ਚੜ੍ਹਤ ਪੰਜਾਬ ਦੀ
ਚੰਡੀਗੜ੍ਹ 12 ਮਾਰਚ ( ਬਿਊਰੋ ): ਪੰਜਾਬ ਸਿੱਖਿਆ ਵਿਭਾਗ ਨੇ ਕੋਵਿਡ-19 ਦੇ ਦੁਬਾਰਾ ਵਧਦੇ ਮਾਮਲਿਆਂ ਨੂੰ ਦੇਖਦਿਆਂ ਵਿਦਿਆਰਥੀਆਂ ਲਈ ਪਿ੍ਰਪਰੇਟਰੀ ਲੀਵ ਦਾ ਐਲਾਨ ਕਰ ਦਿੱਤਾ ਹੈ। ਵਿਦਿਆਰਥੀ ਹੁਣ ਘਰ ਰਹਿ ਕੇ ਪ੍ਰੀਖਿਆ ਦੀ ਤਿਆਰੀ ਕਰਨਗੇ ਤੇ ਉਨਾਂ ਨੂੰ ਸਕੂਲ ਆ ਕੇ ਕਲਾਸ ਅਟੈਂਡ ਕਰਨ ਦੀ ਲੋੜ ਨਹੀਂ ਹੈ। ਸਿੱਖਿਆ ਵਿਭਾਗ ਨੇ ਸਾਰੇ ਜ਼ਿਲਾ ਅਧਿਕਾਰੀਆਂ ਨੂੰ ਇਹ ਹੁਕਮ ਜਾਰੀ ਕੀਤੇ ਹਨ ਕਿ ਪ੍ਰੀ ਪ੍ਰਾਇਮਰੀ, ਪਹਿਲੀ ਕਲਾਸ ਤੇ ਨੌਵੀਂ ਕਲਾਸ ਤੇ 11ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਪਿ੍ਰਪਰੇਟਰੀ ਲੀਵ ਦਿੱਤੀ ਜਾਵੇ। ਹਾਲਾਂਕਿ ਬੋਰਡ ਕਲਾਸਾਂ 10ਵੀਂ ਤੇ 12ਵੀਂ ਦੇ ਵਿਦਿਆਰਥੀ ਪਹਿਲਾਂ ਦੀ ਤਰਾਂ ਸਕੂਲ ਆਉਂਦੇ ਰਹਿਣਗੇ।
ਸਿੱਖਿਆ ਵਿਭਾਗ ਨੇ ਹਦਾਇਤ ਜਾਰੀ ਕਰਦਿਆਂ ਕਿਹਾ ਕਿ ਕੋਵਿਡ-19 ਦੀ ਵਰਤਮਾਨ ਸਥਿਤੀ ਨੂੰ ਦੇਖਦੇ ਹੋਏ ਤੇ ਵਿਦਿਆਰਥੀਆਂ ਨੂੰ ਇਸ ਦੇ ਪ੍ਰਭਾਵਾਂ ਤੋਂ ਬਚਾਉਣ ਲਈ ਇਹ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਸਿੱਖਿਆ ਵਿਭਾਗ ਵੱਲੋਂ ਜਾਰੀ ਹਦਾਇਤਾਂ ’ਚ ਕਿਹਾ ਗਿਆ ਹੈ ਕਿ ਬੋਰਡ ਕਲਾਸਾਂ ਤੋਂ ਇਲਾਵਾ ਬਾਕੀ ਸਾਰੀਆਂ ਕਲਾਸਾਂ ਦੇ ਵਿਦਿਆਰਥੀਆਂ ਦੀ ਪਿ੍ਰਪਰੇਟਰੀ ਲੀਵ ਰਹੇਗੀ ਪਰ ਇਨਾਂ ਕਲਾਸਾਂ ਦੇ ਵਿਦਿਆਰਥੀਆਂ ਦੀ ਤਿਆਰੀ ਦੇ ਚਲਦੇ ਲੋੜ ਅਨੁਸਾਰ ਸਕੂਲ ਆ ਸਕਦੇ ਹਨ। ਇਸ ਦੇ ਨਾਲ ਹੀ ਅਧਿਆਪਕ ਪਹਿਲਾਂ ਦੀ ਤਰਾਂ ਸਕੂਲ ਆਉਣਗੇ।
ਹਦਾਇਤਾਂ ’ਚ ਇਹ ਵੀ ਕਿਹਾ ਗਿਆ ਹੈ ਕਿ ਸਾਰੀਆਂ ਕਲਾਸਾਂ ਦੀਆਂ ਪ੍ਰੀਖਿਆਵਾਂ ਆਫਲਾਈਨ ਹੀ ਹੋਣਗੀਆਂ ਪਰ ਕੋਵਿਡ-19 ਦੀਆਂ ਗਾਈਡਲਾਈਨਜ਼ ਨੂੰ ਫੋਲੋ ਕੀਤਾ ਜਾਵੇਗਾ ਤਾਂ ਜੋ ਸਕੂਲ ’ਚ ਭੀੜ ਨਾ ਹੋ ਸਕੇ। ਉਥੇ ਦਸਵੀਂ ਤੇ 12ਵੀਂ ਕਲਾਸ ਦੇ ਵਿਦਿਆਰਥੀਆਂ ਤੋਂ ਇਲਾਵਾ ਹੋਰ ਕਲਾਸਾਂ ਦੇ ਵਿਦਿਆਰਥੀਆਂ ਲਈ ਹੋਸਟਲ ਬੰਦ ਰਹਿਣਗੇ। ਜਿਸ ਸਕੂਲ ਦੇ ਅਧਿਆਪਕ ਤੇ ਵਿਦਿਆਰਥੀ ਕੋਰੋਨਾ ਪਾਜ਼ੇਟਿਵ ਪਾਏ ਜਾਂਦੇ ਹਨ, ਉਥੇ ਸਿਹਤ ਵਿਭਾਗ ਵੱਲੋਂ ਕੋਵਿਡ-19 ਸਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ।