November 20, 2024

Loading

ਚੜ੍ਹਤ ਪੰਜਾਬ ਦੀ 
ਕਹਿੰਦੇ ਨੇ ਗੀਤ ਸੰਗੀਤ ਪੀਰਾਂ ਫ਼ਕੀਰਾਂ ਤੇ ਮਨੁੱਖਤਾ ਦੀਆਂ ਰੂਹਾਂ ਦੀ ਖ਼ੁਰਾਕ ਹੀ ਨਹੀਂ ਬਲਕਿ ਪੇੜਾਂ ਪੌਦਿਆਂ ਤੇ ਇਸ ਬ੍ਰਹਿਮੰਡ ਨਾਲ ਜੁੜੀ ਹਰ ਸਜੀਵ ਚੀਜ਼ਾਂ ਦੀ ਤਾਕਤ ਦਾ ਆਧਾਰ ਹੁੰਦਾ ਹੈ । ਆਪਾਂ ਅਕਸਰ ਸ਼ਾਮ ਨੂੰ ਆਪਣੇ ਘਰਾਂ ਵਿੱਚ ਥੱਕ ਟੁੱਟਕੇ ਸੰਗੀਤ ਦਾ ਸਹਾਰਾ ਲੈਂਦੇ ਹਾਂ ਲੇਕਿਨ ਦਿਨ ਭਰ ਦਾ ਤਨਾਅ ਤੇ ਥਕਾਨ ਦੂਰ ਕਰਨ ਵਾਲੇ ਕਲਾਕਾਰਾਂ ਦੀ ਪੇਸ਼ਕਾਰੀ ਦੇ ਪਰਦੇ ਪਿੱਛੇ ਵੀ ਕਈ ਸ਼ਖਸ਼ੀਅਤਾਂ ਅਜਿਹੀਆਂ ਹੁੰਦੀਆਂ ਹਨ ਜੋ ਉਸ ਕਲਾਕਾਰ ਤੇ ਉਸਦੀ ਕਲਾ ਨੂੰ ਦਿਲਕਸ਼ ਬਣਾਉਣ ਲਈ ਆਪਣੀ ਅਹਿਮ ਭੂਮਿਕਾ ਨਿਭਾਉਦੀਆਂ ਹਨ ਉਹਨਾਂ ਵਿੱਚੋਂ ਇੱਕ ਹੈ ਮੇਕ ਅੱਪ ਮੈਨ ।
ਅੱਜ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਕਲਾ ਜਗਤ ਵਿੱਚ ਮੇਕ ਅੱਪ ਐਕਸਪਰਟ ਵਜੋਂ ਸਥਾਪਤ ਨੇਹਾ ਰਾਣੀ ਉਰਫ਼ ਨੇਹਾ ਸ਼ਰਮਾ ਨਾਲ , ਜੋ ਹੁਣ ਤੱਕ ਛੇ ਦਰਜਨ ਦੇ ਕਰੀਬ ਗੀਤਾਂ ਤੇ ਅੱਧੀ ਦਰਜਨ ਦੇ ਕਰੀਬ ਫ਼ਿਲਮਾਂ ਦੇ ਯੂਨਿਟ ਵਿੱਚ ਇੱਕ ਮੇਕ ਅੱਪ ਮੈਨ ਵਜੋਂ ਹਾਜ਼ਰੀ ਲਵਾ ਚੁੱਕੀ ਹੈ ।  03 ਜੁਲਾਈ 1992 ਨੂੰ ਪਿਤਾ ਸੁਰਿੰਦਰਪਾਲ ਤੇ ਮਾਤਾ ਸ਼ੁਸ਼ਮਾ ਰਾਣੀ ਦੇ ਗ੍ਰਹਿ ਪਿੰਡ ਆਸੀ ਕਲਾਂ ( ਜ਼ਿਲ੍ਹਾ ਲੁਧਿਆਣਾ ) ਵਿਖੇ ਜਨਮੀ ਨੇਹਾ ਸ਼ਰਮਾ ਨੇ ਪਿੰਡ ਨਾਰੰਗਵਾਲ ਦੇ ਸਰਕਾਰੀ ਸਕੂਲ ਤੋਂ ਮੈਟ੍ਰਿਕ ਤੇ ਕਿਲਾ ਰਾਏਪੁਰ ਤੋਂ ਪਲੱਸ ਟੂ ਕਰਨ ਤੋਂ ਬਾਦ ਗੋਬਿੰਦ ਨੈਸ਼ਨਲ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ । ਸੁਭਾਵਿਕ ਤੌਰ ‘ਤੇ ਬੇਹੱਦ ਹਸਮੁਖ ਤੇ ਮਿਲਣਸਾਰ ਤਬੀਅਤ ਦੀ ਮਾਲਿਕ ਨੇਹਾ ਸ਼ਰਮਾ ਰੇਨ ਅਕੈਡਮੀ , ਲੁਧਿਆਣਾ ਤੋਂ ਬਿਊਟੀਸ਼ੀਅਨ ਦਾ ਡਿਪਲੋਮਾ ਕਰਕੇ ਕਲਾ ਦੇ ਖ਼ੇਤਰ ਨੂੰ ਸਮਰਪਿਤ ਹੋ ਗਈ ਤੇ ਕਲਾ ਦੇ ਖੇਤਰ ਵਿੱਚ ਅੱਜ ਇਸ ਹੁਸੀਨ ਮੁਟਿਆਰ ਨੇਹਾ ਸ਼ਰਮਾ ਦਾ ਨਾਮ ਕਿਸੇ ਵਿਸ਼ੇਸ਼ ਜਾਣਕਾਰੀ ਦਾ ਮੁਥਾਜ ਨਹੀਂ ।
ਨੇਹਾ ਸ਼ਰਮਾ ਨੇ ਹੁਣ ਤੱਕ ਜਿੱਥੇ ਲੋਕ ਗਾਇਕ ਪਰਗਟ ਖ਼ਾਨ , ਜਗਦੇਵ ਖ਼ਾਨ , ਦੀਪਕ ਢਿੱਲੋਂ , ਊਸ਼ਾ ਕਿਰਨ , ਰਾਜ ਜਤਿੰਦਰ , ਅਲੀ ਭੈਣੀ , ਵਰਿੰਦਰ ਅਜਨੋਹਾ , ਬਾਵਾ ਧਾਲੀਵਾਲ , ਸੋਨੀ ਸੋਹਲ , ਕਮਲ ਸੰਧੂ ਆਦਿ ਅਨੇਕਾਂ ਕਲਾਕਾਰਾਂ ਨਾਲ ਕੰਮ ਕਰ ਚੁੱਕੀ ਹੈ ਉੱਥੇ ਪੰਜਾਬੀ ਫ਼ੀਚਰ ਫ਼ਿਲਮ ‘ਵਲੀਪੁਰ’ ਸਮੇਤ ਅੰਨੀ ਮਾਂ ਤੇ ਖ਼ੁਦਕਸ਼ੀ ਵਰਗੀਆਂ ਅਨੇਕਾਂ ਲਘੂ ਫ਼ਿਲਮਾਂ ਦੇ ਯੂਨਿਟਾਂ ਵਿੱਚ ਸਰਗਰਮ ਸ਼ਮੂਲੀਅਤ ਕਰ ਚੁੱਕੀ ਹੈ । ਨੇਹਾ ਨੇ ਤਾਜ ਪ੍ਰੋਡਕਸ਼ਨ ਦੀ ਪੇਸ਼ਕਸ਼ ਤੇ ਪ੍ਰੋਡਿਊਸਰ , ਡਾਇਰੈਕਟਰ ਸ. ਹਰਭਜਨ ਸਿੰਘ ਵੱਲੋਂ ਬਣਾਈ ਵੈੱਬ ਸੀਰੀਜ਼ ‘ਜੋੜੀ ਪਿਆਰ ਦੀ’ ਲਈ ਵੀ ਆਪਣੀਆਂ ਸੇਵਾਵਾਂ ਬਾਖੂਬੀ ਨਿਭਾਈਆਂ ।
ਨੇਹਾ ਸ਼ਰਮਾ ਆਪਣੇ ਖ਼ੇਤਰ ਵਿੱਚ ਆਪਣੇ ਪਰਿਵਾਰ ਸਮੇਤ ਲੋਕ ਗਾਇਕ ਜਗਦੇਵ ਖ਼ਾਨ , ਫ਼ਿਲਮੀ ਅਦਾਕਾਰ ਜਤਿੰਦਰ ਬਿੱਲਾ , ਨਗਿੰਦਰ ਗੱਖ਼ਰ , ਵਿਕਟਰ ਜੌਹਨ , ਕਾਵਿਆ ਠਾਕੁਰ , ਵੀਰਾਜ ਰੰਧਾਵਾ , ਜਸਦੇਵ ਮਾਨ , ਡਾਇਰੈਕਟਰ ਜਸਪ੍ਰੀਤ ਮਾਨ , ਇੰਦਰਜੀਤ ਇੰਦਰ ਆਦਿ ਸ਼ਖਸ਼ੀਅਤਾਂ ਦੇ ਮਿਲੇ ਸਹਿਯੋਗ ਦੀ ਵੀ ਬੇਹੱਦ ਸ਼ੁਕਰ ਗੁਜ਼ਾਰ ਹੈ । ਇੱਕ ਸਵਾਲ ਦੇ ਜਵਾਬ ਨੇਹਾ ਨੇ ਕਿਹਾ ਕਿ ਅਗਰ ਕਿਸੇ ਵਧੀਆ ਤੇ ਸਾਫ਼ ਸੁਥਰੇ ਉਸਾਰੂ ਵਿਸ਼ੇ ਵਾਲੀ ਫ਼ਿਲਮ ਵਿੱਚ ਕੋਈ ਸਾਕਾਰਾਤਮਿਕ ਭੂਮਿਕਾ ਮਿਲੀ ਤਾਂ ਉਹ ਜ਼ਰੂਰ ਕਰੇਗੀ । ਆਪਣੇ ਖੇਤਰ ਵਿੱਚ ਛੋਟੀ ਉਮਰੇ ਵੱਡੀਆਂ ਪ੍ਰਾਪਤੀਆਂ ਕਰਨ ਵਾਲੀ ਨੇਹਾ ਸ਼ਰਮਾ ਆਪਣੀ ਮਿਹਨਤ ਨੂੰ ਪੂਰੀ ਗੰਭੀਰਤਾ ਨਾਲ ਸਮਰਪਿਤ ਹੈ ।
 ਕੁਲਦੀਪ ਸਿੰਘ ਦੁੱਗਲ   ਮੋਬਾਇਲ ਨੰਬਰ :                                                              76963-81277
#For any kind of News and advertisment contact us on 980-345-0601 

 

 

124220cookie-checkਪੰਜਾਬੀ ਕਲਾ ਜਗਤ ਵਿੱਚ ਮੇਕ ਅੱਪ ਦੇ ਖੇਤਰ ਦੀ ਸਥਾਪਤ ਸ਼ਖਸ਼ੀਅਤ – ਨੇਹਾ ਸ਼ਰਮਾ
error: Content is protected !!