April 23, 2024

Loading

ਚੜ੍ਹਤ ਪੰਜਾਬ ਦੀ
ਭਗਤਾ ਭਾਈਕਾ, 12 ਫ਼ਰਵਰੀ (ਪ੍ਰਦੀਪ ਸ਼ਰਮਾ):ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲ਼ੋਂ ਸੂਬੇ ਅੰਦਰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਦੇ ਸੰਬੰਧ ਵਿਚ “ਵੋਟ ਭਰਮ ਤੋੜੋ – ਲੋਕ ਏਕਤਾ ਜੋੜੋ” ਮੁਹਿੰਮ ਤਹਿਤ ਜ਼ਿਲਾ ਬਰਨਾਲਾ ਵਿਖੇ ਵਿਸ਼ੇਸ਼ ਅੱਠ ਕਿਸਮ ਦੇ ਲੋਕ ਮੁੱਦਿਆਂ ਨੂੰ ਉਭਾਰਨ ਲਈ ਲੋਕ ਕਲਿਆਣ ਰੈਲੀ 17 ਫਰਵਰੀ ਨੂੰ ਕੀਤੀ ਜਾ ਰਹੀ ਹੈ। ਇਸ ਮੌਕੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਇਥੋਂ ਨੇੜਲੇ ਪਿੰਡ ਗੁਰੂਸਰ ਜਲਾਲ ਵਿਖੇ ਕਿਸਾਨਾਂ ਤੇ ਮਹਿਲਾਵਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੁਸੀਂ ਪਿਛਲੇ ਕਈ ਸਾਲਾਂ ਤੋਂ ਵੋਟਾਂ ਪਾਉਂਦੇ ਆ ਰਹੇ ਹੋ ਪਰ ਇਹਨਾਂ ਰਾਜਨੀਤਕ ਲੀਡਰਾਂ ਨੇ ਆਪਣੇ ਘਰ ਭਰਨ ਦੇ ਸਿਵਾਏ ਸੂਬੇ ਦੇ ਲੋਕਾਂ ਨੂੰ ਕੰਗਾਲ ਕਰ ਛੱਡਿਆ ਹੈ। ਉਗਰਾਹਾਂ ਸਾਬ ਨੇ ਦਿੱਲੀ ਵਿਚ ਚੱਲੇ ਕਿਸਾਨ ਅੰਦੋਲਨ ਵਿਚ ਮਹਿਲਾਵਾਂ ਦੇ ਵਿਸ਼ੇਸ਼ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਥੇਬੰਦੀ ਦੀ ਇਹ ਨਿਸ਼ਾਨੀ ਰਹੀ ਹੈ ਕਿ ਕਿਸ਼ਤੀ ਨੂੰ ਕਿਨਾਰੇ ਤੱਕ ਲਿਜਾਣ ਲਈ ਦੋਹੇਂ ਚੱਪੂ ਬਰਾਬਰ ਚਲਾਉਣੇ ਪੈਂਦੇ ਨੇ ਤੇ ਕਿਸਾਨੀ ਅੰਦੋਲਨ ਚ ਸਾਮਰਾਜ ਜਮਾਤਾਂ ਨੂੰ ਹਰਾਉਣ ਵਿਚ ਮਹਿਲਾਵਾਂ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਓਹਨਾ ਕਿਸਾਨੀ ਅੰਦੋਲਨ ਚ ਸ਼ਾਮਲ ਕੁਝ ਜਥੇਬੰਦੀਆਂ ਵੱਲ਼ੋਂ ਵਿਧਾਨਸਭਾ ਚੋਣਾਂ ਵਿਚ ਹਿੱਸਾ ਲੈਣ ਤੇ ਤੰਜ ਕਸਦਿਆਂ ਕਿਹਾ ਕਿ ਸਾਡੇ ਸ਼ਹੀਦ ਹੋਏ ਕਿਸਾਨਾਂ ਦੇ ਸਿਵੇ ਹਲੇ ਠੰਡੇ ਵੀ ਨਹੀਂ ਹੋਏ ਤੇ ਇਹਨਾਂ ਮੰਜਿਆ ਵਾਲਿਆਂ ਨੂੰ ਚੋਣਾਂ ਲੜਕੇ ਲੀਡਰ ਬਣਨ ਦੀ ਕਾਹਲ ਪਈ ਹੋਈ ਹੈ।
ਡਾ. ਸਾਹਿਬ ਸਿੰਘ ਦੇ ਨਾਟਕ “ਸ਼ੰਮਾਂ ਵਾਲੀ ਡਾਂਗ” ਨੇ ਪ੍ਰੋਗਰਾਮ ਦੌਰਾਨ ਬੰਨ੍ਹਿਆ ਰੰਗ
ਇਸ ਮੌਕੇ ਪ੍ਰੋਗਰਾਮ ਦੌਰਾਨ ਮਸ਼ਹੂਰ ਨਾਟਕਕਾਰ ਡਾ. ਸਾਹਬ ਸਿੰਘ ਦੀ ਟੀਮ ਵੱਲ਼ੋਂ ਪੀਐਸਯੂ ਰੰਧਾਵਾ ਦੇ ਸਹਿਯੋਗ ਨਾਲ ਦੇਸ਼ ਦੀਆਂ ਹਾਕਮ ਜਮਾਤਾਂ ਵੱਲ਼ੋਂ ਦੱਬੇ ਕੁਚਲੇ ਲੋਕਾਂ ਨੂੰ ਚੇਤਨਾ ਦੇਣ ਲਈ ਨਾਟਕ “ਸ਼ੰਮਾਂ ਵਾਲੀ ਡਾਂਗ” ਦਾ ਵੀ ਆਯੋਜਨ ਕੀਤਾ ਗਿਆ ਜਿਸਨੂੰ ਪਿੰਡ ਦੀ ਵਿਸ਼ਾਲ ਦਾਣਾ ਮੰਡੀ ਵਿਚ ਬੈਠੇ ਕਿਸਾਨਾਂ, ਮਹਿਲਾਵਾਂ ਤੇ ਨੌਜਵਾਨਾਂ ਨੂੰ ਕੀਲੀ ਰੱਖਿਆ। ਇਸ ਮੌਕੇ ਪਿੰਡ ਕੋਠਾਗੁਰੂ ਵਿਖੇ ਜਥੇਬੰਦੀ ਦੇ ਸੰਘਰਸ਼ੀ ਯੋਧੇ ਸਵ: ਮਾਸਟਰ ਬੂਟਾ ਸਿੰਘ ਦੀ ਸਲਾਨਾ ਬਰਸੀ ਸਮਾਗਮ ਦੌਰਾਨ ਉਗਰਾਹਾਂ ਸਾਬ ਨੇ ਉਹਨਾਂ ਨੂੰ ਨਿੱਘੀ ਸ਼ਰਧਾਂਜਲੀ ਭੇਂਟ ਕੀਤੀ ਅਤੇ ਅਹਿਦ ਕੀਤਾ ਕਿ ਮਾਸਟਰ ਬੂਟਾ ਸਿੰਘ ਦੀ ਸੋਚ ਨੂੰ ਹਮੇਸ਼ਾ ਸਲਾਮ ਕਰਦੇ ਰਹਿਣਗੇ। ਕੋਠਾਗੁਰੂ ਵਿਖੇ ਉਗਰਾਹਾਂ ਸਾਬ ਨੇ ਕਿਹਾ ਕਿ ਜਿਹੜੇ ਲੋਕ ਮੋਦੀ ਬਾਰੇ ਕਹਿੰਦੇ ਸੀ ਕਿ ਇਸਨੂੰ ਹਰਾਉਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਪਰ ਸੰਘਰਸੀ ਲੋਕਾਂ ਦੇ ਏਕੇ ਨੇ ਇਹਨਾਂ ਗੱਲਾਂ ਨੂੰ ਝੂਠਾ ਸਾਬਿਤ ਕਰਕੇ ਰੱਖ ਦਿੱਤਾ ਹੈ।
ਇਸ ਮੌਕੇ ਉਕਤ ਜਨ ਸਭਾ ਨੂੰ ਸੰਬੋਧਨ ਕਰਦਿਆਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜ਼ੋਰਾ ਸਿੰਘ ਨਸਰਾਲੀ ਨੇ ਕਿਹਾ ਕਿ 17 ਏਕੜ ਤੋਂ ਵੱਧ ਜਮੀਨ ਰੱਖਣ ਵਾਲਿਆਂ ਲਈ ਇਕ ਵਿਸ਼ੇਸ਼ ਕਾਨੂੰਨ ਨੂੰ ਹਲੇ ਤੱਕ ਅਮਲ ਵਿਚ ਨਹੀਂ ਲਿਆਂਦਾ ਗਿਆ ਕਿਓਂਕਿ ਇਹ ਹਾਕਮ ਲੋਕ ਨਹੀਂ ਚਾਉਂਦੇ ਕਿ ਆਰਥਿਕ ਤੰਗੀ ਨਾਲ ਜੂਝ ਰਹੀ ਕਿਰਤੀ ਲੋਕਾਂ ਦੀ ਜਮਾਤ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰ ਸਕੇ। ਇਸ ਮੌਕੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਉਹਨਾਂ ਨਾਲ ਪਹੁੰਚੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ, ਰੂਪ ਸਿੰਘ ਛੰਨਾ ਸੂਬਾ ਮੀਤ ਪ੍ਰਧਾਨ ਆਦਿ ਨੂੰ ਇਕਾਈ ਗੁਰੂਸਰ, ਇਕਾਈ ਕੋਠਾਗੁਰੂ ਤੇ ਇਕਾਈ ਦੁੱਲੇਵਾਲਾ ਵੱਲ਼ੋਂ ਵਿਸ਼ੇਸ਼ ਸਨਮਾਨ ਚਿੰਨ੍ਹ ਦੇਕੇ ਸਨਮਾਨਿਤ ਕੀਤਾ ਗਿਆ।
ਇਹਨਾਂ ਜਨ ਸਭਾਵਾਂ ਦੌਰਾਨ ਜ਼ਿਲਾ ਬਠਿੰਡਾ ਦੇ ਮੀਤ ਪ੍ਰਧਾਨ ਬਸੰਤ ਸਿੰਘ ਕੋਠਾਗੁਰੂ, ਬਲਾਕ ਭਗਤਾ ਪ੍ਰਧਾਨ ਜਸਪਾਲ ਸਿੰਘ ਪਾਲਾ ਕੋਠਾਗੁਰੂ ਤੇ ਬਲਾਕ ਭਗਤਾ ਅਧੀਨ ਪੈਂਦੇ ਪਿੰਡ ਗੁਰੂਸਰ ਤੋਂ ਇਕਾਈ ਪ੍ਰਧਾਨ ਗੁਰਤੇਜ ਨੰਬਰਦਾਰ, ਬਲਕਰਨ ਗੁਰੂਸਰ, ਕੌਰ ਸਿੰਘ, ਤੇਜਾ ਸਿੰਘ, ਭੋਲਾ ਸਿੰਘ, ਮੱਖਣ ਸਿੰਘ, ਰਛਪਾਲ ਸਿੰਘ, ਅਤੇ ਇਕਾਈ ਕੋਠਾਗੁਰੂ ਤੋਂ ਸੁਖਜੀਤ ਸਿੰਘ, ਬੂਟਾ ਸਿੰਘ, ਮਹਿਲਾ ਆਗੂ ਮਾਲਣ ਕੌਰ ਸਮੇਤ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜ਼ੋਰਾ ਸਿੰਘ ਨਸਰਾਲੀ ਤੇ ਤੀਰਥ ਸਿੰਘ ਕੋਠਾਗੁਰੂ ਸੂਬਾ ਕਮੇਟੀ, ਇਕਾਈ ਦੁੱਲੇਵਾਲਾ ਤੋਂ ਕੁਲਦੀਪ ਸਿੰਘ ਢਿੱਲੋਂ ਤੇ ਕੁਲਵਿੰਦਰ ਸਿੰਘ ਢਿੱਲੋਂ ਸਮੇਤ ਹੋਰ ਵੀ ਕਿਸਾਨ ਹਾਜਰ ਸਨ।
106290cookie-checkਭਾਕਿਯੂ ਏਕਤਾ ਉਗਰਾਹਾਂ ਵੱਲ਼ੋਂ ਲੋਕ ਕਲਿਆਣ ਰੈਲੀ ਨੂੰ ਲੈਕੇ ਕੀਤੀ ਗਈ ਕਨਵੈਨਸ਼ਨ
error: Content is protected !!