![]()
ਪੁਲਿਸ ਕਮਿਸ਼ਨਰ ਵੱਲੋਂ ਮਾਮਲੇ ਦੀ ਜਾਂਚ ਅਤੇ ਕਾਰਵਾਈ ਦਾ ਭਰੋਸਾ
ਲੁਧਿਆਣਾ 18 ਸਤੰਬਰ (ਚਡ਼੍ਹਤ ਪੰਜਾਬ ਦੀ) : ਸ਼ਹਿਰ ਲੁਧਿਆਣਾ ਨਾਲ ਸੰਬੰਧਤ ਚਾਰ ਵਿਧਾਇਕਾਂ ਨੇ ਅੱਜ ਪੁਲਿਸ ਕਮਿਸ਼ਨਰ ਲੁਧਿਆਣਾ ਨੂੰ ਮਿਲ ਕੇ ਅਪੀਲ ਕੀਤੀ ਹੈ ਕਿ ਉਹ ਸ਼ਹਿਰ ਵਿੱਚ ਸਰਗਰਮ ਉਨਾਂ ਦਲਾਲਾਂ ਨੂੰ ਨੱਥ ਪਾਉਣ, ਜੋ ਕਿ ਪੁਲਿਸ ਦੇ ਹੇਠਲੇ ਪੱਧਰ ਦੇ ਅਧਿਕਾਰੀਆਂ ਦੀ ਮਦਦ ਨਾਲ ਲੋਕਲ ਫੈਕਟਰੀਆਂ/ਕੰਪਨੀਆਂ ਵਿੱਚ ਜਾ ਕੇ ਰੇਡਾਂ ਕਰਦੇ ਹਨ ਅਤੇ ਮਾਲਕਾਂ ਨੂੰ ਡਰਾਅ ਧਮਕਾਅ ਕੇ ਉਨਾਂ ਤੋਂ ਮੋਟੀਆਂ ਮਹੀਨਾਵਾਰ ਜਾਂ ਹਫ਼ਤਾਵਰੀ ਉਗਰਾਹੀਆਂ ਦੀ ਮੰਗ ਕਰਦੇ ਹਨ।
ਇਸ ਸੰਬੰਧੀ ਟੈਲੀਫੋਨ ‘ਤੇ ਜਾਣਕਾਰੀ ਦਿੰਦਿਆਂ ਲੁਧਿਆਣਾ (ਪੂਰਬੀ) ਦੇ ਵਿਧਾਇਕ ਸ੍ਰੀ ਸੰਜੇ ਤਲਵਾਡ਼ ਨੇ ਦੱਸਿਆ ਕਿ ਉਨਾਂ ਸਮੇਤ ਸ੍ਰੀ ਭਾਰਤ ਭੂਸ਼ਣ ਆਸ਼ੂ, ਸ੍ਰੀ ਸੁਰਿੰਦਰ ਡਾਬਰ ਅਤੇ ਸ੍ਰ. ਕੁਲਦੀਪ ਸਿੰਘ ਵੈਦ (ਸਾਰੇ ਵਿਧਾਇਕ) ਨੇ ਇਸ ਗੋਰਖਧੰਦੇ ਬਾਰੇ ਜਾਣੂ ਕਰਾਉਣ ਲਈ ਪੁਲਿਸ ਕਮਿਸ਼ਨਰ ਸ੍ਰੀ ਆਰ. ਐੱਨ. ਢੋਕੇ ਨਾਲ ਉਨਾਂ ਦੇ ਦਫ਼ਤਰ ਵਿਖੇ ਮੁਲਾਕਾਤ ਕੀਤੀ ਅਤੇ ਦੱਸਿਆ ਕਿ ਸ਼ਹਿਰ ਵਿੱਚ ਕੁਝ ਵਿਅਕਤੀ ਵੱਖ-ਵੱਖ ਮਲਟੀਨੈਸ਼ਨਲ ਕੰਪਨੀਆਂ ਦੇ ਨੁਮਾਇੰਦੇ ਬਣ ਕੇ ਸਰਗਰਮ ਹਨ, ਜੋ ਕਿ ਪੁਲਿਸ ਸਟੇਸ਼ਨ ਪੱਧਰ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਕਈ ਫੈਕਟਰੀਆਂ ਜਾਂ ਕੰਪਨੀਆਂ ਵਿੱਚ ਰੇਡਾਂ ਕਰਦੇ ਹਨ।
ਇਨਾਂ ਵੱਲੋਂ ਪਹਿਲਾਂ ਤਾਂ ਫੈਕਟਰੀਆਂ ਦਾ ਸਮਾਨ ਜ਼ਬਤ ਕਰਨ ਅਤੇ ਪਰਚੇ ਦਰਜ ਕਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ, ਫਿਰ ਇਨਾਂ ਨਾਲ ਸੈਟਿੰਗ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਇਸ ਸੈਟਿੰਗ ਦੇ ਸੌਦੇ ਵਜੋਂ ਭੋਲੇ-ਭਾਲੇ ਮਾਲਕਾਂ ਤੋਂ ਮੋਟੀਆਂ ਰਕਮਾਂ ਹਫ਼ਤਾਵਰੀ ਜਾਂ ਮਹੀਨਾਵਾਰੀ ਦੇ ਤੌਰ ‘ਤੇ ਮੰਗ ਕੀਤੀ ਜਾਂਦੀ ਹੈ। ਉਨਾਂ ਦੱਸਿਆ ਕਿ ਇਸ ਠੱਗੀ ਠੋਰੀ ਦੇ ਸਿਰ ‘ਤੇ ਅਜਿਹੇ ਵਿਅਕਤੀਆਂ ਵੱਲੋਂ ਮਹੀਨੇ ਦੀ 2.5 ਤੋਂ 3 ਕਰੋਡ਼ ਰੁਪਏ ਦੀ ਕਮਾਈ ਕੀਤੀ ਜਾ ਰਹੀ ਹੈ। ਇਸ ਪੂਰੀ ਕਾਰਵਾਈ ਦੌਰਾਨ ਇਹ ਉੱਦਮੀਆਂ ਨੂੰ ਜ਼ਲੀਲ ਵੀ ਕਰਦੇ ਹਨ, ਜਿਸ ਨਾਲ ਉੱਦਮੀਆਂ ਦਾ ਮਨ ਪੰਜਾਬ ਵਿੱਚ ਕਾਰੋਬਾਰ ਕਰਨ ਤੋਂ ਟੁੱਟ ਰਿਹਾ ਹੈ।
ਉਨਾਂ ਸਪੱਸ਼ਟ ਕੀਤਾ ਕਿ ਉਹ (ਸਾਰੇ ਵਿਧਾਇਕ ਅਤੇ ਕਾਂਗਰਸ ਪਾਰਟੀ) ਕਾਪੀਰਾਈਟ ਐਕਟ ਜਾਂ ਹੋਰ ਸੰਬੰਧਤ ਐਕਟਾਂ ਦੇ ਵਿਰੁਧ ਨਹੀਂ ਹਨ। ਜੇਕਰ ਕੋਈ ਫੈਕਟਰੀ/ਉਦਯੋਗ ਮਾਲਕ ਇਸ ਦੀ ਉਲੰਘਣਾ ਕਰਦਾ ਹੈ ਤਾਂ ਉਸਦੀ ਉਸਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ ਪਰ ਅਖੌਤੀ ਏਜੰਟਾਂ ਵੱਲੋਂ ਫੈਕਟਰੀ/ਉਦਯੋਗ ਮਾਲਕਾਂ ਜਾਂ ਉੱਦਮੀਆਂ ਦੀ ਜ਼ਲਾਲਤ ਜਾਂ ਆਰਥਿਕ ਲੁੱਟ ਕਿਸੇ ਵੀ ਹੀਲੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨਾਂ ਇਨਾਂ ਅਖੌਤੀ ਦਲਾਲਾਂ ਅਤੇ ਏਜੰਟਾਂ ਨੂੰ ਵੀ ਚਿਤਾਵਨੀ ਦਿੱਤੀ ਕਿ ਉਹ ਆਪਣੀਆਂ ਇਨਾਂ ਗਤੀਵਿਧੀਆਂ ਤੋਂ ਬਾਜ ਆ ਜਾਣ, ਨਹੀਂ ਤਾਂ ਉਨਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸ੍ਰੀ ਢੋਕੇ ਨੇ ਸਾਰੇ ਵਿਧਾਇਕਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਇਸ ਮਾਮਲੇ ਦੀ ਜਾਂਚ ਕਰਾਉਣਗੇ ਅਤੇ ਦੋਸ਼ੀਆਂ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।