ਚੜ੍ਹਤ ਪੰਜਾਬ ਦੀ
ਲੁਧਿਆਣਾ, 17 ਅਪ੍ਰੈਲ (ਸਤ ਪਾਲ ਸੋਨੀ) – ਹਲਕਾ ਲੁਧਿਆਣਾ ਉੱਤਰੀ ਤੋਂ ਵਿਧਾਇਕ ਮਦਨ ਲਾਲ ਬੱਗਾ ਵੱਲੋਂ ਅੱਜ ਲੁਧਿਆਣਾ ਸ਼ਹਿਰ ਦੇ ਬੇਹੱਦ ਸੰਵੇਦਨਸ਼ੀਲ ਮੁੱਦਿਆਂ ਬਾਰੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਖਾਸ ਮੁਲਾਕਾਤ ਕੀਤੀ ਅਤੇ ਇਨ੍ਹਾਂ ਮਸਲਿਆਂ ਦੇ ਨਿਪਟਾਰੇ ਸੰਬੰਧੀ ਚਰਚਾ ਕੀਤੀ।ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਵਿਧਾਇਕ ਮਦਨ ਲਾਲ ਬੱਗਾ ਨੇ ਦੱਸਿਆ ਕਿ ਉਨ੍ਹਾਂ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ਬਾਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜਾਣੂੰ ਕਰਵਾਇਆ। ਉਨ੍ਹਾਂ ਅੱਗੇ ਦੱਸਿਆ ਕਿ ਉਨ੍ਹਾਂ ਖਾਸ ਤੌਰ ‘ਤੇ ਲੁਧਿਆਣਾ ਸ਼ਹਿਰ ਵਿੱਚ ਵਗਦੇ ਬੁੱਢੇ ਨਾਲੇ ਨੂੰ ਬੁੱਢੇ ਦਰਿਆ ਵਿੱਚ ਤਬਦੀਲ ਕਰਨ ਲਈ ਇਸ ਦੇ ਨਵੀਨੀਕਰਣ ਅਤੇ ਸੁੰਦਰੀਕਰਨ ਕਰਨ ‘ਤੇ ਵਿਚਾਰ ਚਰਚਾ ਕੀਤੀ।
ਉਨ੍ਹਾਂ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਕਿ ਲੁਧਿਆਣਾ ਇੱਕ ਉਦਯੋਗਿਕ ਸ਼ਹਿਰ ਹੈ ਜਿੱਥੇ ਦਿਨ ਰਾਤ ਉਦਯੋਗਿਕ ਇਕਾਈਆਂ ਚੱਲਦੀਆਂ ਹਨ ਅਤੇ ਵਰਕਰਾਂ ਪਾਸੋਂ ਸ਼ਿਫਟਾਂ ਵਿੱਚ ਕੰਮ ਲਿਆ ਜਾਂਦਾ ਹੈ। ਉਨ੍ਹਾ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਭਾਰਤ ਦੇ ਹਰ ਸੂਬੇ ਵਿੱਚੋਂ ਲੋਕ ਆਪਣੀ ਰੋਜੀ-ਰੋਟੀ ਲਈ ਇੱਥੇ ਕੰਮ ਕਰਦੇ ਹਨ ਜਿਸ ਦੇ ਤਹਿਤ ਹੋਰਨਾਂ ਜਿਲ੍ਹਿਆਂ ਦੇ ਮੁਕਾਬਲੇ ਇੱਥੇ ਆਬਾਦੀ ਵੀ ਜ਼ਿਆਦਾ ਹੈ। ਉਨ੍ਹਾਂ ਦੱਸਿਆ ਕਿ ਜੇਕਰ ਵਸਨੀਕਾਂ ਦੀ ਆਬਾਦੀ ਦਾ ਮੁਲਾਂਕਣ ਕੀਤਾ ਜਾਵੇ ਤਾਂ ਉਸਦੇ ਅਨੁਸਾਰ ਸ਼ਹਿਰ ਦੇ ਵੱਖ-ਵੱਖ ਥਾਣਿਆਂ ਵਿੱਚ ਤਾਇਨਾਤ ਪੁਲਿਸ ਫੋਰਸ ਦੀ ਸੰਖਿਆ ਨਾਕਾਫੀ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਅਪੀਲ ਕਰਦਿਆਂ ਕਿਹਾ ਕਿ ਸ਼ਹਿਰ ਵਿੱਚ ਅਮਨ ਸ਼ਾਂਤੀ ਨੂੰ ਬਰਕਰਾਰ ਰੱਖਣ ਲਈ ਥਾਣਿਆਂ ਵਿੱਚ ਪੁਲਿਸ ਫੋਰਸ ਨੂੰ ਤੁਰੰਤ ਵਧਾਇਆ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਪੁਰਾਣੀ ਸਬਜ਼ੀ ਮੰਡੀ ਵਿਖੇ ਸਥਿਤ ਡਾ. ਬੀ.ਐਲ. ਕਪੂਰ ਹਸਪਤਾਲ ਨੂੰ ਮੁੜ ਚਾਲੂ ਕੀਤਾ ਜਾਵੇ।
ਵਿਚਾਰ ਵਟਾਂਦਰੇ ਦੌਰਾਨ ਮੁੱਖ ਮੰਤਰੀ ਵਲੋਂ, ਹਰ ਸੰਭਵ ਸਹਿਯੋਗ ਦਾ ਵੀ ਦਿੱਤਾ ਭਰੋਸਾ
ਵਿਧਾਇਕ ਬੱਗਾ ਨੇ ਦੱਸਿਆ ਕਿ ਵੱਖ-ਵੱਖ ਵਿਸ਼ਿਆਂ ‘ਤੇ ਕੀਤੇ ਵਿਚਾਰ ਵਟਾਂਦਰਿਆਂ ਨੂੰ ਮੁੱਖ ਮੰਤਰੀ ਵਲੋਂ ਹਰ ਪੱਖੋਂ ਮਦਦ ਦੇਣ ਦਾ ਭਰੋਸਾ ਦਿੱਤਾ ਗਿਆ।ਉਨ੍ਹਾਂ ਕਿਹਾ ਕਿ ਮੌਜੂਦਾ ਮੁਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਇਕ ਮਿਹਨਤੀ, ਇਮਾਨਦਾਰ, ਦੂਰਦਰਸ਼ੀ ਅਤੇ ਸੂਝਵਾਨ ਸ਼ਖ਼ਸੀਅਤ ਦੇ ਮਾਲਿਕ ਹਨ ਅਤੇ ਸੂਬੇ ਦੀ ਜਨਤਾ ਨੂੰ ਹਰ ਉਹ ਹੱਕ ਦਿਲਾਉਣਾ ਚਾਹੁੰਦੇ ਹਨ ਜਿਨ੍ਹਾਂ ਤੇ ਜਨਤਾ ਦਾ ਅਧਿਕਾਰ ਬਣਦਾ ਹੈ ਅਤੇ ਆਪਣੇ ਇਸ ਕਾਰਜ ਨੂੰ ਬੜੀ ਮਿਹਨਤ ਅਤੇ ਨਿਸਵਾਰਥ ਭਾਵ ਨਾਲ ਕਰ ਰਹੇ ਹਨ।
1150700cookie-checkਵਿਧਾਇਕ ਮਦਨ ਲਾਲ ਬੱਗਾ ਵੱਲੋਂ ਸ਼ਹਿਰ ਦੇ ਸੰਵੇਦਨਸ਼ੀਲ ਮੁੱਦਿਆਂ ਸਬੰਧੀ ਮੁੱਖ ਮੰਤਰੀ ਨਾਲ ਮੁਲਾਕਾਤ