April 19, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 3 ਦਸੰਬਰ (ਪ੍ਰਦੀਪ ਸ਼ਰਮਾ):ਰਾਮਪੁਰਾ-ਮਹਿਰਾਜ ਰੋਡ ‘ਤੇ ਸਥਿਤ ਕੋਠੇ ਮਹਾ ਸਿੰਘ ਵਿੱਚ ਪਿਛਲੇ ਤਿੰਨ ਸਾਲ ਤੋਂ ਅਣ ਅਧਿਕਾਰਿਤ ਤੌਰ ਤੇ ਚੱਲ ਰਹੇ ਨਸ਼ਾ ਛੁਡਾਊ ਕੇਂਦਰ ‘ਤੇ ਅੱਜ ਸਵੇਰੇ ਐਸਡੀਐਮ ਦੀ ਅਗਵਾਈ ਵਿੱਚ ਸਿਹਤ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਛਾਪੇਮਾਰੀ ਕੀਤੀ ਗਈ। ਛਾਪੇਮਾਰੀ ਦੌਰਾਨ ਮੌਕੇ ‘ਤੇ ਮੌਜੂਦ 30 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ। ਕਾਬੂ ਕੀਤੇ ਗਏ ਨੌਜਵਾਨਾਂ ਵਿਚੋ 22 ਨਸ਼ਾ ਛੱਡਣ ਦਾ ਇਲਾਜ ਕਰਵਾ ਰਹੇ ਸਨ ਜਦਕਿ 8 ਨੌਜਵਾਨ ਕੇਂਦਰ ਦੇ ਸਟਾਫ ਮੈਂਬਰ ਦੱਸੇ ਜਾ ਰਹੇ ਹਨ।
ਛਾਪੇਮਾਰੀ ਟੀਮ ਨੂੰ ਨਸ਼ਾ ਛੁਡਾਊ ਕੇਂਦਰ ਤੋਂ ਕੋਈ ਲਾਇਸੰਸ ਨਹੀ ਮਿਲਿਆ ਤੇ ਨਾ ਹੀ ਕੋਈ ਡਾਕਟਰ
ਨਸ਼ਾ ਛੁਡਾਊ ਕੇਂਦਰ ਦੇ ਦੋਵੇਂ ਸੰਚਾਲਕ ਪੁਲਿਸ ਨੇ ਹੱਥ ਨਹੀਂ ਲੱਗ ਸਕੇ। ਥਾਣਾ ਸਿਟੀ ਰਾਮਪੁਰਾ ਦੀ ਪੁਲਿਸ ਵੱਲੋਂ ਦੋਨਾਂ ਲੋਕਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਗੁਪਤ ਸੂਚਨਾ ਦੇ ਆਧਾਰ ਤੇ ਸਵੇਰੇ ਸਿਹਤ ਅਤੇ ਪੁਲਿਸ ਦੀ ਟੀਮ ਵੱਲੋਂ ਐਸਡੀਐਮ ਫੂਲ ਓਮ ਪ੍ਰਕਾਸ਼, ਤਹਿਸੀਲਦਾਰ ਫੂਲ ਸੁਖਵੀਰ ਸਿੰਘ ਬਰਾੜ, ਐਸਐਮਓ ਰਾਮਪੁਰਾ ਡਾ. ਹਰਵਿੰਦਰ ਸਿੰਘ ਅਤੇ ਸਿਵਲ ਹਸਪਤਾਲ ਬਠਿੰਡਾ ਦੇ ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰ ਅਰੁਣ ਬਾਸਲ ਦੀ ਅਗਵਾਈ ਅੱਜ ਸਵੇਰੇ 9.30 ਵਜੇ ਦੇ ਕਰੀਬ ਰਾਮਪੁਰਾ-ਮਹਿਰਾਜ ਰੋਡ ਸਥਿਤ ਕੋਠੇ ਮਹਾ ਸਿੰਘ ਵਿੱਚ ਚੱਲ ਰਹੇ ਹੋਪ ਫੁੱਲ ਨਸ਼ਾ ਛੁਡਾਊ ਕੇਂਦਰ ‘ਤੇ ਛਾਪੇਮਾਰੀ ਕੀਤੀ ਗਈ। ਛਾਪੇਮਾਰੀ ਦੌਰਾਨ ਨਸ਼ਾ ਛੁਡਾਊ ਕੇਂਦਰ ਵਿੱਚ 30 ਨੌਜਵਾਨ ਮੌਜੂਦ ਸਨ।
ਛਾਪੇਮਾਰੀ ਕਰਨ ਆਈ ਟੀਮ ਨੂੰ ਨਸ਼ਾ ਛੁਡਾਊ ਕੇਂਦਰ ਤੋਂ ਨਾ ਤਾਂ ਕੋਈ ਲਾਇਸੰਸ ਮਿਲਿਆ, ਕੋਈ ਡਾਕਟਰ ਅਤੇ ਨਾ ਹੀ ਕੋਈ ਯੋਗਤਾ ਪ੍ਰਾਪਤ ਸਟਾਫ। ਜਾਂਚ ਟੀਮ ਵੱਲੋਂ ਨਸ਼ਾ ਛੁਡਾਊ ਕੇਂਦਰ ਵਿੱਚ ਰੱਖੇ ਕੇਂਦਰ ਦੇ ਨਾਮ ਵਾਲੇ ਵਿਜਿਟਿੰਗ ਕਾਰਡਾਂ ਸਮੇਤ ਹੋਰ ਕਾਗਜ਼ਤਾ ਨੂੰ ਕਬਜੇ ਵਿੱਚ ਲੈ ਕੇ ਨਸ਼ਾ ਛੁਡਾਊ ਕੇਂਦਰ ਸੀਲ ਕਰ ਦਿੱਤਾ ਗਿਆ। ਸੂਤਰਾਂ ਵੱਲੋਂ ਨਸ਼ਾ ਛੁਡਾਊ ਕੇਂਦਰ ਵਿੱਚ ਇਲਾਜ ਕਰਵਾ ਰਹੇ ਨੌਜਵਾਨਾਂ ਨਾਲ ਸੈਂਟਰ ਸੰਚਾਲਕਾ ਤੇ ਸਟਾਫ ਵੱਲੋਂ ਇਲਾਜ ਦੇ ਨਾਮ ਉੱਤੇ ਉਨਾ ਦੀ ਕਥਿਤ ਕੁੱਟਮਾਰ ਕਰਨ ਦੀ ਵੀ ਸੰਭਾਵਨਾ ਜਤਾਈ ਜਾ ਰਹੀ ਹੈ।
ਐਸਡੀਐਮ ਓਮ ਪ੍ਰਕਾਸ਼ ਨੇ ਦੱਸਿਆ ਕਿ ਸੈਂਟਰ ਵਿੱਚ ਮਿਲੇ ਮਰੀਜਾਂ ਨੂੰ ਸਰਕਾਰੀ ਕਾਉਂਸਲਿੰਗ ਅਤੇ ਰੀਹੈਬਲੀਟੇਸ਼ਨ ਕੇਂਦਰ ਸਰਕਾਰੀ ਹਸਪਤਾਲ ਬਠਿੰਡਾ ਅਤੇ ਸਟਾਫ ਦੇ ਮੈਂਬਰਾ ਨੂੰ ਪੁਲਿਸ ਹਿਰਾਸਤ ਵਿੱਚ ਭੇਜਿਆ ਗਿਆ ਹੈ। ਉਨਾ ਕਿਹਾ ਕਿ ਸੈਂਟਰ ਸੰਚਾਲਕ ਰਣਜੀਤ ਸਿੰਘ ਤੇ ਕੁਲਦੀਪ ਸਿੰਘ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ ਅਤੇ ਉਨਾ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਨਸ਼ੇ ਦੀ ਦਲਦਲ ਵਿੱਚ ਫਸੇ ਸਾਰੇ ਲੋਕ ਅਜਿਹੇ ਕਿਸੇ ਵੀ ਨਸ਼ਾ ਛੁਡਾਊ ਕੇਂਦਰ ਦੇ ਝਾਂਸੇ ਵਿੱਚ ਆਉਣ ਦੀ ਬਜਾਏ ਸਿਹਤ ਵਿਭਾਗ ਦੁਆਰਾ ਚਲਾਏ ਜਾ ਰਹੇ ਓਟ ਕੇਂਦਰਾਂ ਅਤੇ ਸਿਹਤ ਵਿਭਾਗ ਤੋਂ ਮਨਜ਼ੂਰਸ਼ੁਦਾ ਨਸ਼ਾ ਛੁਡਾਊ ਕੇਂਦਰਾਂ ਤੋਂ ਇਲਾਜ ਕਰਨ ਦੀ ਅਪੀਲ ਕੀਤੀ।
#For any kind of News and advertisment contact us on 9803 -45 -0601  
#Kindly LIke,Share & Subscribe our News Portal: http://charhatpunjabdi.com
134970cookie-checkਰਾਮਪੁਰਾ ਫੂਲ ਵਿਖੇ ਅਣ ਅਧਿਕਾਰਿਤ ਚੱਲ ਰਹੇ ਨਸ਼ਾ ਛੁਡਾਊ ਕੇਂਦਰ ‘ਤੇ ਛਾਪੇਮਾਰੀ ਕਰਕੇ ਕੀਤਾ ਸੀਲ
error: Content is protected !!