ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 26 ਅਕਤੂਬਰ(ਕੁਲਜੀਤ ਸਿੰਘ ਢੀਂਗਰਾ/ਪ੍ਰਦੀਪ ਸ਼ਰਮਾ): ਤਿੰਨ ਖੇਤੀ ਵਿਰੋਧੀ ਲੋਕ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਰਾਮਪੁਰਾ ਰੇਲ ਮੋਰਚੇ ਵੱਲੋਂ ਅੱਜ ਬੀ.ਕੇ.ਯੂ ਏਕਤਾ ਡਕੌਂਦਾ ਦੀ ਅਗਵਾਈ ਵਿੱਚ ਐਸ.ਡੀ.ਐਮ ਫੂਲ ਦੇ ਦਫਤਰ ਅੱਗੇ ਧਰਨਾ ਲਗਾਇਆ ਗਿਆ ਅਤੇ ਮੰਗਾਂ ਸਬੰਧੀ ਐਸ.ਡੀ.ਐਮ ਫੂਲ ਨੂੰ ਮੰਗ ਪੱਤਰ ਸੌਂਪਿਆ ਗਿਆ। ਲਖਮੀਰਪੁਰ ਖੀਰੀ ਦੇ ਸ਼ਹੀਦਾਂ ਨੂੰ ਇਨਸਾਫ ਦਿਵਾਉਣ ਲਈ ਕੇਂਦਰੀ ਮੰਤਰੀ ਅਜੇ ਮਿਸ਼ਰਾ ਦੀ ਬਰਖਾਸਤਗੀ ਅਤੇ ਗਿ੍ਫ਼ਤਾਰ ਕਰਨ ਦੀ ਮੰਗ ਕੀਤੀ ਗਈ।
ਬਲਾਕ ਪ੍ਰਧਾਨ ਬਲਵਿੰਦਰ ਸਿੰਘ ਜੇਠੂਕੇ, ਸਵਰਨ ਸਿੰਘ ਭਾਈਰੂਪਾ, ਸੁਖਵਿੰਦਰ ਸਿੰਘ ਭਾਈ ਰੂਪਾ, ਗੁਰਦੀਪ ਸਿੰਘ ਸੇਲਬਰਾਹ, ਹਰੀ ਸਿੰਘ ਬੁੱਗਰ, ਸੰਤਾ ਸਿੰਘ ਫੂਲ, ਨਸੀਬ ਕੌਰ ਢਪਾਲੀ, ਹਰਮੇਸ਼ ਕੁਮਾਰ ਰਾਮਪੁਰਾ, ਰਣਜੀਤ ਸਿੰਘ ਕਰਾੜਵਾਲਾ, ਭਜਨ ਸਿੰਘ ਢਪਾਲੀ, ਡਾ. ਜਗਤਾਰ ਸਿੰਘ ਫੂਲ, ਮਾ. ਬਲਵੰਤ ਸਿੰਘ ਫੂਲ ਮਾ. ਗੁਰਨਾਮ ਸਿੰਘ ਮਹਿਰਾਜ, ਮਾਸਟਰ ਸੁਖਮੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਹਕੂਮਤ ਨੇ ਲੱਖਾਂ ਮਿਹਨਤਕਸ ਲੋਕਾਂ ਨੂੰ ਅੱਖੋਂ ਪਰੋਖੇ ਕਰਕੇ ਖੇਤੀ ਵਿਰੋਧੀ ਲੋਕ ਵਿਰੋਧੀ ਕਾਲੇ ਕਾਨੂੰਨ ਬਣਾ ਕੇ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰਿਆ ਹੈ।ਦੇਸ਼ ਦੇ ਲੱਖਾਂ ਮਿਹਨਤਕਸ਼ ਲੋਕ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਸੜਕਾਂ ਤੇ ਬੈਠੇ ਹਨ।
ਕਿਸਾਨ ਅੰਦੋਲਨ ਦੇ ਦਿੱਲੀ ਦੇ ਬਾਰਡਰਾਂ ਤੇ ਚਲਦਿਆਂ 11 ਮਹੀਨੇ ਪੂਰੇ ਹੋ ਗਏ ਹਨ ਪਰ ਮੋਦੀ ਦੀ ਹਕੂਮਤ ਦਾ ਤਾਨਾਸ਼ਾਹੀ ਰਵੱਈਆ ਉਵੇਂ ਹੀ ਹੈ ਮੋਦੀ ਹਕੂਮਤ ਅਤੇ ਲੋਕ ਵਿਰੋਧੀ ਹਕੂਮਤਾਂ ਵੱਲੋਂ ਕਿਸਾਨੀ ਸੰਘਰਸ਼ ਨੂੰ ਤਾਰਪੀਡੋ ਕਰਨ ਦੀ ਕੀਤੀ ਕਸਰ ਨਹੀਂ ਛੱਡੀ ਪਰ ਕਿਸਾਨਾਂ ਮਜ਼ਦੂਰਾਂ ਨੇ ਬਲੰਦ ਹੌਸਲੇ, ਦ੍ਰਿੜ ਇਰਾਦਿਆਂ, ਸਬਰ ਸੰਤੋਖ ਸਿਦਕ ਅਤੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਕੇ ਸਰਕਾਰਾਂ ਦੇ ਕਿਸਾਨੀ ਸੰਘਰਸ਼ ਨੂੰ ਫੇਲ ਕਰਨ ਦੇ ਕੋਝੇ ਯਤਨਾਂ ਨੂੰ ਨਕਾਰ ਕੇ ਰੱਖ ਦਿੱਤਾ ਹੈ।
ਕਿਸਾਨੀ ਸੰਘਰਸ਼ ਦੌਰਾਨ 700 ਤੋਂ ਉਪਰ ਕਿਸਾਨ ਮਜ਼ਦੂਰ ਸ਼ਹੀਦ ਹੋ ਚੁੱਕੇ ਹਨ ਅਤੇ ਲਖਮੀਰਪੁਰਖੀਰੀ ਉੱਤਰ ਪ੍ਰਦੇਸ਼ ਵਿਖੇ ਭਾਜਪਾ ਦੇ ਮੰਤਰੀ ਦੇ ਬੇਟੇ ਅਤੇ ਗੁੰਡਿਆਂ ਵੱਲੋਂ ਕਿਸਾਨਾਂ ਮਜ਼ਦੂਰਾਂ ਉੱਤੇ ਜੀਪਾਂ ਚੜਾ ਕੇ ਸ਼ਹੀਦ ਕੀਤਾ ਗਿਆ ਪਰ ਭਾਜਪਾ ਦੇ ਮੰਤਰੀ ਦੇ ਅਜੇ ਮਿਸ਼ਰਾ ਟੈਨੀ ਨੂੰ ਅਜੇ ਤੱਕ ਮੰਤਰੀ ਦੇ ਅਹੁਦੇ ਤੋਂ ਬਰਖਾਸਤ ਅਤੇ ਗਿ੍ਰਫ਼ਤਾਰ ਨਹੀਂ ਕੀਤਾ ਗਿਆ।ਆਗੂਆਂ ਨੇ ਮੰਤਰੀ ਅਜੇ ਮਿਸ਼ਰਾ ਨੂੰ ਗਿਰਫ਼ਤਾਰ ਕਰਨ ਅਤੇ ਮੰਤਰੀ ਦੇ ਅਹੁਦੇ ਤੋਂ ਬਰਖਾਸਤ ਕਰਨ ਦੀ ਮੰਗ ਕੀਤੀ। ਇਸ ਮੌਕੇ ਤਰਸੇਮ ਕੌਰ, ਬਲਤੇਜ ਕੌਰ ਢਪਾਲੀ, ਹਰਵੰਸ਼ ਕੌਰ, ਜਸਵੀਰ ਕੌਰ ਕਰਾੜਵਾਲਾ, ਜਵਾਲਾ ਸਿੰਘ ਰਾਮਪੁਰਾ, ਮੇਵਾ ਸਿੰਘ ਗਿਲ, ਬੂਟਾ ਸਿੰਘ, ਹਰਵੰਸ਼ ਸਿੰਘ ਢਪਾਲੀ, ਭੋਲਾ ਸਿੰਘ ਸੇਲਬਰਾਹ ਆਦਿ ਹਾਜ਼ਰ ਸਨ।
884700cookie-checkਕਿਸਾਨਾਂ ਨੂੰ ਇਨਸਾਫ ਦਿਵਾਉਣ ਲਈ ਕੇਂਦਰੀ ਮੰਤਰੀ ਅਜੇ ਮਿਸ਼ਰਾ ਦੀ ਬਰਖਾਸਤਗੀ ਅਤੇ ਗਿ੍ਫ਼ਤਾਰ ਕਰਨ ਦੀ ਕੀਤੀ ਮੰਗ :ਬੀ.ਕੇ.ਯੂ ਏਕਤਾ ਡਕੌਂਦਾ