ਚੜ੍ਹਤ ਪੰਜਾਬ ਦੀ
ਲੁਧਿਆਣਾ, 05 ਅਪ੍ਰੈਲ (ਸਤ ਪਾਲ ਸੋਨੀ) : ਪੰਜਾਬ ਯੂਥ ਡਿਵੈਲਪਮੈਂਟ ਬੋਰਡ (ਪੀ.ਵਾਈ.ਡੀ.ਬੀ) ਵੱਲੋਂ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਦੀ ਪ੍ਰਧਾਨਗੀ ਹੇਠ ਅੱਜ ਤੱਕ ਜ਼ਿਲੇ ਵਿੱਚ ਕੁੱਲ 12 ਕੋਵਿਡ-19 ਵੈਕਸੀਨੇਸ਼ਨ ਕੈਂਪ ਲਗਾਏ ਜਾ ਚੁੱਕੇ ਹਨ। ਸ੍ਰੀ ਬਿੰਦਰਾ ਵੱਲੋਂ ਅੱਜ ਅਜਿਹੇ 4 ਕੈਂਪਾਂ ਦਾ ਉਦਘਾਟਨ ਕੀਤਾ ਜਿਸ ਵਿੱਚ ਹਾਈਵੇ ਇੰਡਸਟਰੀਜ਼ ਲਿਮਟਿਡ, ਫੋਕਲ ਪੁਆਇੰਟ, ਹਾਈਵੇਅ ਇੰਡਸਟਰੀਜ਼ ਲਿਮਟਿਡ, ਸਾਹਨੇਵਾਲ, ਹਾਈਵੇਅ ਇੰਡਸਟਰੀਜ਼ ਲਿਮਟਿਡ, ਗਿੱਲ ਰੋਡ ਅਤੇ ਵਾਰਡ ਨੰਬਰ 25, ਆਂਸਲ ਕਲੋਨੀ, ਸਾਹਨੇਵਾਲ ਸ਼ਾਮਲ ਹਨ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਵਿੰਦਰ ਸਿੰਘ ਬਿੰਦਰਾ ਨੇ ਹਾਈਵੇਅ ਇੰਡਸਟਰੀਜ਼ ਦੇ ਮਾਲਕ ਅਮੋਲ ਮੁੰਜਾਲ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਜਿਨਾਂ ਆਪਣੀਆਂ ਸਾਰੀਆਂ ਇਕਾਈਆਂ ਵਿਚ ਅਜਿਹੇ ਟੀਕਾਕਰਨ ਕੈਂਪ ਲਗਾਏ। ਉਨਾਂ ਕਿਹਾ ਕਿ ਇਨਾਂ ਕੈਂਪਾਂ ਦੌਰਾਨ ਪੰਜਾਬ ਸਰਕਾਰ ਵੱਲੋਂ 6000 ਤੋਂ ਵੱਧ ਫੈਕਟਰੀਆਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਦਾ ਮੁਫ਼ਤ ਟੀਕਾਕਰਨ ਕੀਤਾ ਜਾਵੇਗਾ।
ਪੀ.ਵਾਈ.ਡੀ.ਬੀ. ਦੇ ਚੇਅਰਮੈਨ ਨੇ ਦੱਸਿਆ ਕਿ ਉਨਾਂ 27 ਮਾਰਚ, 2021 ਨੂੰ ਮਾਡਲ ਟਾਊਨ ਐਕਸਟੈਨਸ਼ਨ ਵਿੱਚ ਗੁਰੂਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਵਿਖੇ ਪਹਿਲਾ ਅਜਿਹਾ ਕੈਂਪ ਲਗਾਇਆ ਸੀ ਅਤੇ ਹੁਣ ਤੱਕ ਜ਼ਿਲੇ ਵਿਚ ਇਕ ਦਰਜਨ ਕੈਂਪ ਲਗਾਏ ਜਾ ਚੁੱਕੇ ਹਨ। ਸੁਖਵਿੰਦਰ ਸਿੰਘ ਬਿੰਦਰਾ ਨੇ ਕਿਹਾ ਕਿ ਪੀ.ਵਾਈ.ਡੀ.ਬੀ. ਕੋਵੀਡ-19 ਵੈਕਸੀਨ ਹਰ ਯੋਗ ਵਿਅਕਤੀ ਤੱਕ ਪਹੁੰਚਾਉਣ ਲਈ ਭਰਪੂਰ ਯਤਨ ਕਰ ਰਿਹਾ ਹੈ ਤਾਂ ਜੋ ਜਲਦ ਤੋਂ ਜਲਦ ਲੋਕਾਂ ਦੀ ਵੈਕਸੀਨੇਸ਼ਨ ਕਰਕੇ ਇਸ ਮਹਾਂਮਾਰੀ ਦੀ ਲੜੀ ਨੂੰ ਤੋੜਿਆ ਜਾ ਸਕੇ।
ਚੇਅਰਮੈਨ ਨੇ ਕਿਹਾ ਕਿ ਸਿਰਫ ਤੇਜ਼ ਟੀਕਾਕਰਨ ਮੁਹਿੰਮ ਰਾਹੀਂ ਇਸ ਵਾਇਰਸ ‘ਤੇ ਕਾਬੂ ਪਾਇਆ ਜਾ ਸਕਦਾ ਹੈ, ਜਿਸ ਨਾਲ ਇਸ ਬਿਮਾਰੀ ਦੀ ਪਸਾਰ ਲੜੀ ਤੋੜੀ ਜਾ ਸਕਦੀ ਹੈ।ਉਨਾਂ ਉਦਯੋਗਪਤੀਆਂ ਨੂੰ ਹਮੇਸ਼ਾਂ ਪੀ.ਵਾਈ.ਡੀ.ਬੀ. ਦਾ ਸਮਰਥਨ ਕਰਨ ਲਈ ਧੰਨਵਾਦ ਕੀਤਾ ਅਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਵੱਖ–ਵੱਖ ਭਲਾਈ ਸਕੀਮਾਂ ਵਿੱਚ ਪੰਜਾਬ ਸਰਕਾਰ ਦੀ ਅਗੁਵਾਈ ਕੀਤੀ। ਉਨਾਂ ਕਿਹਾ ਕਿ ਉਦਯੋਗਪਤੀਆਂ ਵੱਲੋਂ ਪੀ.ਵਾਈ.ਡੀ.ਬੀ. ਨੂੰ ਹਜ਼ਾਰਾਂ ਖੇਡ ਕਿੱਟਾਂ ਮੁਹੱਈਆ ਕਰਵਾਈਆਂ ਗਈਆਂ ਜੋ ਨੌਜਵਾਨਾਂ ਲਈ ਮਦਦਗਾਰ ਸਾਬਤ ਹੋਈਆਂ। ਉਨਾਂ ਕਿਹਾ ਕਿ ਹੁਣ ਜਦੋਂ ਸੂਬੇ ਵਿੱਚ ਟੀਕਾਕਰਨ ਦੀ ਮੁਹਿੰਮ ਚੱਲ ਰਹੀ ਹੈ, ਉਹ ਚਾਹੁੰਦੇ ਹਨ ਕਿ ਉਦਯੋਗਪਤੀ ਆਪਣੀਆਂ ਇਕਾਈਆਂ ਵਿੱਚ ਵਿਸ਼ੇਸ਼ ਕੈਂਪ ਲਗਾਉਣ ਤਾਂ ਜੋ ਉਨਾਂ ਦੇ ਸਾਰੇ ਕਰਮਚਾਰੀ ਟੀਕੇ ਲਗਾ ਸਕਣ ਅਤੇ ਸੁਰੱਖਿਅਤ ਰਹਿਣ।ਸ੍ਰੀ ਬਿੰਦਰਾ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਟੀਕਾਕਰਨ ਦੀ ਮੁਹਿੰਮ ਨੂੰ ਜੰਗੀ ਪੱਧਰ ‘ਤੇ ਚਲਾ ਰਹੀ ਹੈ ਅਤੇ ਹੁਣ ਲੋਕਾਂ ਦੀ ਵੀ ਸਮਾਜਿਕ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਅੱਗੇ ਆ ਕੇ ਆਪਣਾ ਟੀਕਾਕਰਨ ਕਰਾਉਣ।ਇਸ ਮੌਕੇ ਅਮਨ ਮਹਿਰਾ, ਇੰਦਰਪਾਲ ਗਰੇਵਾਲ, ਹਰਪ੍ਰੀਤ ਕੌਰ ਗਰੇਵਾਲ (ਬਲਾਕ ਪ੍ਰਧਾਨ), ਗੁਰਦੀਪ ਕੌਰ (ਜ਼ਿਲਾ ਪ੍ਰਧਾਨ ਮਹਿਲਾ ਕਾਂਗਰਸ), ਹਰਵਿੰਦਰ ਪੱਪੀ (ਬਲਾਕ ਪ੍ਰਧਾਨ), ਮਨਦੀਪ ਸਾਹਨੇਵਾਲ, ਬੰਟੀ ਬਿਲਗਾ, ਸ਼ਿੰਗਾਰਾ ਸਿੰਘ ਮੰਗਲੀ, ਹਰਜੀਤ ਕੌਰ ਗਰਚਾ ਤੋਂ ਇਲਾਵਾ ਹੋਰ ਵੀ ਸ਼ਾਮਲ ਸਨ।