ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 29 ਅਕਤੂਬਰ (ਪ੍ਰਦੀਪ ਸ਼ਰਮਾ): ਨੇੜਲੇ ਪਿੰਡ ਢਪਾਲੀ ਦੇ ਵੱਡੀ ਗਿਣਤੀ ਵਿੱਚ ਲੋਕ ਪਿਛਲੇ ਕਈ ਦਿਨਾਂ ਤੋਂ ਡੇਂਗੂ ਦੀ ਬਿਮਾਰੀ ਤੋਂ ਪੀਡ਼ਤ ਹਨ ਤੇ ਹਰ ਰੋਜ ਡੇਂਗੂ ਨਾਲ ਪੀਡ਼ਤ ਲੋਕਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ ਪਰ ਸਿਹਤ ਵਿਭਾਗ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ। ਪਿੰਡ ਅੰਦਰ ਸੈਂਕੜੇ ਲੋਕ ਇਸ ਬਿਮਾਰੀ ਦੀ ਗ੍ਰਿਫ਼ਤ ਵਿੱਚ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਮੀਤ ਪ੍ਰਧਾਨ ਸੁਖਦੇਵ ਸਿੰਘ ਢਪਾਲੀ, ਬਲੱਡ ਡੋਨਰ ਕੌਂਸਲ ਦੇ ਪ੍ਰਧਾਨ ਧਰਮ ਸਿੰਘ ਭੁੱਲਰ ਅਤੇ ਪੰਚਾਇਤ ਮੈਂਬਰ ਚਤਿੰਨ ਸਿੰਘ ਭੋਲਾ ਨੇ ਦੱਸਿਆ ਕਿ ਡੇਂਗੂ ਦੇ ਪ੍ਰਕੋਪ ਕਾਰਨ ਜਿੱਥੇ ਪਿੰਡ ਦੇ ਲੋਕਾਂ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਉੱਥੇ ਹੀ ਨਿੱਤ ਦਿਨ ਪਿੰਡ ਵਾਸੀ ਇਸ ਬਿਮਾਰੀ ਦੀ ਲਪੇਟ ਵਿਚ ਆ ਰਹੇ ਹਨ।
ਉਨ੍ਹਾਂ ਦੱਸਿਆ ਕਿ ਇਸ ਬਿਮਾਰੀ ਕਾਰਨ ਇੱਕ ਵਿਅਕਤੀ ਦੀ ਮੌਤ ਵੀ ਹੋ ਚੁੱਕੀ ਹੈ ਜੋ ਕਿ ਰਾਮਪੁਰਾ ਫੂਲ ਦੇ ਇਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਸੀ। ਉਨ੍ਹਾਂ ਦੱਸਿਆ ਕਿ ਬਲਦੇਵ ਸਿੰਘ ਪੁੱਤਰ ਬਹਾਦਰ ਸਿੰਘ, ਚਰਨਜੀਤ ਕੌਰ ਪਤਨੀ ਬਲਦੇਵ ਸਿੰਘ, ਸੁਖਪ੍ਰੀਤ ਕੌਰ ਪਤਨੀ ਰੇਸ਼ਮ ਸਿੰਘ, ਸੁਖਮਨ ਸਿੰਘ, ਕਰਨਵੀਰ ਸਿੰਘ, ਮਨਜੀਤ ਕੌਰ ਪਤਨੀ ਕਰਮਜੀਤ ਸਿੰਘ, ਬਲਵੀਰ ਸਿੰਘ ਪੁੱਤਰ ਬਾਬੂ ਸਿੰਘ, ਕੁਲਦੀਪ ਸਿੰਘ ਪੁੱਤਰ ਕਰਮ ਸਿੰਘ, ਕੁਲਦੀਪ ਕੌਰ ਪਤਨੀ ਜਸਵੰਤ ਸਿੰਘ, ਏਕਮਵੀਰ ਸਿੰਘ ਪੁੱਤਰ ਧਨਵੰਤ ਸਿੰਘ, ਵਰਿੰਦਰ ਕੌਰ ਪਤਨੀ ਰਾਮ ਸਿੰਘ, ਗੁਰਵਿੰਦਰ ਕੌਰ ਪਤਨੀ ਧਰਮ ਸਿੰਘ, ਰੁਲਦੂ ਸਿੰਘ ਪੁੱਤਰ ਜੰਗੀਰ ਸਿੰਘ, ਵੀਰਪਾਲ ਕੌਰ ਪਤਨੀ ਸਵਰਨ ਸਿੰਘ, ਜਗਸੀਰ ਸਿੰਘ ਪੁੱਤਰ ਅਜੈਬ ਸਿੰਘ, ਚਮਕੌਰ ਸਿੰਘ ਪੁੱਤਰ ਬਲਵੀਰ ਸਿੰਘ ਤੋਂ ਇਲਾਵਾ ਪਿੰਡ ਦੇ ਅਨੇਕਾਂ ਵਿਅਕਤੀ ਡੇਂਗੂ ਦੀ ਬੀਮਾਰੀ ਤੋਂ ਪੀਡ਼ਤ ਹਨ।
ਸਿਹਤ ਵਿਭਾਗ ਨਹੀਂ ਲੈ ਰਿਹਾ ਸਾਰ, ਇੱਕ ਵਿਅਕਤੀ ਦੀ ਹੋਈ ਮੌਤ- ਭੁੱਲਰ, ਸੁਖਦੇਵ
ਧਰਮ ਸਿੰਘ ਭੁੱਲਰ ਨੇ ਅੱਗੇ ਦੱਸਿਆ ਕਿ ਕਈ ਘਰ ਅਜਿਹੇ ਹਨ ਜਿਨ੍ਹਾਂ ਦੇ ਸਮੁੱਚੇ ਪਰਿਵਾਰਿਕ ਮੈਂਬਰ ਇਸ ਬਿਮਾਰੀ ਦੀ ਗ੍ਰਿਫਤ ਵਿਚ ਹਨ ਉਨ੍ਹਾਂ ਦਾ ਇਲਾਜ ਕਰਵਾਉਣ ਵਾਲਾ ਵੀ ਕੋਈ ਵਿਅਕਤੀ ਤੰਦਰੁਸਤ ਨਹੀਂ ਹੈ। ਪਿੰਡ ਦੇ ਲੋਕ ਸਿਹਤ ਵਿਭਾਗ ਦੀ ਕਾਰਗੁਜ਼ਾਰੀ ਤੋਂ ਖ਼ਫ਼ਾ ਹਨ। ਉਹ ਕਹਿ ਰਹੇ ਹਨ ਕਿ ਲੋਕ ਨਿੱਜੀ ਹਸਪਤਾਲਾਂ ਵਿਚ ਟੈਸਟ ਕਰਵਾਉਣ ਉਪਰੰਤ ਆਪਣਾ ਇਲਾਜ ਕਰਵਾਉਣ ਨੂੰ ਮਜਬੂਰ ਹਨ ਜਿਸ ਨਾਲ ਉਨ੍ਹਾਂ ਤੇ ਆਰਥਿਕ ਬੋਝ ਪੈਂਦਾ ਹੈ।
ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਸਰਕਾਰ ਮੁਹੱਲਾ ਕਲੀਨਿਕ ਖੋਲ੍ਹ ਰਹੀ ਹੈ ਪਰ ਦੂਜੇ ਪਾਸੇ ਰਾਮਪੁਰਾ ਫੂਲ ਦੇ ਸਿਵਲ ਹਸਪਤਾਲ ਵਿਚ ਡੇਂਗੂ ਦੇ ਮਰੀਜ਼ਾਂ ਦਾ ਇਲਾਜ ਕਰਨ ਲਈ ਕੋਈ ਵਿਸ਼ੇਸ਼ ਸਹੂਲਤ ਨਹੀਂ ਹੈ। ਜਿਸ ਕਾਰਨ ਪਿੰਡ ਦੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਚੋਂ ਗੁਜ਼ਰਨਾ ਪੈ ਰਿਹਾ ਹੈ। ਉਨ੍ਹਾਂ ਸਿਵਲ ਸਰਜਨ ਬਠਿੰਡਾ ਅਤੇ ਸਿਵਲ ਹਸਪਤਾਲ ਰਾਮਪੁਰਾ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਡੇਂਗੂ ਦੀ ਬਿਮਾਰੀ ਦੀ ਰੋਕਥਾਮ ਅਤੇ ਜੋ ਲੋਕ ਇਸ ਬਿਮਾਰੀ ਨਾਲ ਪੀੜਤ ਹਨ ਉਨ੍ਹਾਂ ਦਾ ਇਲਾਜ ਵਧੀਆ ਢੰਗ ਨਾਲ ਕੀਤਾ ਜਾਵੇ ਤਾਂ ਜੋ ਇਸ ਬਿਮਾਰੀ ਨਾਲ ਚੰਗੀ ਤਰ੍ਹਾਂ ਨਜਿੱਠਿਆ ਜਾ ਸਕੇ।
ਕਿਸਾਨ ਆਗੂ ਸੁਖਦੇਵ ਸਿੰਘ ਢਪਾਲੀ ਤੇ ਧਰਮ ਸਿੰਘ ਭੁੱਲਰ ਨੇ ਦੱਸਿਆ ਕਿ ਡੇਂਗੂ ਦੀ ਬਿਮਾਰੀ ਕਾਰਨ ਅਜਮੇਰ ਸਿੰਘ ਪੁੱਤਰ ਮੋਹਰ ਸਿੰਘ ਦੀ ਮੌਤ ਹੋ ਚੁੱਕੀ ਹੈ ਜੋ ਕਿ ਰਾਮਪੁਰਾ ਫੂਲ ਦੇ ਇਕ ਨਿੱਜੀ ਹਸਪਤਾਲ ਵਿਖੇ ਦਾਖਲ ਸੀ। ਇਸ ਸੰਬੰਧੀ ਸਿਵਲ ਹਸਪਤਾਲ ਦੇ ਐੱਸਐੱਮਓ ਹਰਿੰਦਰਪਾਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਡੇਂਗੂ ਬਿਮਾਰੀ ਦੀ ਰੋਕਥਾਮ ਲਈ ਉਪਰਾਲੇ ਕੀਤੇ ਜਾ ਰਹੇ ਹਨ ਪਿੰਡ ਵਿੱਚ ਫੌਗਿੰਗ ਕਰਵਾਈ ਗਈ ਹੈ। ਸਿਵਲ ਹਸਪਤਾਲ ਅੰਦਰ ਡੇਂਗੂ ਲਈ ਲੋੜੀਂਦੇ ਟੈਸਟ ਅਤੇ ਮਰੀਜ਼ ਦੇ ਇਲਾਜ ਲਈ ਪੁਖਤਾ ਪ੍ਰਬੰਧ ਹਨ।
#For any kind of News and advertisment contact us on 9803-450-601
1327700cookie-checkਡੇਂਗੂ ਦੇ ਡੰਗ ਕਾਰਨ ਪਿੰਡ ਢਪਾਲੀ ਦੇ ਸੈਂਕੜੇ ਲੋਕ ਪ੍ਰਭਾਵਿਤ