September 15, 2024

Loading

ਚੜ੍ਹਤ ਪੰਜਾਬ ਦੀ
ਲੁਧਿਆਣਾ, (ਸਤ ਪਾਲ ਸੋਨੀ ) – ਪੰਜਾਬੀ ਭਵਨ ਲੁਧਿਆਣਾ ਵਿਖੇ ਕਰਤਾਰ ਸਿੰਘ ਪੰਛੀ ਆਲਮੀ ਸਾਹਿਤਕ ਮੰਚ,ਮਲੇਰਕੋਟਲਾ ਵਲੋਂ ਪੰਜਾਬੀ ਲੇਖਕ ਕਲਾਕਾਰ ਸੁਸਾਇਟੀ ਲੁਧਿਆਣਾ ਦੇ ਸਹਿਯੋਗ ਨਾਲ ਉਸਤਾਦ ਗ਼ਜ਼ਲਗੋ ਕਰਤਾਰ ਸਿੰਘ ਪੰਛੀ ਜੀ ਦੀ ਯਾਦ ਨੂੰ ਸਮਰਪਿਤ ਇਕ ਵਿਸ਼ਾਲ ਕਵੀ ਦਰਬਾਰ ਅਤੇ ਸ਼ਾਨਦਾਰ ਪੁਸਤਕ ਲੋਕ ਅਰਪਣ ਸਮਾਗਮ ਕਰਵਾਇਆ ਗਿਆ ਜਿਸ ਵਿਚ ਉਸਤਾਦ ਗ਼ਜ਼ਲਗੋ ਗੁਰਦਿਆਲ ਰੌਸ਼ਨ ਜੀ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਪ੍ਰਧਾਨਗੀ ਮੰਡਲ ਵਿਚ ਉਨ੍ਹਾਂ ਨਾਲ ਡਾ.ਦੀਪਕ ਮਨਮੋਹਨ ,ਪ੍ਰੋ ਗੁਰਭਜਨ ਗਿੱਲ,ਡਾ. ਲਖਵਿੰਦਰ ਜੌਹਲ, ਸੁਲੱਖਣ ਸਰਹੱਦੀ, ਦਰਸ਼ਨ ਬੁੱਟਰ, ਸੰਧੂ ਵਰਿਆਣਵੀ, ਡਾ.ਗੁਰਚਰਨ ਕੌਰ ਕੋਚਰ ਅਤੇ ਡਾ.ਮੁਹੰਮਦ ਰਫ਼ੀ ਸ਼ਾਮਲ ਹੋਏ।
ਪੁਸਤਕ ਲੋਕ ਅਰਪਣ ਸਮਾਗਮ ਵਿੱਚ ਕਨੇਡਾ ਵੱਸਦੀ ਨੌਜਵਾਨ ਗ਼ਜ਼ਲਕਾਰਾ ਅਮਰਜੀਤ ਕੌਰ ਪੰਛੀ ਦਾ ਪਲੇਠਾ ਗ਼ਜ਼ਲ ਸੰਗ੍ਰਹਿ “ਪੰਛੀ ਦੀ ਪਰਵਾਜ਼” ਲੋਕ ਅਰਪਣ ਕੀਤਾ ਗਿਆ। ਡਾ ਕੋਚਰ ਨੇ ਕਿਤਾਬ ਬਾਰੇ ਵਿਸਥਾਰ ਪੂਰਵਕ ਪੇਪਰ ਪੜ੍ਹਦੇ ਹੋਏ ਕਿਹਾ ਕਿ ਸ਼ਾਇਰਾ ਅਮਰਜੀਤ ਨੇ ਆਪਣੇ ਪਲੇਠੇ ਗ਼ਜ਼ਲ ਸੰਗ੍ਰਹਿ ‘ਪੰਛੀ ਦੀ ਪਰਵਾਜ਼’ ਨਾਲ ਬਹੁਤ ਖੂਬਸੂਰਤ ਆਗਾਜ਼ ਕੀਤਾ ਹੈ।ਉਸ ਦੀ ਸ਼ਾਇਰੀ ‘ਨਿੱਜ’ ਤੋਂ ‘ਪਰ’ ਦਾ ਸਫ਼ਰ ਤੈਅ ਕਰਦੀ ਹੋਈ ਲੋਕਾਈ ਦੇ ਦਰਦ ਨੂੰ ਆਪਣੇ ਕਲੇਵਰ ਵਿਚ ਲੈਂਦੀ ਹੈ। ਗੁਰਦਿਆਲ ਰੌਸ਼ਨ ਪ੍ਰੋ ਗੁਰਭਜਨ ਗਿੱਲ, ਡਾ ਲਖਵਿੰਦਰ ਜੌਹਲ, ਸੁਲੱਖਣ ਸਰਹੱਦੀ, ਦਰਸ਼ਨ ਬੁੱਟਰ ਅਤੇ ਸੰਧੂ ਵਰਿਆਣਵੀ ਨੇ ਸਾਂਝੇ ਤੌਰ ਤੇ ਕਿਹਾ ਕਿ ਅਮਰਜੀਤ ਪੰਛੀ ਨੇ ਆਪਣੇ ਪਹਿਲੇ ਗ਼ਜ਼ਲ ਸੰਗ੍ਰਹਿ ਨਾਲ਼ ਹੀ ਪੰਜਾਬੀ ਗ਼ਜ਼ਲ ਸਾਹਿਤ ਵਿਚ ਆਪਣਾ ਸਨਮਾਨ ਯੋਗ ਸਥਾਨ ਪ੍ਰਾਪਤ ਕਰ ਲਿਆ ਹੈ। ਉਸ ਵਿੱਚ ਹੋਰ ਵੀ ਵਧੀਆ ਗ਼ਜ਼ਲਗੋ ਬਣਨ ਦੀਆਂ ਅਸੀਮ ਸੰਭਾਵਨਾਵਾਂ ਛੁੱਪੀਆਂ ਹੋਈਆਂ ਹਨ।
ਸ਼ਾਇਰਾ ਅਮਰਜੀਤ ਕੌਰ ਪੰਛੀ ਨੇ ਆਪਣੇ ਪਿਤਾ ਜੀ ਬਾਰੇ ਅਤੇ ਆਪਣੇ ਸਾਹਿਤਕ ਸਫ਼ਰ ਬਾਰੇ ਦੱਸਦੇ ਹੋਏ ਕਝ ਗ਼ਜ਼ਲਾਂ ਵੀ ਸਾਂਝੀਆਂ ਕੀਤੀਆਂ। ਇਸ ਮੌਕੇ ਮਲੇਰਕੋਟਲਾ ਸਭਾ ਵੱਲੋਂ ਉਸਤਾਦ ਗ਼ਜ਼ਲਗੋ ਗੁਰਦਿਆਲ ਰੌਸ਼ਨ ਜੀ ਨੂੰ ਕਰਤਾਰ ਸਿੰਘ ਪੰਛੀ ਯਾਦਗਾਰੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਸ਼ਾਇਰਾ ਅਮਰਜੀਤ ਕੌਰ ਪੰਛੀ ਨੂੰ ਪੰਜਾਬੀ ਲੇਖਕ ਕਲਾਕਾਰ ਸੁਸਾਇਟੀ ਲੁਧਿਆਣਾ ਵੱਲੋਂ ਅਤੇ ਅਦਾਰਾ ਸ਼ਬਦ ਜੋਤ ਵਲੋਂ ਵੀ ਕ੍ਰਮਵਾਰ ਫੁਲਕਾਰੀ ਅਤੇ ਮੂਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਕਰਵਾਏ ਗਏ ਕਵੀ ਦਰਬਾਰ ਵਿਚ ਹਿੱਸਾ ਲੈਣ ਵਾਲਿਆਂ ਵਿਚ ਹੋਰਨਾਂ ਤੋਂ ਇਲਾਵਾ ਸੁਰਿੰਦਰ ਸਿੰਘ ਸੁੱਨੜ, ਤ੍ਰੈਲੋਚਨ ਲੋਚੀ, ਸਹਿਜਪ੍ਰੀਤ ਮਾਂਗਟ, ਤਰਸੇਮ ਨੂਰ ਇਨਸਾਂ ਵਿਕਰਮਜੀਤ ਸਿੰਘ ( ਰਾਜਸਥਾਨ),ਅਮਰਜੀਤ ਕੌਰ ਅਮਰ, ਕਮਲਜੀਤ ਕੰਵਰ, ਸੁਖਦੇਵ ਸਿੰਘ ਗੰਢਵਾ , ਪਵਨ ਹਰਚੰਦਪੁਰੀ, ਗੁਲਜ਼ਾਰ ਸਿੰਘ ਸ਼ੋਂਕੀ,ਬਲਜੀਤ ਘੋਲੀਆ , ਮਨਜੀਤ ਮੀਸ਼ਾ, ਸਿਮਰਨ ਧੁੱਗਾ, ਪਰਮਜੀਤ ਕੌਰ ਮਹਿਕ, ਕੁਲਵਿੰਦਰ ਕਿਰਨ, ਸੁਰਿੰਦਰ ਬਾੜਾ, ਅਰਸ਼ਦੀਪ, ਸੁਖਰਾਜ, ਸੁਖਵਿੰਦਰ ਅਨਹਦ, ਰਵਿੰਦਰ ਰਵੀ,ਪ੍ਰਭਜੋਤ ਸੋਹੀ, ਜਸਪ੍ਰੀਤ ਫ਼ਲਕ,ਮੀਤ ਅਨਮੋਲ, ਪਰਵਿੰਦਰ ਲੱਧੜ,ਮਨੋਜ ਫਗਵਾੜਵੀ,ਸੱਜਣ ਸਿੰਘ, ਅਮਰਜੀਤ ਸ਼ੇਰਪੁਰੀ, ਪਰਮਿੰਦਰ ਅਲਬੇਲਾ,ਹੈ,ਦੀਪ ਵਿਰਦੀ, ਸੁਰਿੰਦਰਜੀਤ ਚੌਹਾਨ, ਕਮਲਦੀਪ,ਨਵਜੋਤ ਭੁੱਲਰ, ਬੀਬਾ ਕੁਲਵੰਤ,ਗੁਰਜੀਤ ਅਜਨਾਲਾ,ਨਾਹਰ ਸਿੰਘ, ਡਾ.ਰਾਕੇਸ਼ ਸ਼ਰਮਾ, ਧਰਮਿੰਦਰ ਸ਼ਾਹਿਦ, ਕੇ ਸਾਧੂ ਸਿੰਘ, ਬਲਰਾਜ ਸਿੰਘ,ਪ੍ਰੋ ਅਜੀਤ ਸਿੰਘ, ਰਣਜੀਤ ਸਿੰਘ, ਵਿਵੇਕ,ਪਵਨ, ਮਲਕੀਤ ਸਿੰਘ ਸੈਣੀ ਸ਼ਾਮਲ ਸਨ। ਸ਼ਾਇਰਾ ਅਮਰਜੀਤ ਕੌਰ ਪੰਛੀ ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।
#For any kind of News and advertisement contact us on   980-345-0601 
118550cookie-checkਉਸਤਾਦ ਗ਼ਜ਼ਲਗੋ ਕਰਤਾਰ ਸਿੰਘ ਪੰਛੀ ਜੀ ਦੀ ਯਾਦ ਨੂੰ ਸਮਰਪਿਤ ਇਕ ਵਿਸ਼ਾਲ ਕਵੀ ਦਰਬਾਰ ਅਤੇ ਸ਼ਾਨਦਾਰ ਪੁਸਤਕ ਲੋਕ ਅਰਪਣ ਸਮਾਗਮ ਕਰਵਾਇਆ
error: Content is protected !!