November 23, 2024

Loading

ਚੜ੍ਹਤ ਪੰਜਾਬ ਦੀ
ਲੁਧਿਆਣਾ, 24 ਜੂਨ (ਸਤ ਪਾਲ ਸੋਨੀ ) – ਉਦਯੋਗ ਅਤੇ ਬੇਰੋਜਗਾਰ ਨੌਜਵਾਨਾਂ ਦਰਮਿਆਨ ਪਾੜੇ ਨੂੰ ਖ਼ਤਮ ਕਰਨ ਲਈ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਸੂਬੇ ਦੇ ਵੱਖ-ਵੱਖ ਉਦਯੋਗਾਂ ਵਿੱਚ ਲਗਭਗ 15 ਹਜ਼ਾਰ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੇ ਉਦੇਸ਼ ਨਾਲ ਅਪ੍ਰੈਂਟਿਸ ਟਰੇਨਿੰਗ ਸਕੀਮ ਤਹਿਤ ਬੋਇਲਰ ਅਟੈਂਡੈਂਟ ਕੋਰਸ ਸ਼ੁਰੂ ਕਰਨ ਲਈ ਤੱਤਪਰ ਹੈ। ਇਸ ਪਹਿਲਕਦਮੀ ਤਹਿਤ ਲੁਧਿਆਣਾ ਉਦਯੋਗ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ ਜਿੱਥੇ ਲਗਭਗ 450 ਉਦਯੋਗਿਕ ਇਕਾਈਆਂ ਵੱਲੋਂ ਇਹ ਅਪ੍ਰੈਂਟਿਸਸ਼ਿਪ ਪ੍ਰਦਾਨ ਕਰਨ ਲਈ ਆਪਣੇ ਆਪ ਨੂੰ ਰਜਿਸਟਰ ਕੀਤਾ ਗਿਆ ਹੈ।

ਅੱਜ ਸਥਾਨਕ ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗ (ਸੀਸੂ) ਵਿਖੇ ਆਯੋਜਿਤ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਦੇ ਡਾਇਰੈਕਟਰ ਡੀ.ਪੀ.ਐਸ. ਖਰਬੰਦਾ ਨੇ ਕਿਹਾ ਕਿ ਇਹ ਕੋਰਸ ਬਾਇਲਰ ਉਦਯੋਗ ਦੀ ਭਾਰੀ ਮੰਗ ਦੇ ਮੱਦੇਨਜ਼ਰ ਸੁਰੂ ਕੀਤਾ ਜਾ ਰਿਹਾ ਹੈ ਜੋ ਕਿ ਇਸ ਮਹੱਤਵਪੂਰਨ ਯੰਤਰ ਨੂੰ ਚਲਾਉਣ ਲਈ ਹੁਨਰਮੰਦ ਬਾਇਲਰ ਅਟੈਂਡੈਂਟ ਦੀ ਭਾਲ ਲਈ ਜੱਦੋ-ਜਹਿਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਬੇਰੋ}ਗਾਰ ਨੌਜਵਾਨਾਂ ਨੂੰ ਰੋਜਗਾਰ ਦੇ ਵੱਧ ਤੋਂ ਵੱਧ ਮੌਕੇ ਪ੍ਰਦਾਨ ਕਰਨ ਲਈ ਵਚਨਬੱਧ ਹੈ ਅਤੇ ਸਮਾਜ ਵਿੱਚੋਂ ਬੇਰੋਜਗਾਰੀ ਦੇ ਖਾਤਮੇ ਲਈ ਹੁਨਰ ਵਿਕਾਸ ਅਤੇ ਪਲੇਸਮੈਂਟ ਕੈਂਪਾਂ ਤੋਂ ਇਲਾਵਾ ਵੱਖ-ਵੱਖ ਉਪਰਾਲੇ ਪਹਿਲਾਂ ਹੀ ਸ਼ੁਰੂ ਕੀਤੇ ਜਾ ਚੁੱਕੇ ਹਨ।
ਅਪ੍ਰੈਂਟਿਸਸ਼ਿਪ ਦੌਰਾਨ ਪਹਿਲੇ ਤੇ ਦੂਜੇ ਸਾਲ ਕ੍ਰਮਵਾਰ 7000 ਅਤੇ 7700 ਰੁਪਏ ਪ੍ਰਤੀ ਮਹੀਨਾ ਮਿਲੇਗਾ ਵਜੀਫਾ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾਇਰੈਕਟਰ ਨੇ ਅੱਗੇ ਕਿਹਾ ਕਿ ਸੂਬੇ ਦੀ 50 ਫੀਸਦ ਤੋਂ ਵੱਧ ਬਾਇਲਰ ਇੰਡਸਟਰੀ ਲੁਧਿਆਣਾ ਵਿੱਚ ਸਥਾਪਤ ਹੈ ਅਤੇ ਇਹ ਨਵਾਂ ਕੋਰਸ ਉਨ੍ਹਾਂ ਦੀ ਬਾਇਲਰ ਅਪਰੇਟਰਾਂ ਦੀ ਨਿਯਮਤ ਮੰਗ ਨੂੰ ਪੂਰਾ ਕਰੇਗਾ। ਉਨ੍ਹਾਂ ਕਿਹਾ ਕਿ ਕੋਈ ਵੀ 10ਵੀਂ, 12ਵੀਂ ਜਾਂ ਆਈ.ਟੀ.ਆਈ. ਪਾਸ ਜਾਂ ਡਰਾਪ ਆਊਟ ਚਾਹਵਾਨ ਇਸ ਕੋਰਸ ਲਈ ਅਪਲਾਈ ਕਰ ਸਕਦੇ ਹਨ ਜਿਸ ਤੋਂ ਬਾਅਦ ਉਮੀਦਵਾਰਾਂ ਨੂੰ ਦੋ ਸਾਲ ਦੀ ਅਪ੍ਰੈਂਟਿਸਸ਼ਿਪ ਪ੍ਰਦਾਨ ਕੀਤੀ ਜਾਵੇਗੀ, ਜਿੱਥੇ ਉਨ੍ਹਾਂ ਪਹਿਲੇ ਅਤੇ ਦੂਜੇ ਸਾਲ ਦੌਰਾਨ ਕ੍ਰਮਵਾਰ 7000 ਅਤੇ 7700 ਰੁਪਏ ਪ੍ਰਤੀ ਮਹੀਨਾ ਵਜੀਫਾ ਮਿਲੇਗਾ, ਇਸ ਤਰ੍ਹਾਂ ਉਹ ਟ੍ਰੇਨਿੰਗ ਦੇ ਨਾਲ ਕਮਾਈ ਵੀ ਕਰਨਗੇ।
ਨੌਜਵਾਨਾਂ ਨੂੰ ਪੰਜਾਬ ਸਰਕਾਰ ਦੇ ਹੁਨਰ ਵਿਕਾਸ ਤੇ ਰੋਜਗਾਰ ਪ੍ਰੋਗਰਾਮ ‘ਚ ਹਿੱਸਾ ਲੈਣ ਦਾ ਸੱਦਾ
ਡੀ.ਪੀ.ਐਸ. ਖਰਬੰਦਾ ਨੇ ਉਦਯੋਗਪਤੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਸੂਬੇ ਦੇ ਉਦਯੋਗ ਨੂੰ ਸਭ ਤੋਂ ਵੱਧ ਤਰਜੀਹ ਦੇ ਰਹੀ ਹੈ ਅਤੇ ਉਨ੍ਹਾਂ ਦੀ ਸਹੂਲਤ ਲਈ ਵੱਧ ਤੋਂ ਵੱਧ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਵਿਭਾਗ ਉਦਯੋਗਿਕ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਰ ਵੀ ਕਈ ਨਵੇਂ ਹੁਨਰ ਵਿਕਾਸ ਕੋਰਸਾਂ ‘ਤੇ ਵਿਚਾਰ ਕਰ ਰਿਹਾ ਹੈ, ਜੋ ਜਲਦ ਹੀ ਸ਼ੁਰੂ ਕਰ ਦਿੱਤੇ ਜਾਣਗੇ। ਉਨ੍ਹਾਂ ਨੌਜਵਾਨਾਂ ਨੂੰ ਸੂਬਾ ਸਰਕਾਰ ਦੇ ਹੁਨਰ ਵਿਕਾਸ ਅਤੇ ਰੋਜਗਾਰ ਪ੍ਰੋਗਰਾਮ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਵੀ ਕੀਤੀ ਤਾਂ ਜੋ ਪੰਜਾਬ ਵਿੱਚ ਇਸ ਪਹਿਲਕਦਮੀ ਨੂੰ ਸਫ਼ਲ ਬਣਾਇਆ ਜਾ ਸਕੇ।
ਉਨ੍ਹਾਂ ਇਹ ਵੀ ਦੱਸਿਆ ਕਿ ਬਾਇਲਰ ਉਦਯੋਗ ਵੱਲੋਂ ਰਜਿਸਟ੍ਰੇਸ਼ਨ ਤੋਂ ਬਾਅਦ ਯੋਗ ਅਤੇ ਚਾਹਵਾਨ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਵੀ ਸ਼ੁਰੂ ਹੋ ਜਾਵੇਗੀ, ਜੋ ਕਿ ਲਿੰਕ www.apprenticeship.gov.in’ ‘ਤੇ ਜਾਂ ਕਿਸੇ ਵੀ ਸਰਕਾਰੀ ਆਈ.ਟੀ.ਆਈ. ਸੈਂਟਰ ‘ਤੇ ਆਪਣੇ ਫਾਰਮ ਜਮ੍ਹਾਂ ਕਰਵਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ। ਇਸੇ ਤਰ੍ਹਾਂ, ਬਿਨੈਕਾਰ ਆਪਣੇ ਦਸਤਾਵੇਜ਼ ਅਤੇ ਫਾਰਮ ਈਮੇਲ ਆਈ.ਡੀ. [email protected] ‘ਤੇ ਵੀ ਭੇਜ ਸਕਦੇ ਹਨ। ਖਾਸ ਤੌਰ ‘ਤੇ, ਸਫਲ ਉਮੀਦਵਾਰਾਂ ਨੂੰ ਰਾਸ਼ਟਰੀ ਅਪ੍ਰੈਂਟਿਸ ਸਰਟੀਫਿਕੇਟ ਮਿਲੇਗਾ ਜੋ ਕਿ ਐਨ.ਸੀ.ਬੀ.ਟੀ. ਦੇ ਬਰਾਬਰ ਹੈ ਜੋ ਪਾਸ ਆਊਟ ਵਿਦਿਆਰਥੀਆਂ ਨੂੰ ਪੂਰੇ ਭਾਰਤ ਵਿੱਚ ਬਾਇਲਰ ਉਦਯੋਗ ਵਿੱਚ ਹੋਰ ਕੈਰੀਅਰ ਦੇ ਮੌਕਿਆਂ ਦੀ ਖੋਜ ਕਰਨ ਦੇ ਯੋਗ ਬਣਾਉਂਦਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਇਸ ਸਕੀਮ ਅਧੀਨ ਵੱਧ ਤੋਂ ਵੱਧ ਦਾਖਲਾ ਲੈਣ ਲਈ ਵੱਧ ਤੋਂ ਵੱਧ ਯੋਗ ਵਿਦਿਆਰਥੀਆਂ ਤੱਕ ਪਹੁੰਚ ਕਰਨ ਲਈ ਵਿਸ਼ੇਸ਼ ਮੁਹਿੰਮ ਵਿੱਢਣ ਦੇ ਨਿਰਦੇਸ਼ ਵੀ ਦਿੱਤੇ।

ਇਸ ਦੌਰਾਨ ਸਥਾਨਕ ਉਦਯੋਗਪਤੀਆਂ ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਕਦਮ ਹਜ਼ਾਰਾਂ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਇੱਕ ਲੰਮਾ ਪੈਂਡਾ ਤੈਅ ਕਰੇਗਾ ਕਿਉਂਕਿ ਭਾਰਤ ਭਰ ਵਿੱਚ ਬਾਇਲਰ ਅਪਰੇਟਰਾਂ ਦੀ ਮੰਗ ਵੱਧ ਰਹੀ ਹੈ। ਇਸ ਸਮਾਗਮ ਵਿੱਚ ਸੀਸੂ ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ, ਜਨਰਲ ਸਕੱਤਰ ਪੰਕਜ ਸ਼ਰਮਾ, ਉਦਯੋਗਪਤੀ ਐਸਐਸ ਭੋਗਲ, ਟੀਆਰ ਮਿਸ਼ਰਾ, ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਵਧੀਕ ਡਾਇਰੈਕਟਰ ਦਲਜੀਤ ਸਿੰਘ ਸਿੱਧੂ ਨੇ ਸ੍ਰੀ ਖਰਬੰਦਾ ਦਾ ਸਵਾਗਤ ਕੀਤਾ। ਇਸ ਮੌਕੇ ਇੰਸਟਰੱਕਟਰਾਂ ਦੇ ਨਾਲ ਪੰਜਾਬ ਭਰ ਦੀਆਂ ਸਰਕਾਰੀ ਆਈ.ਟੀ.ਆਈਜ਼ ਦੇ ਪ੍ਰਿੰਸੀਪਲ ਵੀ ਹਾਜ਼ਰ ਸਨ।
#For any kind of News and advertisement contact us on   980-345-0601 
122130cookie-checkਬੋਇਲਰ ਅਟੈਂਡੈਂਟ ਕੋਰਸ ਦੀ ਅਪ੍ਰੈਂਟਿਸਸ਼ਿਪ ਪ੍ਰਦਾਨ ਕਰਨ ਲਈ 400 ਤੋਂ ਵੱਧ ਉਦਯੋਗਿਕ ਇਕਾਈਆਂ ਵੱਲੋਂ ਕਰਵਾਈ ਆਪਣੀ ਰਜਿਸ਼ਟ੍ਰੇਸ਼ਨ
error: Content is protected !!