ਲੁਧਿਆਣਾ, 25 ਅਪ੍ਰੈਲ (ਰਾਜਨ ਮਹਿਰਾ) : ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਭਾਰਤ ਅਤੇ ਮਿਊਂਸੀਪਲ ਸੈਨਟਰੀ ਇੰਸਪੈਕਟਰਜ਼ ਐਸੋਸੀਏਸ਼ਨ ਪੰਜਾਬ ਦਾ ਇਕ ਵਫਦ ਰਾਸ਼ਟਰੀਯ ਸਰਵਉਚ ਨਿਰਦੇਸ਼ਕ ਅਸ਼ਵਨੀ ਸਹੋਤਾ ਦੀ ਅਗਵਾਈ ਹੇਠ ਨਗਰ ਨਿਗਮ ਮੇਅਰ ਬਲਕਾਰ ਸਿੰਘ ਸੰਧੂ ਅਤੇ ਕਮਿਸ਼ਨਰ ਕਵਲਪ੍ਰੀਤ ਕੌਰ ਬਰਾੜ ਨੂੰ ਮਿਲਿਆ ਅਤੇ ਨਗਰ ਨਿਗਮ ‘ਚ ਕੰਮ ਕਰ ਰਹੇ ਸਫਾਈ ਕਰਮਚਾਰੀਆਂ/ਸੀਵਰਮੈਨਾਂ ਨੂੰ ਆ ਰਹੀਆਂ ਮੁਸ਼ਕਿਲਾਂ ਸਬੰਧੀ ਮੰਗ ਪੱਤਰ ਸੌਂਪਿਆ।
ਇਸ ਮੌਕੇ ਅਸ਼ਵਨੀ ਸਹੋਤਾ ਨੇ ਮੇਅਰ ਅਤੇ ਕਮਿਸ਼ਨਰ ਨੂੰ ਮੰਗ ਪੱਤਰ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਦਿਨੀਂ ਕੋਰੋਨਾ ਵਾਇਰਸ (ਕੋਵਿਡ-19) ਦੀ ਡਿਊਟੀ ਦੌਰਾਨ ਪੰਜਾਬ ਦੀਆਂ ਸਮੂਹ ਨਗਰ ਨਿਗਮਾਂ/ਨਗਰ ਕੌਂਸਿਲਾਂ ਵਿਚ ਕੰਮ ਕਰ ਰਹੇ ਸਫਾਈ ਕਰਮਚਾਰੀਆਂ/ਸੀਵਰਮੈਨਾਂ, ਪੰਜਾਬ ਪੁਲਿਸ ਦੇ ਕਰਮਚਾਰੀਆਂ ਅਤੇ ਸਿਹਤ ਕਰਮਚਾਰੀਆਂ ਦਾ ਜਾਨੀ ਨੁਕਸਾਨ ਹੋਣ ਤੇ ਜੋ ਪੰਜਾਬ ਸਰਕਾਰ ਵਲੋਂ 50 ਲੱਖ ਰੁਪਏ ਦਾ ਬੀਮਾ ਕਰਨ ਦੀ ਘੋਸ਼ਣਾਂ ਕੀਤੀ ਸੀ, ਉਸਦਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ ਅਤੇ ਕੋਵਿਡ-19 ਦੇ ਚੱਲਦਿਆਂ ਸਿਹਤ ਵਿਭਾਗ ਵਿਚ ਕੰਮ ਕਰ ਰਹੇ ਕਰਮਚਾਰੀਆਂ ਅਤੇ ਅਧਿਕਾਰੀਆਂ ਦੀ ਜੋ 3500 ਰੁਪਏ ਤੋਂ ਲੈ ਕੇ 12000 ਰੁਪਏ ਤੱਕ ਤਨਖਾਹ ਵਿਚ ਵਾਧਾ ਕੀਤਾ ਗਿਆ ਹੈ, ਉਸ ਦੀ ਤਰਜ਼ ਤੇ ਨਗਰ ਨਿਗਮਾਂ/ਨਗਰ ਕੌਂਸਿਲਾਂ ਵਿਚ ਕੰਮ ਕਰ ਰਹੇ ਸਫਾਈ ਕਰਮਚਾਰੀਆਂ/ਸੀਵਰਮੈਨਾਂ ‘ਤੇ ਵੀ ਲਾਗੂ ਕੀਤਾ ਜਾਵੇ। ਉਕਤ ਆਗੂਆਂ ਨੇ ਨਗਰ ਨਿਗਮ ਦੇ ਸਫਾਈ ਕਰਮਚਾਰੀਆਂ/ਸੀਵਰਮੈਨਾਂ ਨੂੰ 500 ਰੁਪਏ ਰਾਸ਼ਨ ਭੱਤਾ, ਸਪਰੇਅ ਕਰਨ ਵਾਲੇ ਕਰਮਚਾਰੀਆਂ ਲਈ ਸਪੈਸ਼ਲ ਜੈਕਟ ਅਤੇ ਸਾਰਿਆਂ ਨੂੰ ਮਾਸਕ, ਦਸਤਾਨੇ ਤੇ ਸੈਨੇਟਾਈਜਰ ਦੇਣ ਤੇ ਇਨਾਂ ਕਰਮਚਾਰੀਆਂ ਦਾ ਧਰਮਲ ਸਕੇਨ ਅਤੇ ਵਿਟਾਮਿਨ ਸੀ/ਕੈਲਸ਼ੀਅਮ ਦੀਆਂ ਦਵਾਈਆਂ ਦੇਣ ਦਾ ਜੋ ਫੈਸਲਾ ਨਿਗਮ ਪ੍ਰਸਤਾਵ ਵਲੋਂ ਕੀਤਾ ਗਿਆ ਹੈ ਉਸਦਾ ਧੰਨਵਾਦ ਕੀਤਾ। ਇਸ ਮੌਕੇ ਵਿਜੈ ਮਾਨਵ ਰਾਸ਼ਟਰੀ ਮਹਾਂਮੰਤਰੀ ਭਾਵਾਧਸ–ਭਾਰਤ, ਜਗਜੀਤ ਸਿੰਘ, ਅਮੀਰ ਸਿੰਘ ਬਾਜਾਵ, ਰਵੀ ਡੋਗਰਾ ਚੀਫ ਸੈਨੇਟਰੀ ਇੰਸਪੈਕਟਰ, ਬਲਵਿੰਦਰ ਸਿੰਘ ਭੱਟੀ ਸੈਨਟਰੀ ਇੰਸਪੈਕਟਰ ਆਦਿ ਹਾਜ਼ਰ ਸਨ।