November 15, 2024

Loading

ਚੜ੍ਹਤ ਪੰਜਾਬ ਦੀ
ਲੁਧਿਆਣਾ 19 ਮਾਰਚ ,(ਰਵੀ ਵਰਮਾ ): ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਅੱਜ ਇਕ ਪ੍ਰੈਸ ਕਾਨਫਰੰਸ ਕਰਕੇ ਯੂਨੀਵਰਸਿਟੀ ਦੇ ਵਕਾਰ ਨੂੰ ਢਾਹ ਲਾਉਣ ਵਾਲੇ ਬਿਆਨਾਂ ਪ੍ਰਤੀ ਭਰਮ ਦੂਰ ਕੀਤੇ ਗਏ।ਯੂਨੀਵਰਸਿਟੀ ਵਿਖੇ ਬੀ ਵੀ ਐਸ ਸੀ ਕੋਰਸ ਵਿਚ ਪੜ੍ਹਦੇ ਰਹੇ ਤੀਸਰੇ ਸਾਲ ਦੇ ਗ਼ੈਰ-ਨਿਵਾਸੀ ਭਾਰਤੀ ਅਜੇਦੀਪ ਸਿੰਘ ਖੋਸਾ ਦੇ ਅਜਿਹੇ ਯਤਨਾਂ ਬਾਰੇ ਇਸ ਕਾਨਫਰੰਸ ਵਿਚ ਜਾਣਕਾਰੀ ਦਿੱਤੀ ਗਈ।
ਪ੍ਰੈਸ ਕਾਨਫਰੰਸ ਵਿਚ ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ, ਵੈਟਨਰੀ ਯੂਨੀਵਰਸਿਟੀ, ਡਾ. ਸਰਵਪ੍ਰੀਤ ਸਿੰਘ ਘੁੰਮਣ, ਡੀਨ, ਵੈਟਨਰੀ ਸਾਇੰਸ ਕਾਲਜ ਅਤੇ ਯੂਨੀਵਰਸਿਟੀ ਦੇ ਵਿਭਿੰਨ ਅਧਿਕਾਰੀ ਮੌਜੂਦ ਸਨ।ਸ਼੍ਰੀ ਖੋਸਾ ਨੇ ਇਲਜ਼ਾਮ ਲਗਾਇਆ ਸੀ ਕਿ ਉਨ੍ਹਾਂ ਨੂੰ ਜਾਣ ਬੁੱਝ ਕੇ ਫੇਲ ਕੀਤਾ ਗਿਆ ਹੈ।ਯੂਨੀਵਰਸਿਟੀ ਪ੍ਰਸ਼ਾਸਨ ਨੇ ਦੱਸਿਆ ਕਿ ਉਨ੍ਹਾਂ ਨੂੰ ਸਮਾਂ ਕਾਲ 01 ਫਰਵਰੀ 2021 ਤੋਂ 06 ਅਗਸਤ 2021 ਦੌਰਾਨ ਵੈਟਨਰੀ ਕਾਊਂਸਲ ਆਫ ਇੰਡੀਆ ਦੇ ਨਿਯਮਾਂ ਤਹਿਤ ਅੰਦਰੂਨੀ ਅਤੇ ਬਾਹਰੀ ਪ੍ਰੀਖਿਆਕਾਰਾਂ ਅਧੀਨ ਪ੍ਰੀਖਿਆ ਦੇ ਕਈ ਮੌਕੇ ਦਿੱਤੇ ਗਏ। ਸ਼੍ਰੀ ਖੋਸਾ ਆਪਣੇ ਇਕ ਕੋਰਸ ਨੂੰ ਪਾਸ ਕਰਨ ਵਿਚ ਸਫ਼ਲ ਨਹੀਂ ਹੋਏ ਜਿਸ ਲਈ ਉਨ੍ਹਾਂ ਨੂੰ ਕੰਪਾਰਟਮੈਂਟ ਪ੍ਰੀਖਿਆ ਦਾ ਮੌਕਾ ਦਿੱਤਾ ਗਿਆ, ਉਸ ਵਿਚ ਵੀ ਉਹ ਅਸਫ਼ਲ ਰਹੇ।ਕੋਰੋਨਾ ਕਾਰਣ ਯੂਨੀਵਰਸਿਟੀ ਵੱਲੋਂ ਕੰਪਾਰਟਮੈਂਟ ਪ੍ਰੀਖਿਆ ਲਈ ਇਕ ਹੋਰ ਵਿਸ਼ੇਸ਼ ਮੌਕਾ ਦਿੱਤਾ ਗਿਆ ਪਰ ਉਸ ਵਿਚ ਵੀ ਉਹ ਸਫ਼ਲਤਾ ਨਹੀਂ ਲੈ ਸਕੇ।
ਇਸ ਤੋਂ ਬਾਅਦ ਉਨ੍ਹਾਂ ਨੇ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਖੇ ਕੇਸ ਵੀ ਕੀਤਾ ਜਿਸ ਵਿਚ ਸਿੰਗਲ ਬੈਂਚ ਅਤੇ ਡਬਲ ਬੈਂਚ ਨੇ ਦਸੰਬਰ 2021 ਵਿਚ ’ਅਪੀਲ ਯੋਗਤਾ ਤੋਂ ਰਹਿਤ ਹੈ’ ਅਤੇ ’ਇਸ ਵਿਚ ਕੋਈ ਅਜਿਹਾ ਤੱਥ ਨਹੀਂ ਮਿਲਿਆ ਜੋ ਅਪੀਲ ਕਰਤਿਆਂ ਵੱਲੋਂ ਦਿੱਤੇ ਗਏ ਤਰਕਾਂ ਨੂੰ ਪ੍ਰਮਾਣਿਤ ਕਰ ਸਕੇ’ ਦੀ ਟਿੱਪਣੀ ਨਾਲ ਇਹ ਕੇਸ ਰੱਦ ਕਰ ਦਿੱਤਾ।ਅਦਾਲਤ ਦੇ ਨਿਰਣੇ ਤੋਂ ਬਾਅਦ ਸ਼੍ਰੀ ਖੋਸਾ ਨੇ ਵੈਟਨਰੀ ਕਾਊਂਸਲ ਆਫ ਇੰਡੀਆ ਦੇ ਨਿਯਮਾਂ ਮੁਤਾਬਿਕ ਪੜ੍ਹਾਈ ਜਾਰੀ ਰੱਖਣ ਲਈ ਆਪਣਾ ਨਾਂ ਤੀਸਰੇ ਵਰ੍ਹੇ ਦੇ ਕੋਰਸ ਵਿਚ ਦੁਬਾਰਾ ਰਜਿਸਟਰ ਨਹੀਂ ਕਰਵਾਇਆ ਅਤੇ ਯੂਨੀਵਰਸਿਟੀ ’ਤੇ ਵੱਖੋ-ਵੱਖਰੇ ਢੰਗਾਂ ਨਾਲ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ ਕਿ ਉਸਨੂੰ ਤੀਸਰੇ ਵਰ੍ਹੇ ਦੇ ਕੋਰਸ ਵਿਚੋਂ ਨਿਯਮਾਂ ਤੋਂ ਬਾਹਰ ਜਾਂਦੇ ਹੋਏ ਪਾਸ ਕਰ ਦਿੱਤਾ ਜਾਵੇ।
ਇਥੇ ਇਹ ਦੱਸਣਾ ਵਰਣਨਯੋਗ ਹੈ ਕਿ ਸ਼੍ਰੀ ਖੋਸਾ ਆਪਣੀ ਕਲਾਸ ਦੇ 94 ਵਿਦਿਆਰਥੀਆਂ ਵਿਚੋਂ ਵਿਦਿਅਕ ਰਿਕਾਰਡ ਮੁਤਾਬਿਕ ਅਖੀਰਲੇ ਨੰਬਰ ’ਤੇ ਹੈ।ਇਸ ਦੇ ਨਾਲ ਹੀ ਯੂਨੀਵਰਸਿਟੀ ਵਿਖੇ ਬੀ ਵੀ ਐਸ ਸੀ ਦੀ ਡਿਗਰੀ ਕਰ ਰਹੇ ਪੰਜੇ ਸਾਲਾਂ ਦੇ 72 ਗ਼ੈਰ-ਨਿਵਾਸੀ ਭਾਰਤੀ ਵਿਦਿਆਰਥੀਆਂ ਵਿਚ ਵੀ ਉਹ ਸਭ ਤੋਂ ਪਿਛਲੇ ਨੰਬਰ ’ਤੇ ਹੈ।ਯੂਨੀਵਰਸਿਟੀ ਪ੍ਰਸ਼ਾਸਨ ਨੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਇਸ ਗੱਲ ਦੀ ਅਪੀਲ ਕੀਤੀ ਹੈ ਕਿ ਬੀ ਵੀ ਐਸ ਸੀ ਦੇ ਕੋਰਸ ਵਿਚ ਦਾਖਲਾ ਲੈਣ ਤੋਂ ਬਾਅਦ ਉਹ ਮਿਹਨਤ ਨਾਲ ਪੜ੍ਹਾਈ ਕਰਨ ਤਾਂ ਜੋ ਬੇਜ਼ੁਬਾਨ ਪਸ਼ੂਆਂ ਅਤੇ ਜਾਨਵਰ ਸੁਰੱਖਿਅਤ ਹੱਥਾਂ ਵਿਚ ਰਹਿਣ।ਮਿਹਨਤ ਨਾਲ ਪ੍ਰਾਪਤ ਕੀਤੀ ਵਿਦਿਆ ਪੇਸ਼ੇਵਰ ਜ਼ਿੰਦਗੀ ਵਿਚ ਉਨ੍ਹਾਂ ਨੂੰ ਹੋਰ ਸਫ਼ਲ ਬਣਾਉਂਦੀ ਹੈ।ਕਿਸਾਨਾਂ ਨੂੰ ਉੱਤਮ ਵੈਟਨਰੀ ਡਾਕਟਰਾਂ ਦੀ ਜ਼ਰੂਰਤ ਹੈ।ਯੂਨੀਵਰਸਿਟੀ ਵੱਲੋਂ ਕਮਜ਼ੋਰ ਵਿਦਿਆਰਥੀਆਂ ਲਈ ਬਿਨਾਂ ਕਿਸੇ ਖਰਚ ਤੋਂ ਵਿਸ਼ੇਸ਼ ਕਲਾਸਾਂ ਵੀ ਲਗਵਾਈਆਂ ਜਾਂਦੀਆਂ ਹਨ।ਵਿਦਿਆਰਥੀਆਂ ਨੂੰ ਉਨ੍ਹਾਂ ਦੇ ਹੁਨਰ ਨਿਖਾਰਨ ਲਈ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਦੇ ਵਿਦਵਾਨਾਂ ਕੋਲੋਂ ਸਿੱਖਿਆ ਦਿਵਾਈ ਜਾਂਦੀ ਹੈ ਅਤੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਆਲਮੀ ਪੱਧਰ ਦੀ ਸਿਖਲਾਈ ਦਿਵਾਉਣ ਲਈ ਵਿਦੇਸ਼ਾਂ ਵਿਚ ਵੀ ਭੇਜਿਆ ਜਾਂਦਾ ਹੈ।ਯੂਨੀਵਰਸਿਟੀ ਪ੍ਰਸ਼ਾਸਨ ਨੇ ਕਿਹਾ ਕਿ ਵਿਤੀ ਮਾਮਲਿਆਂ ਸੰਬੰਧੀ ਉਨ੍ਹਾਂ ਨੂੰ ਕੋਈ ਸ਼ਿਕਾਇਤ ਪ੍ਰਾਪਤ ਨਹੀਂ ਹੋਈ ਹੈ ਜੇ ਕੋਈ ਅਜਿਹੀ ਸ਼ਿਕਾਇਤ ਮਿਲਦੀ ਹੈ ਤਾਂ ਪੂਰਨ ਜਾਂਚ ਕੀਤੀ ਜਾਏਗੀ।
110561cookie-checkਵੈਟਨਰੀ ਯੂਨੀਵਰਸਿਟੀ ਵੱਲੋਂ ਆਪਣੇ ਵਿਦਿਆਰਥੀਆਂ ਨੂੰ ਆਲਮੀ ਪੱਧਰ ’ਤੇ ਸਮਰੱਥ ਬਨਾਉਣ ਲਈ ਕੀਤੇ ਜਾਂਦੇ ਹਨ ਉਪਰਾਲੇ
error: Content is protected !!