰਬੀਰ ਜਰਨੈਲਾਂ ਦੀ ਸੂਚੀ ਵਿੱਚੋ ਪ੍ਰਥਮ ਸਥਾਨ ਪ੍ਰਾਪਤ ਕਰਨ ਵਾਲਾ ਮਹਾਨ ਸੂਰਬੀਰ ਸਿੱਖ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਕੇਵਲ ਇੱਕ ਯੋਧਾ ਹੀ ਨਹੀਂ ਸੀ ਬਲਕਿ ਪੰਥ ਦਾ ਨਿਸ਼ਕਾਮ ਸੇਵਕ ਅਤੇ ਖਾਲਸਾ ਰਾਜ ਦਾ ਨਿਰਛਲ ਰੱਖਿਅਕ ਤੇ ਨਿਸ਼ਠਾਵਾਨ ਅਹਿਲਕਾਰ ਵੀ ਸੀ ਜਿਸ ਦੀ ਬਦੌਲਤ ਅੱਜ ਵੀ ਉਨ੍ਹਾਂ ਦੇ ਦਲੇਰੀ ਭਰੇ ਕਾਰਨਾਮਿਆਂ ਤੇ ਕਾਰਜਾਂ ਨੂੰ ਸਮੁੱਚਾ ਸੰਸਾਰ ਯਾਦ ਕਰਦਾ ਹੈ।
ਉਨ੍ਹਾਂ ਨੇ ਕਿਹਾ ਕਿ ਮਹਾਨ ਸਿੱਖ ਸੂਰਬੀਰ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਜੀ ਦੇ ਸੂਰਮਗਤੀ ਦਿਵਸ ਮੌਕੇ ਪੰਜਾਬੀ ਵਿਰਸਾ ਫਾਊਂਡੇਸ਼ਨ ਵੱਲੋਂ ਉਨ੍ਹਾਂ ਦੀ ਯਾਦ ਨੂੰ ਸਮਰਪਿਤ ਚਿੱਤਰ ਬਣਾਉ ਪ੍ਰਤੀਯੋਗਿਤਾ ਕਰਵਾਉਣ ਦਾ ਮੁੱਖ ਮਨੋਰਥ ਵਿਦਿਆਰਥੀ ਵਰਗ ਨੂੰ ਆਪਣੇ ਗੌਰਵਮਈ ਵਿਰਸੇ , ਇਤਿਹਾਸ ਨਾਲ ਜੋੜਨਾ ਤੇ ਮਹਾਨ ਵਿਅਕਤੀਆਂ ਦੀਆਂ ਕੁਰਬਾਨੀਆਂ ਨੂੰ ਸਦੀਵੀ ਤੌਰ ਤੇ ਯਾਦ ਰੱਖਣਾ ਹੈ।ਇਸੇ ਮਿਸ਼ਨ ਪ੍ਰਾਪਤੀ ਲਈ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਜਗਪ੍ਰੀਤ ਕੌਰ ਜੀ ਅਤੇ ਉਨ੍ਹਾਂ ਦੇ ਸਮੂਹ ਸਟਾਫ ਮੈਬਰਾਂ ਦੇ ਨਿੱਘੇ ਸਹਿਯੋਗ ਨਾਲ ਸਕੂਲ ਵਿਖੇ ਆਯੋਜਿਤ ਕੀਤੀ ਗਈ ਚਿੱਤਰ ਬਣਾਉ ਪ੍ਰਤੀਯੋਗਿਤਾ ਉਸ ਮਹਾਨ ਸਿੱਖ ਜਰਨੈਲ ਸਰਦਾਰ ਹਰੀ ਸਿੰਘ ਨਲਵਾ ਨੂੰ ਆਪਣਾ ਸਿੱਜਦਾ ਭੇਟ ਕਰਨਾ ਹੈ।
ਪ੍ਰਮੁੱਖ ਸਖਸ਼ੀਅਤਾਂ ਨੇ ਜੇਤੂ ਵਿਦਿਆਰਥਣਾਂ ਨੂੰ ਕੀਤਾ ਸਨਮਾਨਿਤ
ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਸ਼੍ਰੀ ਮਤੀ ਜਗਪ੍ਰੀਤ ਕੌਰ ਤੇ ਰਣਜੀਤ ਸਿੰਘ ਨੈਸ਼ਨਲ ਅਵਾਰਡੀ ਨੇ ਵੀ ਪ੍ਰਤੀਯੋਗਿਤਾ ਵਿੱਚ ਭਾਗ ਲੈਣ ਵਾਲੀਆਂ ਵਿਦਿਆਰਥਣਾਂ ਦੀ ਹੌਸਲਾਅਫਜਾਈ ਕੀਤੀ ਅਤੇ ਆਪਣੇ ਅਮੀਰ ਵਿਰਸੇ ਤੇ ਇਤਿਹਾਸ ਨਾਲ ਜੁੜਨ ਲਈ ਪ੍ਰੇਰਿਤ ਕੀਤਾ।ਇਸ ਦੌਰਾਨ ਆਯੋਜਿਤ ਕੀਤੀ ਗਈ ਚਿੱਤਰ ਬਣਾਉ ਪ੍ਰਤੀਯੋਗਿਤਾ ਵਿੱਚ ਪਹਿਲਾਂ ਸਥਾਨ ਸਕੂਲ ਦੀ ਹੋਣਹਾਰ ਵਿਦਿਆਰਥਣ ਕਾਜ਼ਲ ਕੁਮਾਰੀ ਨੇ ਪ੍ਰਾਪਤ ਕੀਤਾ, ਦੂਜਾ ਸਥਾਨ ਵਿਦਿਆਰਥਣ ਨੇਹਾ ਨੇ ਤੇ ਤੀਜਾ ਸਥਾਨ ਰਮਨਦੀਪ ਕੌਰ ਨੇ ਪ੍ਰਾਪਤ ਕੀਤਾ।ਇਸੇ ਤਰ੍ਹਾਂ ਵਿਸ਼ੇਸ਼ ਇਨਾਮ ਵਿਦਿਆਰਥਣ ਕਵਿਤਾ ਨੇ ਪ੍ਰਾਪਤ ਕੀਤਾ।
ਸਮੂਹ ਜੇਤੂ ਰਹਿਣ ਵਾਲੀਆਂ ਹੋਣਹਾਰ ਵਿਦਿਆਰਥਣਾਂ ਤੇ ਪ੍ਰਤੀਯੋਗਿਤਾ ਵਿੱਚ ਭਾਗ ਲੈਣ ਵਾਲੀਆਂ ਵਿਦਿਆਰਥਣਾਂ ਨੂੰ ਪੰਜਾਬੀ ਵਿਰਸਾ ਫਾਊਂਡੇਸ਼ਨ ਦੇ ਪ੍ਰਧਾਨ ਰਣਜੀਤ ਸਿੰਘ ਖਾਲਸਾ, ਸਮਾਜ ਸੇਵਕ ਗੁਰਚਰਨ ਸਿੰਘ ਖੁਰਾਣਾ, ਰਣਜੀਤ ਸਿੰਘ ਨੈਸ਼ਨਲ ਐਵਾਰਡੀ, ਬੀਬੀ ਬਲਦੇਵ ਕੌਰ , ਮੈਡਮ ਤਰਨਦੀਪ ਕੌਰ,ਬੀਬੀ ਗੁਰਮੀਤ ਕੌਰ ਤੇ ਸਕੂਲ ਦੀ ਪ੍ਰਿੰਸੀਪਲ ਸ਼੍ਰੀ ਮਤੀ ਜਗਪ੍ਰੀਤ ਕੌਰ ਵੱਲੋ ਸਾਂਝੇ ਤੌਰ ਤੇ ਇਨਾਮ ਭੇਟ ਕਰਕੇ ਸਨਮਾਨਿਤ ਕੀਤਾ ਗਿਆ।ਇਸ ਸਮੇਂ ਉਨ੍ਹਾਂ ਦੇ ਨਾਲ ਪ੍ਰਤੀਯੋਗਿਤਾ ਵਿੱਚ ਬਤੌਰ ਜੱਜ ਦੀ ਭੂਮਿਕਾ ਨਿਭਾਉਣ ਵਾਲੇ ਮੈਡਮ ਪ੍ਰਿਤਪਾਲ ,ਮੈਡਮ ਕੁਲਵੰਤ ਸ਼ੀਰਾ ਸਮੇਤ ਮੈਡਮ ਰਮਨਦੀਪ ਕੌਰ, ਮੈਡਮ ਮਨਜੀਤ ਕੌਰ,ਸੁਖਪ੍ਰੀਤ ਕੌਰ ,ਮੈਡਮ ਪਵਿੱਤਰਾ, ਹਰਪ੍ਰੀਤ ਕੌਰ ਤੇ ਮੈਡਮ ਅਰਵਿੰਦਰ ਕੌਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
116780cookie-checkਪੰਜਾਬੀ ਵਿਰਸਾ ਫਾਊਂਡੇਸ਼ਨ ਵੱਲੋ ਜਰਨੈਲ ਹਰੀ ਸਿੰਘ ਨਲੂਆ ਜੀ ਦੇ ਸੂਰਮਗਤੀ ਦਿਵਸ ਨੂੰ ਸਮਰਪਿਤ ਆਯੋਜਿਤ ਕੀਤੀ ਗਈ ਚਿੱਤਰ ਬਣਾਉ ਪ੍ਰਤੀਯੋਗਤਾ
error: Content is protected !!