April 25, 2024

Loading

ਚੜ੍ਹਤ ਪੰਜਾਬ ਦੀ

ਲੁਧਿਆਣਾ, 15 ਅਗਸਤ (ਸਤ ਪਾਲ ਸੋਨੀ) – ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ.ਬਲਬੀਰ ਸਿੰਘ ਸਿੱਧੂ ਅਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਅੱਜ ਜ਼ਿਲ੍ਹੇ ਦੇ ਈਸੜੂ ਪਿੰਡ ਵਿੱਚ ਹੋਏ ਰਾਜ ਪੱਧਰੀ ਸਮਾਗਮ ਦੌਰਾਨ ਸ਼ਹੀਦ ਕਰਨੈਲ ਸਿੰਘ ਈਸੜੂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।ਉਨ੍ਹਾਂ ਨਾਲ ਫਤਿਹਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਡਾ. ਅਮਰ ਸਿੰਘ, ਸਾਬਕਾ ਮੰਤਰੀ ਤੇਜ ਪ੍ਰਕਾਸ਼ ਸਿੰਘ ਕੋਟਲੀ ਅਤੇ ਮਲਕੀਤ ਸਿੰਘ ਦਾਖਾ, ਖੰਨਾ ਦੇ ਵਿਧਾਇਕ ਗੁਰਕੀਰਤ ਸਿੰਘ ਕੋਟਲੀ, ਪਾਇਲ ਦੇ ਵਿਧਾਇਕ ਲਖਬੀਰ ਸਿੰਘ ਲੱਖਾ, ਵਿਧਾਇਕ ਕੁਲਜੀਤ ਸਿੰਘ ਨਾਗਰਾ, ਗੁਰਪ੍ਰੀਤ ਸਿੰਘ ਜੀ.ਪੀ, ਇੰਦਰਬੀਰ ਸਿੰਘ ਬੁਲਾਰੀਆ, ਸੁਖਪਾਲ ਸਿੰਘ ਭੁੱਲਰ, ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।

ਉਨ੍ਹਾਂ ਪਿੰਡ ਵਿੱਚ ਸਥਾਪਿਤ ਸ਼ਹੀਦ ਕਰਨੈਲ ਸਿੰਘ ਈਸੜੂ ਦੇ ਬੁੱਤ ‘ਤੇ ਫੁੱਲ ਮਾਲਾ ਭੇਟ ਕੀਤੀਆਂ। ਇਸ ਮੌਕੇ ਸ਼ਹੀਦ ਕਰਨੈਲ ਸਿੰਘ ਈਸੜੂ ਦੀ ਪਤਨੀ ਚਰਨਜੀਤ ਕੌਰ ਦਾ ਸਨਮਾਨ ਵੀ ਕੀਤਾ ਗਿਆ।ਪੁਰਤਗਾਲੀ ਹਕੂਮਤ ਤੋਂ ਗੋਆ ਨੂੰ ਆਜ਼ਾਦ ਕਰਵਾਉਣ ਵੇਲੇ ਆਪਣੀ ਜਾਨ ਵਾਰਨ ਵਾਲੇ ਮਹਾਨ ਕ੍ਰਾਂਤੀਕਾਰੀ ਸ਼ਹੀਦ ਕਰਨੈਲ ਸਿੰਘ ਈਸੜੂ ਦੇ ਸ਼ਹੀਦੀ ਦਿਹਾੜੇ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਮੰਤਰੀਆਂ ਨੇ ਕਿਹਾ ਕਿ ਸਾਨੂੰ ਪੰਜਾਬੀਆਂ ਨੂੰ ਮਹਾਨ ਸਿੱਖ ਤੋਂ ਕੁਰਬਾਨੀ ਦੀ ਭਾਵਨਾ ਵਿਰਸੇ ਵਿੱਚ ਮਿਲੀ ਹੈ। ਗੁਰੂਆਂ ਖਾਸ ਕਰਕੇ ਸ੍ਰੀ ਗੁਰੂ ਅਰਜੁਨ ਦੇਵ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ, ਜਿਨ੍ਹਾਂ ਨੇ ਮਨੁੱਖਤਾ ਦੀ ਖ਼ਾਤਰ ਮੁਗਲਾਂ ਦੁਆਰਾ ਕੀਤੇ ਗਏ ਜ਼ੁਲਮ ਦੇ ਵਿਰੁੱਧ ਸਰਵਉੱਚ ਕੁਰਬਾਨੀ ਦਿੱਤੀ।ਉਨ੍ਹਾਂ ਨੇ ਕਿਹਾ ਕਿ ਸਵੈ-ਕੁਰਬਾਨੀ ਦੀ ਇਹ ਵਿਰਾਸਤ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਚਲੀ ਆ ਰਹੀ ਹੈ ਅਤੇ ਕੌਮੀ ਆਜ਼ਾਦੀ ਸੰਗਰਾਮ ਵਿੱਚ ਪੰਜਾਬ ਦੇ ਮਹਾਨ ਯੋਗਦਾਨ ਦੇ ਪਿੱਛੇ ਇੱਕ ਵੱਡੀ ਤਾਕਤ ਹੈ।

ਉਨ੍ਹਾਂ ਅੱਗੇ ਕਿਹਾ ਕਿ ਇਹ ਰਿਕਾਰਡ ‘ਤੇ ਹੈ ਕਿ ਦੇਸ਼ ਦੀ ਕੁੱਲ ਆਬਾਦੀ ਦਾ ਦੋ ਪ੍ਰਤੀਸ਼ਤ ਹੋਣ ਦੇ ਬਾਵਜੂਦ ਪੰਜਾਬੀਆਂ ਨੇ ਵੱਡੀਆਂ ਕੁਰਬਾਨੀਆਂ ਕੀਤੀਆਂ ਹਨ ਜਿਸ ਵਿੱਚ ਉਮਰ ਕੈਦ, ਫਾਂਸੀ ਅਤੇ ਕਾਲੇਪਾਣੀ ਦੀਆਂ ਸਜਾਵਾਂ ਵੀ ਸ਼ਾਮਲ ਹਨ।ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ, ਉੱਧਮ ਸਿੰਘ, ਕਰਤਾਰ ਸਿੰਘ ਸਰਾਭਾ, ਲਾਲਾ ਲਾਜਪਤ ਰਾਏ, ਸੋਹਣ ਸਿੰਘ ਭਕਨਾ ਅਤੇ ਹੋਰ ਬਹੁਤ ਸਾਰੇ ਲੋਕਾਂ ਦਾ ਮਹਾਨ ਯੋਗਦਾਨ ਸਾਡੀ ਨੌਜਵਾਨ ਪੀੜ੍ਹੀ ਨੂੰ ਪ੍ਰੇਰਿਤ ਕਰਦਾ ਰਹੇਗਾ ਅਤੇ ਉਨ੍ਹਾਂ ਦੇ ਵਿੱਚ ਦੇਸ਼ ਭਗਤੀ ਦੀ ਭਾਵਨਾ ਨੂੰ ਉਤਸ਼ਾਹਤ ਕਰੇਗਾ।

ਪਿੰਡ ਈਸੜੂ ‘ਚ ਕਮਿਊਨਿਟੀ ਹੈਲਥ ਸੈਂਟਰ, ਸ਼ਹੀਦ ਦੇ ਪਰਿਵਾਰਿਕ ਮੈਂਬਰ ਨੂੰ ਨੌਕਰੀ ਦੇ ਨਾਲ 5 ਲੱਖ ਰੁਪਏ ਦੇਣ ਦਾ ਵੀ ਐਲਾਨ ਕੀਤਾ

ਉਨ੍ਹਾਂ ਕਿਹਾ ਕਿ ਸ਼ਹੀਦ ਕਰਨੈਲ ਸਿੰਘ ਈਸੜੂ ਦੇ ਜੱਦੀ ਪਿੰਡ ਲਈ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਦੱਸਿਆ ਕਿ ਜਦੋਂ ਵੀ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਜਾਂ ਪਿੰਡ ਦੀ ਪੰਚਾਇਤ ਕੋਈ ਵਿਕਾਸ ਪ੍ਰੋਜੈਕਟ ਕਰਨਾ ਚਾਹੁੰਦੇ ਹਨ ਤਾਂ ਸਰਕਾਰ ਈਸੜੂ ਪਿੰਡ ਦੇ ਵਿਕਾਸ ਲਈ ਫੰਡ ਅਲਾਟ ਕਰੇਗੀ।ਇਸ ਦੌਰਾਨ, ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਖੰਨਾ ਹਲਕੇ ਦੇ ਵੱਖ-ਵੱਖ ਹਿੱਸਿਆਂ ਵਿੱਚ ਤਕਰੀਬਨ 5 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਵੀ ਕੀਤਾ ਅਤੇ 23 ਕਰੋੜ ਰੁਪਏ ਦੀ ਲਾਗਤ ਵਾਲੇ 100 ਐਮ.ਟੀ.ਡੀ. ਵਨਸਪਤੀ ਅਧਾਰਤ ਅਤੇ ਅੰਸ਼ਕ ਹਾਈਡ੍ਰੋਜਨ ਪਲਾਂਟ ਦਾ ਨੀਂਹ ਪੱਥਰ ਵੀ ਰੱਖਿਆ।ਉਨ੍ਹਾਂ ਈਸੜੂ ਪਿੰਡ ਵਿੱਚ ਇੱਕ ਕਮਿਊਨਿਟੀ ਹੈਲਥ ਸੈਂਟਰ ਬਣਾਉਣ ਦਾ ਵੀ ਐਲਾਨ ਕੀਤਾ।

ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣੇ ਅਖਤਿਆਰੀ ਕੋਟੇ ਵਿੱਚੋਂ 5 ਲੱਖ ਰੁਪਏ ਅਤੇ ਸ਼ਹੀਦ ਦੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਵੀ ਕੀਤਾ।ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਯਾਦਵਿੰਦਰ ਸਿੰਘ ਜੰਡਿਆਲੀ, ਵਧੀਕ ਡਿਪਟੀ ਕਮਿਸ਼ਨਰ ਸਕਤਰ ਸਿੰਘ ਬੱਲ ਅਤੇ ਹੋਰ ਹਾਜ਼ਰ ਸਨ।

74130cookie-checkਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਤੇ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਸ਼ਹੀਦ ਕਰਨੈਲ ਸਿੰਘ ਈਸੜੂ ਨੂੰ ਸ਼ਰਧਾ ਦੇ ਫੁੱਲ ਭੇਟ
error: Content is protected !!