April 19, 2024

Loading

ਲੁਧਿਆਣਾ, (ਬਿਊਰੋ ) : ਇਸਤਰੀ ਤੇ ਬਾਲ ਵਿਕਾਸ ਵਿਭਾਗ ਭਾਰਤ ਸਰਕਾਰ ਵੱਲੋਂ 0 ਤੋਂ 18 ਸਾਲ ਦੇ ਬੱਚਿਆਂ ਦੀ ਸਹਾਇਤਾ ਲਈ ਗਠਿਤ ਚਾਇਲਡ ਲਾਈਨ ਇੰਡੀਆ ਫਾਊਂਡੇਸ਼ਨ ਅਧੀਨ 24 ਘੰਟੇ ਕੰਮ ਕਰ ਰਹੀ ਚਾਇਲਡ ਲਾਈਨ-1098 ਵੱਲੋਂ ਕੀਤੇ ਜਾ ਰਹੇ ਕੰਮਾਂ ਤੋਂ ਪੁਲਿਸ ਨੂੰ ਜਾਣੂੰ ਕਰਵਾਉਣ ਲਈ ਅਤੇ ਇਸ ਕੰਮ ਨੂੰ ਸਾਂਝੇ ਤੌਰ ‘ਤੇ ਕਰਨ ਦੇ ਮੰਤਵ ਨਾਲ ਪੁਲਿਸ ਕਮਿਸ਼ਨਰ ਲੁਧਿਆਣਾ ਵੱਲੋਂ ਸਮੂਹ ਥਾਣਾ ਮੁਖੀਆਂ, ਚੌਕੀ ਇੰਚਾਰਜਾਂ ਅਤੇ ਹੋਰ ਅਮਲੇ ਫੈਲੇ ਦੀ ਚਾਇਲਡ ਲਾਈਨ ਡਾਇਰੈਕਟਰ ਕੁਲਦੀਪ ਸਿੰਘ ਮਾਨ ਨਾਲ ਸਾਂਝੀ ਬੈਠਕ ਕਰਵਾਈ ਗਈ, ਜਿਸ ਦੀ ਪ੍ਰਧਾਨਗੀ ਦੀਪਕ ਪਾਰੀਕ, ਏ.ਡੀ.ਸੀ.ਪੀ (ਸਥਾਨਕ) ਨੇ ਕੀਤੀ।ਉਨਾਂ  ਦੇ ਨਾਲ ਸਚਿਨ ਗੁਪਤਾ ਏ.ਡੀ.ਸੀ.ਪੀ (ਆਈ), ਹਰਜੋਤ ਕੌਰ ਏ.ਸੀ.ਪੀ ਲੁਧਿਆਣਾ, ਰੱਛਮੀ ਸੈਣੀ ਜ਼ਿਲਾ ਬਾਲ ਸੁਰੱਖਿਆ ਅਫਸਰ ਲੁਧਿਆਣਾ ਮੌਜੂਦ ਸਨ।

ਇਸ ਦੌਰਾਨ ਡਾਇਰੈਕਟਰ ਕੁਲਦੀਪ ਸਿੰਘ ਮਾਨ ਨੇ ਦੱਸਿਆ ਕਿ ਫੋਨ ਕਾਲ 1098 ਇੱਕ ਮੁਫ਼ਤ ਕਾਲ ਸੇਵਾ ਹੈ, ਜਿਸ ਦੀ ਵਰਤੋਂ ਕੋਈ ਵੀ ਕਰ ਸਕਦਾ ਹੈ, ਜਿਸ ਰਾਹੀਂ ਕਿਸੇ ਵੀ ਤਰਾਂ ਨਾਲ ਲੋੜਵੰਦ ਬੱਚਾ ਖੁਦ ਜਾਂ ਕੋਈ ਉਸ ਬਾਰੇ ਜਾਣਕਾਰੀ ਦੇ ਸਕਦਾ ਹੈ ਤਾਂ ਚਾਇਲਡ ਲਾਈਨ ਤੁਰੰਤ ਹੀ ਉਸ ਦੀ ਮਦਦ ਲਈ ਸਾਧਨ ਜੁਟਾਉਦੀ ਹੈ। ਉਨਾਂ ਦੱਸਿਆ ਕਿ ਬਹੁਤ ਸਾਰੇ ਬੱਚੇ ਸਿੱਧੇ ਤੌਰ ‘ਤੇ ਆਪਣੀ ਗੱਲ ਸਾਰਿਆਂ ਸਾਹਮਣੇ ਨਹੀਂ ਰੱਖ ਸਕਦੇ ਜਾਂ ਫਿਰ ਅਸੀਂ ਸਿੱਧੇ ਤੌਰ ‘ਤੇ ਕੁਝ ਨਹੀਂ ਕਰ ਸਕਦੇ ਪਰੰਤੂ ਇਸ ਫੋਨ ਸੇਵਾ ਰਾਹੀਂ ਹਰ ਕੋਈ ਬੱਚਾ ਆਪਣੀ ਗੱਲ ਨੂੰ ਖੁੱਲ ਕੇ ਚਾਇਲਡ ਲਾਈਨ ਦੇ ਨੁਮਾਇੰਦਿਆਂ ਅੱਗੇ ਰੱਖ ਸਕਦਾ ਹੈ।ਉਨਾਂ  ਦੱਸਿਆ ਕਿ ਉਨਾਂ  ਦੇ ਅਧਿਕਾਰ ਖੇਤਰ ‘ਚ ਬੇਘਰ, ਬੇਸਹਾਰਾ, ਗੁੰਮਸ਼ੁੰਦਾ, ਮਾਨਸਿਕ ਸ਼ੋਸ਼ਣ/ਸਰੀਰਿਕ ਸ਼ੋਸ਼ਣ, ਘਰ ਤੋਂ ਭੱਜੇ ਜਾਂ ਭਜਾਏ, ਬਾਲ ਮਜ਼ਦੂਰੀ, ਬਾਲ ਭਿਖਾਰੀ, ਬਾਲ ਵਿਆਹ, ਮਾਰਗ ਦਰਸਨ ਦੀ ਜ਼ਰੂਰਤ ਮਹਿਸੂਸ ਕਰਨ ਵਾਲੇ ਬੱਚੇ ਆਉਂਦੇ ਹਨ,ਜਿਨਾਂ ਨੂੰ ਮੁੜ ਘਰ ਭੇਜਣ,ਪੜਾਈ ਦੇ ਪ੍ਰਬੰਧ ਕਰਾਉਣ ਅਤੇ ਬੱਚਿਆਂ ਨੂੰ ਤੰਗ ਪ੍ਰੇਸ਼ਾਨ ਕਰਨ ਵਾਲੇ ਦੋਸ਼ੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਅਮਲ ‘ਚ ਲਿਆਉਣੀ ਹੁੰਦੀ ਹੈ, ਜਿਸ ਲਈ ਪੁਲਿਸ ਪ੍ਰਸ਼ਾਸਨ, ਸਿਹਤ ਵਿਭਾਗ ਅਤੇ ਜਰੂਰਤ ਪੈਣ ‘ਤੇ ਕਿਰਤ ਵਿਭਾਗ ਦੀ ਲੋੜ ਪੈਂਦੀ ਹੈ।ਉਨਾਂ  ਕਿਸੇ ਵੀ ਹਾਲਤ ‘ਚ ਮਿਲਣ ਵਾਲੇ ਬੱਚੇ ਦੀ ਮੁਢਲੀ ਕੌਸ਼ਲਿੰਗ, ਉਸ ਨੂੰ ਮਾਪਿਆਂ ਨਾਲ ਮਿਲਾਉਣ ਅਤੇ ਕਿਸੇ ਵੀ ਬਾਲ ਆਸ਼ਰਮ ਤੱਕ ਪਹੁੰਚਾਉੁਣ ਲਈ ਕੀਤੀ ਜਾਣ ਵਾਲੀ ਕਾਰਵਾਈ ਤੋਂ ਜਾਣੂੰ ਕਰਵਾਇਆ।

ਇਸ ਦੌਰਾਨ ਦੀਪਕ ਪਾਰੀਕ ਅਤੇ ਸਚਿਨ ਗੁਪਤਾ ਨੇ ਸਮੂਹ ਥਾਣਾ ਮੁਖੀਆਂ ਨੂੰ ਹਦਾਇਤ ਕੀਤੀ ਕਿ ਕਿਸੇ ਵੀ ਥਾਣੇ ‘ਚ ਗੁੰਮਸ਼ੁੰਦਗੀ, ਲਾਵਾਰਿਸ ਹਾਲਤ ‘ਚ ਮਿਲਣ ਵਾਲੇ ਬੱਚਿਆਂ ਜਾਂ ਕਿਸੇ ਵੀ ਤਰਾਂ ਸੋਸ਼ਣ ਦਾ ਸ਼ਿਕਾਰ ਹੋ ਕੇ ਆਉਣ ਵਾਲੇ ਬੱਚਿਆਂ ਦੀ ਸਹਾਇਤਾ ਲਈ ਹੋਰ ਵਧੀਆ ਕੰਮ ਕਰਨ ਵਾਸਤੇ ਚਾਇਲਡ ਲਾਈਨ ਟੀਮ ਨੂੰ ਜਾਣਕਾਰੀ ਦਿੱਤੀ ਜਾਵੇ ਤਾਂ ਕਿ ਅਸੀਂ ਬੱਚਿਆਂ ਦੀ ਖੱਜਲ ਖੁਆਰੀ ਨੂੰ ਘਟਾ ਸਕੀਏ।ਇਸ ਮੌਕੇ ਪਰਮਜੀਤ ਰਾਣਾ ਇੰਚਾਰਜ ਜ਼ਿਲਾ ਸਾਂਝ ਕੇਂਦਰ ਲੁਧਿਆਣਾ, ਸਤਨਾਮ ਸਿੰਘ ਰੀਡਰ, ਏਕਮਦੀਪ ਕੌਰ ਗਰੇਵਾਲ, ਕੁਲਵਿੰਦਰ ਸਿੰਘ ਡਾਂਗੋਂ ਕੋਆਰਡੀਨੇਟਰ ਰੇਲਵੇ ਚਾਇਲਡ ਲਾਈਨ, ਅਰਸ਼ਦੀਪ ਸਿੰਘ ਕੋਆਰਡੀਨੇਟਰ ਜ਼ਿਲਾ ਚਾਇਲਡ ਲਾਈਨ, ਹਰਜੀਤ ਸਿੰਘ ਆਦਿ ਹਾਜ਼ਰ ਸਨ।

 

 

54580cookie-checkਪੁਲਿਸ ਪ੍ਰਸ਼ਾਸਨ ਤੇ ਚਾਇਲਡ ਲਾਈਨ-1098 ਬੱਚਿਆਂ ਦੀ ਭਲਾਈ ਲਈ ਹੋਰ ਸਾਂਝੇ ਕਦਮ ਚੁੱਕੇਗੀ
error: Content is protected !!