November 22, 2024

Loading

ਚੜ੍ਹਤ ਪੰਜਾਬ ਦੀ

ਰਾਮਪੁਰਾ ਫੂਲ 18 ਜੂਨ(ਭਾਰਤ ਭੂਸ਼ਣ/ਪ੍ਰਦੀਪ ਸ਼ਰਮਾਂ): ਸਥਾਨਕ ਤਰਕਸ਼ੀਲ ਸੁਸਾਇਟੀ ਦੇ ਮੈਂਬਰਾ ਨੇ ਇੱਕ ਮੀਟਿੰਗ ਕੀਤੀ ਜਿਸ ਵਿਚ ਦੇਸ਼ ਦੀ ਲੋਕਪੱਖੀ ਬੁੱਧੀਜੀਵੀਆਂ ਨੂੰ ਨਾਜਾਇਜ਼ ਤੌਰ ਤੇ ਜੇਲ੍ਹਾਂ ਵਿੱਚ ਰੱਖਣ ਦੀ ਜ਼ੋਰਦਾਰ ਨਿਖੇਧੀ ਕੀਤੀ ਅਤੇ ਫੈਸਲਾ ਲਿਆ ਕਿ ਤਰਕਸ਼ੀਲ ਸੁਸਾਇਟੀ 19 ਜੂਨ ਨੂੰ ਬਠਿੰਡਾ ਵਿਖੇ ਇਸ ਸਬੰਧੀ ਰੱਖੀ ਗਈ ਜਮਹੂਰੀ ਚੇਤਨਾ ਕਨਵੈਨਸ਼ਨ ਵਿਚ ਭਾਗ ਲੈਣਗੇ।

ਸਰਕਾਰਾਂ ਲੋਕ ਹਿੱਤੂ ਤਾਕਤਾਂ ਵਿੱਚ ਦਹਿਸ਼ਤੀ ਮਾਹੌਲ ਸਿਰਜਣ ਦਾ ਯਤਨ ਕਰ ਰਹੀਆਂ ਹਨ-ਆਗੂ

ਤਰਕਸ਼ੀਲ ਸੁਸਾਇਟੀ ਦੇ ਆਗੂਆਂ ਨੇ ਕਿਹਾ ਕਿ ਹਾਕਮ ਧਿਰ ਵੱਲੋਂ ਸਦੀਆਂ ਤੋਂ ਧਰਮ ਦੀ ਵਰਤੋਂ ਲੋਕਾਂ ਨੂੰ ਲੁੱਟਣ, ਲੋਕਾਂ ਦੀ ਰਾਜਨੀਤਕ ਚੇਤਨਾ ਨੂੰ ਖੁੰਢਾ ਕਰਨ ਅਤੇ ਲੋਟੂ ਰਾਜ ਪ੍ਰਬੰਧ ਨੂੰ ਲਗਾਤਾਰ ਬਰਕਰਾਰ ਰੱਖਣ ਲਈ ਕੀਤੀ ਜਾ ਰਹੀ ਹੈ। ਉਨਾਂ ਅੱਗੇ ਕਿਹਾ ਕਿ ਲੋਕ ਪੱਖੀ ਬੁੱਧੀਜੀਵੀਆਂ ਦੀ ਗ੍ਰਿਫ਼ਤਾਰੀ ਇਸ ਨਰੋਏ ਸਮਾਜ ਦੀ ਸਿਰਜਣਾ ਵੱਲ ਹੁੰਦੇ ਯਤਨਾਂ ਨੂੰ ਢਾਹ ਲਾਉਣ ਦਾ ਇਕ ਕੋਝਾ ਹੱਥਕੰਡਾ ਹੈ। ਦੇਸ਼ ਦੇ ਲਗਾਤਾਰ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਲਾਤਾਂ ਸਮੇਂ ਇਨਾਂ ਲੋਕ ਪੱਖੀ ਬੁੱਧੀਜੀਵੀਆਂ ਦੀ ਸਾਡੇ ਲੋਕਾਂ ਨੂੰ ਅਤਿਅੰਤ ਲੋੜ ਹੈ।

ਦੇਸ਼ ਦੀ ਕਾਨੂੰਨ ਵਿਵਸਥਾ ਮੌਜੂਦਾ ਹਾਕਮ ਜਮਾਤ ਦੀ ਹੱਥਾਂ ਦੀ ਕਠਪੁਤਲੀ ਬਣ ਕੇ ਰਹਿ ਗਈ ਹੈ। ਇਸ ਸਮੇਂ ਦੇਸ਼ ਦੀ ਬੇਹਤਰੀ ਦੀ ਆਸ ਸਿਰਫ਼ ਤੇ ਸਿਰਫ਼ ਲੋਕਾਂ ਦੀ ਸਹੀ ਚੇਤਨਾ ਅਤੇ ਉਨਾਂ ਦੀ ਸਰਗਰਮ ਭੂਮਿਕਾ ਉੱਤੇ ਹੀ ਨਿਰਭਰ ਹੈ। ਸਰਕਾਰ ਵੱਲੋਂ ਗ੍ਰਿਫ਼ਤਾਰ ਕੀਤੇ ਸਾਰੇ ਹੀ ਬੁੱਧੀਜੀਵੀਆਂ ਦੀ ਉਮਰ 60 ਸਾਲ ਤੋਂ ਉੱਪਰ ਹੈ। ਜੇਲਾਂ ਵਿਚ ਜਾਂ ਘਰਾਂ ਵਿੱਚ ਨਜ਼ਰਬੰਦ ਕੀਤੇ ਬੁੱਧੀਜੀਵੀਆਂ ਵਿੱਚ ਵਰਵਰਾ ਰਾਓ, ਸੁਧਾ ਭਾਰਦਵਾਜ, ਅਰੁਣ ਫਰੇਰਾ, ਗੌਤਮ ਨਵਲਖਾ, ਵਰਨੌਨ, ਗੁੰਜਾਲਵੇ, ਸੁਰਿੰਦਰ ਗੈਡਲਿਗ, ਸੁਧੀਰ ਧਾਵਲੇ, ਰੋਨਾ ਵਿਲਸਨ, ਸੋਮਾ ਸੇਨ, ਮਹੇਸ਼ ਰਾਊਤ ਆਦਿ ਨੂੰ ਲੋਕਾਂ ਤੋਂ ਖੋਹ ਲਿਆ ਗਿਆ ਹੈ। ਇਸ ਤਰਾਂ ਦੇ ਕਾਰੇ ਕਰ ਕੇ ਸਰਕਾਰਾਂ ਲੋਕ ਹਿੱਤੂ ਤਾਕਤਾਂ ਵਿੱਚ ਦਹਿਸ਼ਤੀ ਮਾਹੌਲ ਸਿਰਜਣ ਦਾ ਯਤਨ ਕਰ ਰਹੀਆਂ ਹਨ। ਆਗੂਆਂ ਨੇ ਕਿਹਾ ਕਿ ਚੰਗੀ ਗੱਲ ਇਹ ਹੈ ਕਿ ਕਿਸਾਨ ਅੰਦੋਲਨ ਦੀ ਰੂਪ ਵਿਚ ਲੋਕ ਤਾਕਤ ਸਹੀ ਦਿਸ਼ਾ ਵਿਚ ਇਕ ਅੰਗੜਾਈ ਲੈ ਰਹੀ ਹੈ। ਇਸ ਮੌਕੇ ਜੰਟਾ ਸਿੰਘ, ਸੁਰਿੰਦਰ ਗੁਪਤਾ, ਮੇਜਰ ਸਿੰਘ, ਸੁਖਮੰਦਰ ਸਿੰਘ, ਰਾਜ ਕੁਮਾਰ, ਮਿਹਰ ਬਾਹੀਆ, ਗੁਰਮੇਲ ਸਿੰਘ, ਰਾਮ ਸਿੰਘ ਧੂਰਕੋਟ, ਪ੍ਰਮੋਦ ਕੁਮਾਰ, ਅਰਸ਼ ਮਹਿਰਾਜ, ਗਗਨ ਕਾਂਗੜ, ਤੇਜ ਸਿੰਘ ਮਾਫੀਦਾਰ, ਰਾਜੇਸ਼ ਕੁਮਾਰ ਅਤੇ ਗਗਨ ਗਰੋਵਰ ਸ਼ਾਮਲ ਸਨ।

69100cookie-checkਦੇਸ਼ ਦੀ ਕਾਨੂੰਨ ਵਿਵਸਥਾ ਮੌਜੂਦਾ ਹਾਕਮ ਜਮਾਤ ਦੀ ਹੱਥਾਂ ਦੀ ਕਠਪੁਤਲੀ ਬਣੀ-ਤਰਕਸ਼ੀਲ ਸੁਸਾਇਟੀ
error: Content is protected !!