Categories HistoryPoliticsPunjabi News

ਸਿਆਸੀ ਖ਼ੇਤਰ ‘ਚ ਇੱਕ ਵਲੰਟੀਅਰ ਤੋਂ ਕੈਬਨਿਟ ਦੇ ਅਹੁਦੇ ਤੱਕ ਪਹੁੰਚਣ ਵਾਲੀ ਮਿਹਨਤੀ ਸ਼ਖਸੀਅਤ ਚੇਤਨ ਸਿੰਘ ਜੌੜਾਮਾਜਰਾ

Loading

ਚੜ੍ਹਤ ਪੰਜਾਬ ਦੀ
ਸਮਾਣਾ ( ਹਰਜਿੰਦਰ ਸਿੰਘ ਜਵੰਦਾ ) : ਜਿਸ ਇਨਸਾਨ ਵਿੱਚ ਕੁਝ ਕਰਨ ਦਾ ਜਜ਼ਬਾ ਹੋਵੇ, ਉਹ ਆਪਣੀ ਲਗਨ ਤੇ ਸੱਚੀ ਮਿਹਨਤ ਸਦਕਾ ਕਿਸੇ ਵੀ ਉੱਚੀ ਤੋਂ ਉਚੀ ਮੰਜ਼ਿਲ ਤੇ ਪਹੁੰਚ ਸਕਦਾ ਹੈ। ਇਸ ਮਿਹਨਤ, ਲਗਨ, ਹਿੰਮਤ, ਸਾਧਨਾ ਅਤੇ ਘਾਲਣਾ ਦੇ ਬਲਬੂਤੇ 2022 ਵਿਧਾਨ ਸਭਾ ਚੋਣਾਂ ‘ਚ ਹਲਕਾ ਸਮਾਣਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਬਣੇ ਅਤੇ ਆਪਣੇ ਵਿਰੋਧੀ ਧਨਾਢ ਉਮੀਦਵਾਰਾਂ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ (ਸ਼੍ਰੋਮਣੀ ਅਕਾਲੀ ਤੇ ਬਸਪਾ) ਅਤੇ ਸਾਬਕਾ ਵਿਧਾਇਕ ਰਜਿੰਦਰ ਸਿੰਘ (ਕਾਂਗਰਸ) ਤੋਂ 39763 ਵੋਟਾਂ ਦੇ ਵੱਡੇ ਫਰਕ ਨਾਲ ਹਰਾ ਕੇ ਇੱਕ ਵੱਡੀ ਜਿੱਤ ਦਾ ਇਤਿਹਾਸ ਸਿਰਜਿਆ ਹੈ ਅਤੇ ਉਨਾਂ ਦੀ ਕਾਬਲੀਅਤ ਨੂੰ ਦੇਖਦੇ ਹੋਏ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਸਰਕਾਰ ਦੇ ਨਵੇਂ ਵਿਸਥਾਰ ਕੀਤੇ ਮੰਤਰੀ ਮੰਡਲ ਵਿੱਚ ਚੇਤਨ ਸਿੰਘ ਜੌੜਾਮਾਜਰਾ ਨੂੰ ਸ਼ਾਮਲ ਕੀਤਾ ਗਿਆ ਹੈ।
ਹਲਕਾ ਸਮਾਣਾ ਦੇ ਇੱਕ ਛੋਟੇ ਜਿਹੇ ਪਿੰਡ ਜੌੜਾਮਾਜਰਾ ਦੇ ਆਮ ਕਿਸਾਨ ਪਰਿਵਾਰ ਚੋਂ ਉਠ ਕੇ ਵਿਧਾਨ ਸਭਾ ਵਿੱਚ ਜਾ ਨਗਾਰਾ ਖੜਕਾਉਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ, ਇਹ ਇੱਕ ਸੰਘਰਸ਼ ਦਾ ਫ਼ਲ ਹੈ।ਜੌੜਾਮਾਜਰਾ ਦਾ ਪਿਛੋਕੜ ਭਾਵੇਂ ਰਾਜਨੀਤਕ ਨਹੀਂ, ਉਨਾਂ ਦੀ ਇਨਕਲਾਬੀ ਸੋਚ ਅਤੇ ਪਹਿਲੇ ਦਿਨ ਤੋਂ ਸਮਾਜ ਸੇਵਾ ਦੇ ਸ਼ੌਂਕ ਨੇ ਉਨਾਂ ਦਾ ਸਿਆਸੀ ਖੇਤਰ ‘ਚ ਪ੍ਰਵੇਸ ਕਰਵਾ ਦਿੱਤਾ।ਉਨਾਂ ਨੇ ਆਪਣੇ ਦਮ ’ਤੇ ਆਮ ਆਦਮੀ ਪਾਰਟੀ ‘ਚ ਇਕ ਵਲੰਟੀਅਰ ਤੋਂ ਸ਼ੁਰੂ ਹੋ ਪੌੜੀ ਦਰ ਪੌੜੀ ਅੱਗੇ ਵੱਧਦਿਆਂ ਹਲਕਾ ਇੰਚਾਰਜ, ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਤੱਕ ਦੇ ਸਫਰ ਨੂੰ ਤੈਅ ਕਰਦਿਆਂ ਅੱਜ ਇਹ ਵਿਲੱਖਣ ਸਥਾਨ ਹਾਸਲ ਕੀਤਾ ਹੈ।ਹਾਲਾਂਕਿ ਕੁਝ ਲੋਕਾਂ ਵਲੋਂ ਉਨ੍ਹਾਂ ਨੂੰ ਸਮੇਂ-ਸਮੇਂ ਤੇ ਠਿੱਬੀ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਸ ਨੇ ਇੱਕ ਸੱਚੇ ਸਿਪਾਹੀ ਦਾ ਫਰਜ਼ ਨਿਭਾਉਦੇਂ ਹੋਏ ਸਬਰ ਰੱਖਦਿਆਂ ਆਪਣੇ ਰਾਜਨੀਤਕ ਕਿਰਦਾਰ ਨੂੰ ਨਹੀਂ ਬਦਲਿਆ ਅਤੇ ਹਰ ਸਮੇਂ ਸਮਾਜਕ ਬਦਲਾਅ ਲਿਆਉਣ ਵਾਲੀ ਆਪਣੀ ਆਮ ਆਦਮੀ ਪਾਰਟੀ ਦਾ ਪੱਖ ਪੂਰਿਆ,ਪਿਛਲੇ ਕਰੀਬ 9 ਸਾਲਾਂ ਤੋਂ ਪਾਰਟੀ ਦੀ ਨਿਰਸੁਆਰਥ ਕੀਤੀ ਜਾ ਰਹੀ ਸੇਵਾ ਭਾਵ ਨੇ ਉਨ੍ਹਾਂ ਨੂੰ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਵਰਕਰਾਂ ਦਾ ਚਿਹੇਤਾ ਬਣਾ ਦਿੱਤਾ।
ਉਨ੍ਹਾਂ ਦੀ ਲਿਆਕਤ, ਦੂਰਅੰਦੇਸ਼ੀ ਸੋਚ ਅਤੇ ਮਿੱਤਰਤਾ ਭਰੇ ਨਿੱਘੇ ਸੁਭਾਅ ਨੇ ਹਲਕੇ ‘ਚ ਆਪ ਪਾਰਟੀ ਨੂੰ ਹੋਰ ਵੀ ਮਜਬੂਤੀ ਮਿਲੀ।ਅੱਜ ਮੌਕਾਪ੍ਰਸਤੀ ਦੀ ਸਿਆਸਤ ਵਿੱਚ ਲੀਡਰ ਵੋਟਾਂ ਤੋਂ ਬਾਅਦ ਆਪਣੇ ਵਰਕਰਾਂ ਦਾ ਨਾਂ ਤੱਕ ਭੁੱਲ ਜਾਂਦੇ ਹਨ ਪਰ ਚੇਤਨ ਸਿੰਘ ਜੌੜਾਮਾਜਰਾ ਉਹ ਰਾਜਨੀਤਕ ਸਖਸ਼ੀਅਤ ਹੈ ਜਿੰਨਾਂ ਨੂੰ ਆਪਣੇ ਵਰਕਰਾਂ ਦੇ ਨਾਵਾਂ ਤੋਂ ਇਲਾਵਾ ਆਪਣੇ ਇਲਾਕੇ ਦੇ ਹਰ ਪਿੰਡ ਤੇ ਸ਼ਹਿਰ ਦੇ ਮੋਹਤਬਰ ਆਗੂਆਂ ਦੇ ਨਾਂ ਤੱਕ ਯਾਦ ਹਨ।ਚੇਤਨ ਸਿੰਘ ਜੌੜਾਮਾਜਰਾ ਨੇ ਕਦੇ ਵੀ ਆਪਣੀ ਸ਼ਰਾਫਤ, ਦਿਆਲਤਾ ਦਾ ਪੱਲਾ ਨਹੀਂ ਛੱਡਿਆ ਅਤੇ ਪਾਰਟੀ ਦੀ ਮਜ਼ਬੂਤੀ ਲਈ ਦਿਨ ਰਾਤ ਕਰੜੀ ਮਿਹਨਤ ਕਰਦੇ ਰਹੇ, ਜਿਸ ਦੇ ਚੱਲਦੇ ਉਹ ਅੱਜ ਹਲਕੇ ਦੇ ਲੋਕਾਂ ਵਿਚ ਇੱਕ ਸ਼ਰੀਫ ਅਤੇ ਮਿਲਣਸਾਰ ਨੇਤਾ ਵਜੋਂ ਮਕਬੂਲ ਹੋਏ ਹਨ।ਕਹਿੰਦੇ ਹਨ ਕਿ ਇਨਸਾਨ ਦੀ ਮਿਹਨਤ ਅਤੇ ਸਫ਼ਲਤਾ ਓਦੋਂ ਪ੍ਰਵਾਨ ਚੜ੍ਹਦੀ ਹੈ, ਜਦ ਉਸਦੇ ਵਿਰੋਧੀ ਵੀ ਉਸਦੀ ਸਫ਼ਲਤਾ ਦਾ ਲੋਹਾ ਮੰਨਣ
ਚੇਤਨ ਸਿੰਘ ਜੌੜਾਮਾਜਰਾ ਦੇ ਮੈਂ ਉਹਨਾਂ ਆਲੋਚਕਾਂ ਵੱਲੋਂ ਵੀ ਪੈਰੀਂ ਹੱਥ ਲੱਗਦੇ ਦੇਖੇ, ਜਿਹੜੇ ਕਦੇ ਉਸ ਦੀ ਪਿੱਠ ਪਿੱਛੇ ਉਸ ਨੂੰ ਬੁਰਾ-ਭਲਾ ਬੋਲਦੇ ਸਨ।ਚੇਤਨ ਸਿੰਘ ਜੌੜਾਮਾਜਰਾ ਦੀ ਸਰਬਪਰਵਾਨਿਤ ਸ਼ਖਸੀਅਤ ਦਾ ਇਕ ਪੱਖ ਇਹ ਵੀ ਹੈ ਕਿ ਉਹ ਹੋਸ਼ੀ, ਲਿਫਾਫੇਬਾਜ ਤੇ ਲਾਰੇਬਾਜ ਬਿਆਨਬਾਜੀ ਤੋਂ ਕੋਹਾਂ ਦੂਰ ਲੋਕਾਂ ਦੀ ਸੇਵਾ ਕਰਨਾ ਵਾਲਾ ਇਨਸਾਨ ਹੈ।ਉਸ ਨੇ ਹਮੇਸ਼ਾ ਹੀ ਸਾਫ ਸੁਥਰੀ ਰਾਜਨੀਤੀ ਕਰਨ ਨੂੰ ਤਰਜੀਹ ਦਿੱਤੀ ਹੈ ਅਤੇ ਆਪ ਪਾਰਟੀ ਦੀ ਹਰ ਚੋਣ ਵੇਲੇ ਹਰ ਤਰਾਂ ਸੇਵਾ ਕੀਤੀ। ਪਾਰਟੀ ਵਲੋਂ ਉਹਨਾਂ ਦੀ ਜੋ ਵੀ ਡਿਊਟੀ ਲਗਾਈ ਗਈ, ਚੇਤਨ ਸਿੰਘ ਜੌੜਾਮਾਜਰਾ ਨੇ ਉਸ ਨੂੰ ਤਨਦੇਹੀ ਨਾਲ ਨਿਭਾਇਆ ਹੈ।ਇਨੀ ਦਿਨੀਂ ਚੇਤਨ ਸਿੰਘ ਜੌੜਾਮਾਜਰਾ ਹਲਕਾ ਸਮਾਣਾ ਵਿਧਾਇਕ ਦੇ ਨਾਲ-ਨਾਲ ਵਿਧਾਨ ਸਭਾ ਦੀ ਹਾਊੁਸ ਕਮੇਟੀ ਅਤੇ ਐਗਰੀਕਲਚਰ ਕਮੇਟੀ ਦੇ ਮੈਂਬਰ ਵਜੋਂ ਵੀ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ।
ਚੇਤਨ ਸਿੰਘ ਜੌੜਾਮਾਜਰਾ ਇੱਕ ਨਿਧੜਕ, ਦ੍ਰਿੜ ਇਰਾਦੇ ਵਾਲੇ ਅਤੇ ਬੇਬਾਕ ਸ਼ਖਸੀਅਤ ਹੈ, ਜੋ ਕਿਸੇ ਵੀ ਵੱਡੇ ਤੋਂ ਵੱਡੇ ਵਿਅਕਤੀ ਦੇ ਸਾਹਮਣੇ ਸੱਚੀ ਗੱਲ ਕਹਿਣ ਦੀ ਜ਼ੁਅਰਤ ਰੱਖਦੇ ਹਨ ਅਤੇ ਇੱਕ ਚੰਗਾ ਬੁਲਾਰਾ ਹੋਣ ਕਰਕੇ ਉਸ ਵਿੱਚ ਲੋਕਾਂ ਨੂੰ ਪ੍ਰਭਾਵਤ ਕਰਨ ਦਾ ਗੁਣ ਹੈ। ਚੇਤਨ ਸਿੰਘ ਜੌੜਾਮਾਜਰਾ ਵਲੋਂ ਪਿਛਲੇ ਦਿਨੀਂ ਵਿਧਾਨ ਸਭਾ ਇਜਲਾਸ ‘ਚ ਕੁਝ ਮਹੱਤਵਪੂਰਨ ਮੁੱਦੇ ਚੁੱਕੇ ਗਏ ਜਿਵੇਂ ਕਿ ਸੜਕਾਂ ਚੌੜੀਆਂ ਕਰਨ ਸਮੇਂ ਸੜਕਾਂ ਦੇ ਕਿਨਾਰਿਆਂ ਤੋਂ ਦਰੱਖ਼ਤ ਪੱਟ ਦਿੱਤੇ ਜਾਂਦੇ ਹਨ ਸੜਕਾਂ ਬਣਾਏ ਜਾਣ ਉਪਰੰਤ ਦੁਬਾਰਾ ਸੜਕਾਂ ਦੇ ਕਿਨਾਰੇ ਨਵੇਂ ਦਰੱਖਤ ਲਗਾਏ ਜਾਣ ਅਤੇ ਚੇਅਰਮੈਨ ਕੋਟੇ ਵਿੱਚ ਜਿਨ੍ਹਾਂ ਕਿਸਾਨਾਂ ਨੂੰ ਅਜੇ ਤੱਕ ਬਿਜਲੀ ਕੁਨੈਕਸ਼ਨ ਨਹੀਂ ਮਿਲੇ ਉਨ੍ਹਾਂ ਦੀਆ ਸਕਿਉਰਿਟੀਆਂ ਦੇ ਪੈਸੇ ਵਿਆਜ ਸਮੇਤ ਵਾਪਸ ਕਰਨ ਸਬੰਧੀ ਉਠਾਏ ਗਏ ਸਵਾਲਾਂ ਦੀ ਸੂਬੇ ਭਰ ਦੇ ਲੋਕਾਂ ਵੱਲੋਂ ਸ਼ਲਾਘਾ ਕੀਤੀ ਗਈ ਹੈ।
ਉਹਨਾਂ ਨੂੰ ਇਨਸਾਨੀਅਤ ਦੀ ਸਮਝ ਹੈ ਅਤੇ ਹਰ ਦੂਜੇ ਦੇ ਦੁੱਖ ਦਰਦ ਨੂੰ ਸਮਝਣ ਨੂੰ ਆਪਣਾ ਸਮਝਦੇ ਹਨ।ਉਨਾਂ ਦੀ ਇਹੋ ਕੋਸ਼ਿਸ਼ ਰਹਿੰਦੀ ਹੈ ਕਿ ਲੋੜਵੰਦਾਂ ਦੇ ਦਰਦ ਹਰੇ ਜਾਣ, ਭਾਈਚਾਰਕ ਸਾਂਝ ਵਧੇ ਅਤੇ ਸਮਾਜ ਨੂੰ ਕੁਰੀਤੀਆਂ ਤੋਂ ਨਿਜਾਤ ਮਿਲੇ ਆਦਿ।ਸਮੇਂ ਦੇ ਚੱਕਰ ਅਨੁਸਾਰ ਪੂਰੇ ਵਿਸ਼ਵ ਭਰ ਵਿਚ ਕਰੋਨਾ ਕਾਲ ਦੇ ਚਲਦਿਆਂ ਜਦੋ ਸਰਕਾਰਾਂ ਦੇ ਹੁਕਮ ਅਨੁਸਾਰ ਲੌਕਡਾਊਨ ਦੌਰਾਨ ਦੇਸ਼ ਦੀ ਜਨਤਾ ਆਪਣੇ ਘਰਾਂ ਅੰਦਰ ਕੈਦ ਹੋ ਕੇ ਰਹਿ ਗਈ ਅਤੇ ਲੋਕਾਂ ਦੇ ਕੰਮਕਾਰ ਬੰਦ ਹੋ ਗਏ ਉਸ ਵੇਲੇ ਚੇਤਨ ਸਿੰਘ ਜੌੜਾਮਾਜਰਾ ਆਪਣੀ ਟੀਮ ਨਾਲ ਅੱਗੇ ਵੱਧ ਕੇ ਗਰੀਬ ਅਤੇ ਲੋੜਵੰਦ ਲੋਕਾਂ ਦੀ ਸੇਵਾ ਵਿਚ ਲੱਗੇ ਰਹੇ ਅਤੇ ਲੋੜਵੰਦ ਲੋਕਾਂ ਦੀ ਹਰ ਸੰਭਵ ਮੱਦਦ ਕੀਤੀ।ਪਿਛਲੇ ਸਮੇਂ ਦੌਰਾਨ ਜਦੋਂ ਅੰਨਦਾਤੇ ਦੀ ਹੋਂਦ ਨੂੰ ਬਚਾਉਣ ਲਈ ਕਾਲੇ ਕਾਨੂੰਨਾਂ ਖਿਲਾਫ਼ ਦਿੱਲੀ ਵਿਚ ਮੋਰਚੇ ਲੱਗੇ ਸਨ, ਉਦੋਂ ਤੋਂ ਹੁਣ ਤੱਕ ਸੂਬੇ ਵਿੱਚ ਲੜੇ ਜਾਣ ਵਾਲੇ ਵੱਖ-ਵੱਖ ਸੰਘਰਸ਼ਾਂ ਅਤੇ ਘੋਲਾਂ ‘ਚ ਆਪਣੀ ਟੀਮ ਸਮੇਤ ਮੋਹਰੀ ਭੂਮਿਕਾ ਨਿਭਾਉਂਦੇ ਨਜ਼ਰ ਆਏ।ਪਰਮਾਤਮਾ ਇਸ ਸ਼ਖਸੀਅਤ ਨੂੰ ਤੰਦਰੁਸਤੀ ਦਿੰਦਿਆਂ ਲੰਮੀਆਂ ਉਮਰਾਂ ਬਖਸ਼ੇ ਅਤੇ ਸਮਾਜਿਕ ਕਰੁਤੀਆਂ, ਗੰਦਲੀ ਰਾਜਨੀਤੀ ਅਤੇ ਭ੍ਰਿਸ਼ਟਾਚਾਰ ਦੇ ਫੈਲੇ ਹੋਏ ਹਨੇਰੇ ਨੂੰ ਹੂੰਝਣ ਲਈ ਸੂਰਜ ਬਣ ਕੇ ਕੰਮ ਕਰਨ ਦੀ ਸ਼ਕਤੀ ਬਖਸ਼ੇ।
#For any kind of News and advertisement contact us on   980-345-0601
122610cookie-checkਸਿਆਸੀ ਖ਼ੇਤਰ ‘ਚ ਇੱਕ ਵਲੰਟੀਅਰ ਤੋਂ ਕੈਬਨਿਟ ਦੇ ਅਹੁਦੇ ਤੱਕ ਪਹੁੰਚਣ ਵਾਲੀ ਮਿਹਨਤੀ ਸ਼ਖਸੀਅਤ ਚੇਤਨ ਸਿੰਘ ਜੌੜਾਮਾਜਰਾ
[email protected]

DISCLAIMER: Charhat Punjab di: Editor does not takes responsibility for any news/video/article published, only Reporter/Writer will be responsible for his/her news or article. Any dispute if arrises shall be settled at Ludhiana jurisdiction only. Sat Pal Soni (Editor)