April 23, 2024

Loading

ਲੁਧਿਆਣਾ, 1 ਮਈ ( ਸਤਪਾਲ ਸੋਨੀ ) : ਕਰਫਿਊ/ਲੌਕਡਾਊਨ ਦੇ ਚੱਲਦਿਆਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਅਗਰਵਾਲ ਨੇ ਅੱਜ ਇੱਕ ਵਾਰ ਫਿਰ ਫੇਸਬੁੱਕ ‘ਤੇ ਲਾਈਵ ਹੋ ਕੇ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕੀਤਾ। ਉਨਾਂ ਲੋਕਾਂ ਨੂੰ ਪਹਿਲਾਂ ਦੀ ਤਰਾਂ ਅੱਗੇ ਵੀ ਸਹਿਯੋਗ ਦੇਣ ਦੀ ਅਪੀਲ ਕੀਤੀ ਅਤੇ ਸਪੱਸ਼ਟ ਕੀਤਾ ਕਿ ਜੋ ਵੀ ਵਿਅਕਤੀ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਨਹੀਂ ਕਰੇਗਾ, ਉਸ ਖ਼ਿਲਾਫ਼ ਲੁਧਿਆਣਾ ਪੁਲਿਸ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਪੁਲਿਸ ਕਮਿਸ਼ਨਰ ਪਹਿਲਾਂ ਵੀ ਦੋ ਵਾਰ ਫੇਸਬੁੱਕ ਰਾਹੀਂ ਲੋਕਾਂ ਨਾਲ ਜੁੜ ਚੁੱਕੇ ਹਨ।ਇਸ ਪੂਰੇ ਸੈਸ਼ਨ ਦੌਰਾਨ ਸ੍ਰੀ ਅਗਰਵਾਲ ਨੇ ਦੱਸਿਆ ਕਿ ਲੁਧਿਆਣਾ ਪੁਲਿਸ ਨੂੰ ਲੋਕਾਂ ਵੱਲੋਂ ਕਾਫੀ ਹੱਦ ਤੱਕ ਸਹਿਯੋਗ ਦਿੱਤਾ ਗਿਆ ਹੈ, ਜਿਸ ਦੀ ਉਹ ਭਵਿੱਖ ਵੀ ਉਮੀਦ ਰੱਖਦੇ ਹਨ। ਉਨਾਂ  ਕਿਹਾ ਕਿ ਕਿਉਂਕਿ ਇਹ ਬਿਮਾਰੀ ਬਹੁਤ ਭਿਆਨਕ ਹੈ ਅਤੇ ਸਮਾਜਿਕ ਦੂਰੀ ਨਾ ਰੱਖਣ ਨਾਲ ਫੈਲਦੀ ਹੈ, ਇਸ ਲਈ ਹੀ ਪੰਜਾਬ ਸਰਕਾਰ ਨੇ ਇਸ ਕਰਫਿਊ/ਲੌਕਡਾਊਨ ਨੂੰ 17 ਮਈ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ। ਲੁਧਿਆਣਾ ਪੁਲਿਸ ਵੱਲੋਂ ਇਸ ਕਰਫਿਊ/ਲੌਕਡਾਊਨ ਨੂੰ ਪੂਰਨ ਤੌਰ ‘ਤੇ ਲਾਗੂ ਕਰਾਉਣ ਲਈ ਹੁਣ ਸਖ਼ਤੀ ਕੀਤੀ ਜਾਵੇਗੀ। ਉਲੰਘਣਾ ਕਰਨ ਵਾਲਿਆਂ ‘ਤੇ ਨਿਗਰਾਨੀ ਰੱਖਣ ਲਈ ਲੁਧਿਆਣਾ ਪੁਲਿਸ ਵੱਲੋਂ 15 ਡਰੋਨ ਕੈਮਰੇ ਵੀ ਸ਼ਹਿਰ ਵਿੱਚ ਉਡਾਏ ਜਾ ਰਹੇ ਹਨ। ਇਸ ਤੋਂ ਇਲਾਵਾ 112 ਮੋਟਰਸਾਈਕਲ ਪੀ. ਸੀ. ਆਰ. ਪਾਰਟੀਆਂ ਅਤੇ 34 ਤਵੇਰਾ ਗੱਡੀਆਂ ਵੀ ਨਿਗਰਾਨੀ ‘ਤੇ ਲਗਾਈਆਂ ਹੋਈਆਂ ਹਨ।

ਉਨਾਂ ਕਿਹਾ ਕਿ ਲੁਧਿਆਣਾ ਪੁਲਿਸ ਨੇ ਹੁਣ ਤੱਕ ਉਲੰਘਣਾ ਦੇ 360 ਮਾਮਲੇ ਦਰਜ ਕੀਤੇ ਹਨ। ਇਸੇ ਤਰਾਂ  16000 ਤੋਂ ਵਧੇਰੇ ਲੋਕਾਂ ਨੂੰ ਖੁੱਲੀਆਂ ਜੇਲਾਂ ਵਿੱਚ ਸੁੱਟਿਆ ਹੈ। ਸ਼ੁਰੂ ਕੀਤੀ ਗਈ ਵਿਸ਼ੇਸ਼ ਮੁਹਿੰਮ ਦੌਰਾਨ ਸ਼ਹਿਰ ਵਿੱਚ 1160 ਤੋਂ ਵਧੇਰੇ ਵਾਹਨਾਂ ਨੂੰ ਜ਼ਬਤ ਕੀਤਾ ਹੈ, ਜੋ ਕਿ ਕਰਫਿਊ/ਲੌਕਡਾਊਨ ਦੇ ਖ਼ਤਮ ਹੋਣ ਤੋਂ ਬਾਅਦ ਮੁਕੰਮਲ ਪ੍ਰਕਿਰਿਆ ਅਪਣਾ ਕੇ ਹੀ ਛੱਡੇ ਜਾਣਗੇ। ਉਨਾਂ ਲੋਕਾਂ ਨਾਲ ਪੁਲਿਸ ਕੰਟਰੋਲ ਦੇ ਨੰਬਰ ਸਾਂਝੇ ਕਰਦਿਆਂ ਅਪੀਲ ਕੀਤੀ ਕਿ ਜੇਕਰ ਉਹ ਪੁਲਿਸ ਨੂੰ ਕਿਸੇ ਵੀ ਤਰਾਂ ਦੀ ਜਾਣਕਾਰੀ ਜਾਂ ਸਮੱਸਿਆ ਸਾਂਝੀ ਕਰਨੀ ਚਾਹੁੰਦੇ ਹਨ ਤਾਂ ਕਦੇ ਵੀ ਸੰਪਰਕ ਕਰ ਸਕਦੇ ਹਨ। ਲੁਧਿਆਣਾ ਪੁਲਿਸ 24 ਘੰਟੇ ਉਨਾਂ ਦੀ ਸੇਵਾ ਵਿੱਚ ਹਾਜ਼ਰ ਹੈ। ਸ੍ਰੀ ਅਗਰਵਾਲ ਨੇ ਦੱਸਿਆ ਕਿ ਲੁਧਿਆਣਾ ਪੁਲਿਸ ਦਾ ਹਰੇਕ ਅਧਿਕਾਰੀ ਅਤੇ ਕਰਮਚਾਰੀ ਬਿਨਾਂ ਕਿਸੇ ਛੁੱਟੀ ਤੋਂ ਰੋਜ਼ਾਨਾ 16 ਘੰਟਿਆਂ ਤੋਂ ਵੱਧ ਦੀ ਡਿਊਟੀ ਕਰ ਰਿਹਾ ਹੈ।ਉਨਾਂ ਖੁਸ਼ੀ ਜ਼ਾਹਿਰ ਕੀਤੀ ਕਿ ਲੁਧਿਆਣਾ ਪੁਲਿਸ ਸੁਰੱਖਿਆ ਦੀ ਡਿਊਟੀ ਕਰਨ ਦੇ ਨਾਲ-ਨਾਲ ਹੋਰ ਕਈ ਮਲਟੀਟਾਸਕ ਕੰਮ ਵੀ ਕਰ ਰਹੀ ਹੈ, ਜਿਸ ਵਿੱਚ ਲੰਗਰ ਵੰਡ, ਮਰੀਜ਼ਾਂ ਦੀ ਸਹਾਇਤਾ, ਲੋੜਵੰਦਾਂ ਦਾ ਸਹਿਯੋਗ ਆਦਿ ਸ਼ਾਮਿਲ ਹਨ। ਉਨਾਂ ਕਿਹਾ ਕਿ ਪੁਲਿਸ ਵਿਭਾਗ ਸਿਹਤ ਵਿਭਾਗ ਦੇ ਨਾਲ ਇਸ ਬਿਮਾਰੀ ਵਿੱਚ ਸਭ ਤੋਂ ਮੋਹਰੀ ਭੂਮਿਕਾ ਅਦਾ ਕਰ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਵੀ ਪੁਲਿਸ ਨੂੰ ਹਰ ਸਹੂਲਤ ਦੇਣ ਲਈ ਯਤਨ ਕੀਤੇ ਜਾ ਰਹੇ ਹਨ। ਸ੍ਰੀ ਅਗਰਵਾਲ ਨੇ ਲੰਗਰ ਆਦਿ ਦੀ ਸੇਵਾ ਕਰ ਰਹੀਆਂ ਜਥੇਬੰਦੀਆਂ ਨੂੰ ਕਿਹਾ ਕਿ ਰਾਸ਼ਨ ਆਦਿ ਵੰਡਣ ਵਿੱਚ ਸਹਾਇਤਾ ਕਰਨ ਲਈ ਲੁਧਿਆਣਾ ਪੁਲਿਸ ਦਾ ਸਹਿਯੋਗ ਹਮੇਸ਼ਾਂ ਮਿਲਦਾ ਰਹੇਗਾ। ਪਰ ਹਰੇਕ ਕੰਮ ਲਈ ਢੁੱਕਵੀਂ ਪ੍ਰਮਿਸ਼ਨ ਹੋਣੀ ਲਾਜ਼ਮੀ ਹੈ।
ਉਨਾਂ  ਕਿਹਾ ਸ਼ਹਿਰ ਵਿੱਚ ਕਰਫਿਊ/ਲੌਕਡਾਊਨ ਦੀ ਸਥਿਤੀ ਨੂੰ ਬਣਾਈ ਰੱਖਣ ਲਈ ਲੁਧਿਆਣਾ ਪੁਲਿਸ ਨੂੰ ਇਸ ਵੇਲੇ 2000 ਤੋਂ ਵਧੇਰੇ ਵਲੰਟੀਅਰ ਨਿਰਸਵਾਰਥ ਸੇਵਾ ਪ੍ਰਦਾਨ ਕਰ ਰਹੇ ਹਨ। ਜੇਕਰ ਹੋਰ ਵੀ ਕੋਈ ਵਿਅਕਤੀ ਜਾਂ ਸੰਸਥਾ ਵੱਖ-ਵੱਖ ਖੇਤਰਾਂ ਵਿੱਚ ਸੇਵਾ ਦੇਣੀ ਚਾਹੁੰਦੀ ਹੈ ਤਾਂ ਉਹ ਉਨਾਂ ਨਾਲ ਫੇਸਬੁੱਕ ਰਾਹੀਂ ਪੇਸ਼ਕਸ਼ ਦੇ ਸਕਦੇ ਹਨ। ਉਨਾਂ ਕਿਹਾ ਕਿ ਇਸ ਭਿਆਨਕ ਬਿਮਾਰੀ ਤੋਂ ਬਚਣ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਅਸੀਂ ਪ੍ਰਸਾਸ਼ਨਿਕ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰੀਏ। ਲੁਧਿਆਣਾ ਪੁਲਿਸ ਕਿਸੇ ਵੀ ਵਿਅਕਤੀ ਨੂੰ ਪ੍ਰੇਸ਼ਾਨ ਜਾਂ ਜੇਲ ਅੰਦਰ ਨਹੀਂ ਕਰਨਾ ਚਾਹੁੰਦੀ ਪਰ ਇਸ ਲਈ ਲੋਕਾਂ ਦਾ ਵੀ ਸਹਿਯੋਗ ਜ਼ਰੂਰੀ ਹੈ। ਉਨਾਂ  ਭਰੋਸਾ ਪ੍ਰਗਟਾਇਆ ਕਿ ਪੰਜਾਬ ਵਾਸੀ ਇਹ ਜੰਗ ਆਪਸੀ ਸਹਿਯੋਗ ਨਾਲ ਜ਼ਰੂਰ ਜਿੱਤ ਲੈਣਗੇ।

57900cookie-checkਲੁਧਿਆਣਾ ਪੁਲਿਸ ਸੁਰੱਖਿਆ ਦੀ ਡਿਊਟੀ ਦੇ ਨਾਲ-ਨਾਲ ਹੋਰ ਕਈ ਮਲਟੀਟਾਸਕ ਕੰਮ ਵੀ ਕਰ ਰਹੀ
error: Content is protected !!