January 15, 2025

Loading

 ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ਼, 4 ਜਨਵਰੀ (ਪਰਦੀਪ ਸ਼ਰਮਾ):ਦਿੱਲੀ ਤੋਂ ਕਿਸਾਨ ਅੰਦੋਲਨ ਜਿੱਤ ਕੇ ਪਰਤੇ ਕਿਸਾਨ ਤੇ ਮਜਦੂਰ ਜਥੇਬੰਦੀਆਂ ਦੁਆਰਾ ਆਪੋ ਆਪਣੇ ਨਗਰਾਂ ਵਿਚ ਵਾਹਿਗੁਰੂ ਦੇ ਸ਼ੁਕਰਾਨੇ ਵਜੋਂ ਤੇ ਵਿਛੜੀਆਂ ਰੂਹਾਂ ਦੀ ਆਤਮਾ ਦੀ ਸ਼ਾਂਤੀ ਵਾਸਤੇ ਧਾਰਮਿਕ ਸਮਾਗਮ ਸੂਬੇ ਅੰਦਰ ਕਰਵਾਏ ਜਾ ਰਹੇ ਹਨ। ਇਸੇ ਦੇ ਮੱਦੇਨਜ਼ਰ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਕਿਸਾਨ ਜਥੇਬੰਦੀ ਦੇ ਬਲਾਕ ਫੂਲ਼ ਵਿਖੇ ਵੀ ਬਾਬਾ ਫੂਲ਼ ਗੁਰੂਦੁਆਰਾ ਸਾਹਿਬ ਵਿਖੇ ਸ਼੍ਰੀ ਆਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਸਨ ਜਿਹਨਾਂ ਦੇ ਅੱਜ ਦਿਨ ਮੰਗਲਵਾਰ ਵਾਲੇ ਦਿਨ ਭੋਗ ਪਾਏ ਗਏ ਹਨ। ਇਸ ਮੌਕੇ ਵੱਡੀ ਗਿਣਤੀ ਚ ਫੂਲ਼ ਨਗਰ ਨਿਵਾਸੀ ਤੇ ਆਸਪਾਸ ਦੇ ਇਲਾਕਿਆਂ ਤੋਂ ਬੀਕੇਯੂ ਕ੍ਰਾਂਤੀਕਾਰੀ ਪੰਜਾਬ ਨਾਲ ਸੰਬੰਧਿਤ ਇਕਾਈਆਂ ਦੇ ਆਗੂ ਵੀ ਗੁਰੂਦੁਆਰਾ ਸਾਹਿਬ ਬਾਬਾ ਫੂਲ਼ ਵਿਖੇ ਨਤਮਸਤਕ ਹੋਏ।
ਇਸ ਦੌਰਾਨ ਭੋਗ ਪੈਣ ਉਪਰੰਤ ਪਹੁੰਚੀਆਂ ਹੋਈਆਂ ਸੰਗਤਾਂ ਨੂੰ ਸੰਬੋਧਨ ਦੌਰਾਨ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ਼ ਨੇ ਕਿਹਾ ਕਿ ਇਸ ਘੋਲ ਦੀ ਜਿੱਤ ਦਾ ਸਿਹਰਾ ਉਹਨਾਂ ਕਿਸਾਨਾਂ ਤੇ ਹੋਰ ਵਰਗਾਂ ਤੋਂ ਸਹਿਯੋਗ ਦੇਣ ਵਾਲੀਆਂ ਉਹਨਾਂ ਰੂਹਾਂ ਨੂੰ ਜਾਂਦਾ ਹੈ ਜੋ ਸਾਡੇ ਵਿਚਕਾਰ ਨਹੀਂ ਰਹੀਆਂ।ਸੁਰਜੀਤ ਸਿੰਘ ਫੂਲ਼ ਨੇ ਕਿਹਾ ਕਿ ਇਸ ਘੋਲ ਨੂੰ ਜਿੱਤਣ ਖਾਤਰ ਕਿਸਾਨਾਂ ਨੂੰ ਕੇਂਦਰ ਦੀ ਭਾਜਪਾ ਸਰਕਾਰ ਤੇ ਕਿਸਾਨ ਵਿਰੋਧੀਆਂ ਦੀਆਂ ਚਾਲਾਂ ਤੋਂ ਪੂਰੀ ਸੂਝਬੂਝ ਨਾਲ ਸਮਝ ਕੇ ਘੋਲ ਨੂੰ ਕੁਚਲਣ ਵਾਲੀਆਂ ਨੀਤੀਆਂ ਨਾਲ ਇਸ ਪ੍ਰਕਾਰ ਨਜਿੱਠਿਆ ਕਿ ਇਹ ਘੋਲ ਓਹਨਾ ਦੇ ਹਰ ਵਾਰ ਕਰਨ ਤੇ ਹੋਰ ਵੀ ਮਜਬੂਤ ਹੁੰਦਾ ਗਿਆ।
ਇਸ ਮੌਕੇ ਉਹਨਾਂ ਲਖੀਮਪੁਰ ਖੀਰੀ ਕਾਂਡ, ਕਰਨਾਲ ਲਾਠੀਚਾਰਜ ਤੇ 26 ਜਨਵਰੀ ਦੀ ਪਰੇਡ ਦੌਰਾਨ ਸਰਕਾਰ ਦੁਆਰਾ ਸਿੱਧੇ ਤੌਰ ਤੇ ਹਮਲੇ ਕੀਤੇ ਜਾਣ ਕਰਕੇ ਸ਼ਹੀਦ ਹੋਏ 7 ਕਿਸਾਨਾਂ ਸਮੇਤ ਇਕ ਮੀਡੀਆ ਕਰਮੀ ਦਾ ਜਿਕਰ ਕਰਦੇ ਹੋਏ ਕਿਹਾ ਕਿ ਇਹਨਾਂ ਹਮਲਿਆਂ ਨੇ ਸਿੱਧ ਕੀਤਾ ਹੈ ਕਿ ਕੇਂਦਰ ਦੀ ਮੋਦੀ ਹਕੂਮਤ ਧੱਕੇ ਨਾਲ ਹੀ ਇਹ ਕਾਨੂੰਨ ਕਿਸਾਨਾਂ ਨੂੰ ਮਨਵਾਉਣ ਦੀ ਮੰਸ਼ਾ ਰੱਖਦੀ ਸੀ ਪਰ ਉਹਨਾਂ ਦੀਆਂ ਚਾਲਾਂ ਫੇਲ ਹੋਣ ਕਰਕੇ ਇਹ ਤਿੰਨ ਘਟਨਾਵਾਂ ਨੇ ਸਾਬਿਤ ਕੀਤਾ ਹੈ ਕਿ ਇਹ ਸਿੱਧੇ ਹਮਲੇ ਹੋਏ ਸਨ। ਓਹਨਾ ਕਿਹਾ ਕਿ ਕਿਸਾਨ ਅੰਦੋਲਨ ਸਿਰਫ ਮੁਲਤਵੀ ਕੀਤਾ ਗਿਆ ਹੈ ਤੇ ਬਾਕੀ ਰਹਿੰਦੀਆਂ ਮੰਗਾਂ ਨੂੰ ਮਨਵਾਉਣ ਲਈ ਅਗਲੀ ਰਣਨੀਤੀ ਘੜਨ ਤਹਿਤ ਸੰਯੁਕਤ ਕਿਸਾਨ ਮੋਰਚੇ ਦੀ 15 ਜਨਵਰੀ ਨੂੰ ਮੀਟਿੰਗ ਹੋਣ ਜਾ ਰਹੀ ਹੈ ਦਿੱਲੀ ਵਿਚ ਅਤੇ ਉਸ ਵਿਚ ਅਗਲੇ ਫੈਸਲੇ ਲਏ ਜਾਣਗੇ।
ਇਸ ਮੌਕੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ਼, ਸੂਬਾ ਕਮੇਟੀ ਆਗੂ ਬਲਵੰਤ ਮਹਿਰਾਜ, ਮਹਿਲਾ ਵਿੰਗ ਤੋਂ ਸੂਬਾ ਕਮੇਟੀ ਆਗੂ ਬੀਬੀ ਸੁਖਵਿੰਦਰ ਕੌਰ, ਜ਼ਿਲਾ ਪ੍ਰਧਾਨ ਪੁਰਸ਼ੋਤਮ ਮਹਿਰਾਜ, ਗੁਰੂਦੁਆਰਾ ਪ੍ਰਬੰਧਕ ਤੇ ਬਲਾਕ ਫੂਲ਼ ਪ੍ਰਧਾਨ ਦੀ ਅਗਵਾਈ ਚ ਕਿਸਾਨ ਅੰਦੋਲਨ ਚ ਆਪਣਾ ਸਹਿਯੋਗ ਦੇਣ ਵਾਲੇ ਪਿੰਡ ਫੂਲ਼ ਵਾਸੀਆਂ ਨੂੰ ਸਿਰੋਪੇ ਪਾਕੇ, ਬੀਕੇਯੂ ਕ੍ਰਾਂਤੀਕਾਰੀ ਪੰਜਾਬ ਨਾਲ ਸੰਬੰਧਿਤ ਦੂਜੇ ਇਲਾਕੇ ਤੋਂ ਆਗੂਆਂ ਨੂੰ ਜਥੇਬੰਦੀ ਦੇ ਮੈਡਲ ਨਾਲ, ਬਾਰ ਐਸੋਸੀਏਸ਼ਨ ਫੂਲ਼ ਤੋਂ ਵਕੀਲ ਭਾਈਚਾਰੇ ਦੁਆਰਾ ਅੰਦੋਲਨ ਦੌਰਾਨ ਕਿਸਾਨਾਂ ਦੇ ਕੇਸ ਮੁਫ਼ਤ ਚ ਲੜਨ ਕਰਕੇ ਮੈਡਲ ਤੇ ਸਿਰੋਪੇ ਪਾਕੇ ਅਤੇ ਗ੍ਰੰਥੀ ਸਿੰਘਾਂ ਨੂੰ ਸਿਰੋਪੇ ਪਾਕੇ ਉਹਨਾਂ ਦਾ ਮਾਣ ਸਨਮਾਨ ਕੀਤਾ ਗਿਆ। ਇਸ ਮੌਕੇ ਭੋਗ ਦੌਰਾਨ ਗੁਰੂ ਕਾ ਲੰਗਰ ਵੀ ਅਤੁੱਟ ਵਰਤਿਆ। ਓਥੇ ਹੀ ਭੋਗ ਪੈਣ ਮਗਰੋਂ ਜਥੇਬੰਦੀ ਦੀ ਜ਼ਿਲਾ ਕਮੇਟੀ ਦੀ ਮੀਟਿੰਗ ਵੀ ਹੋਈ ਜਿਸ ਵਿਚ ਕਿਸਾਨ ਯੂਨੀਅਨ ਦੇ ਅਗਲੇ ਏਜੰਡਿਆਂ ਨੂੰ ਲੈਕੇ ਵਿਚਾਰ ਚਰਚਾ ਵੀ ਕੀਤੀ ਗਈ। ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿਸਾਨ ਯੂਨੀਅਨ ਵੱਲ਼ੋਂ ਕੱਲ ਦੀ ਪੀਐਮ ਮੋਦੀ ਦੀ ਫੇਰੀ ਨੂੰ ਲੈਕੇ ਓਹਨਾ ਵੱਲ਼ੋਂ ਐਸਡੀਐਮ ਫੂਲ਼ ਦਫ਼ਤਰ ਮੂਹਰੇ ਪੀਐਮ ਦਾ ਪੁਤਲਾ ਫੂਕ ਉਸਦੀ ਪੰਜਾਬ ਫੇਰੀ ਦਾ ਵਿਰੋਧ ਕੀਤਾ ਜਾਵੇਗਾ।
ਮੀਟਿੰਗ ਦੌਰਾਨ ਪਹੁੰਚੇ ਵਕੀਲ ਭਾਈਚਾਰੇ ਚੋਂ ਐਡਵੋਕੇਟ ਅਜੀਤਪਾਲ ਸਿੰਘ ਮੰਡੇਰ ਨੇ ਕਿਹਾ ਕਿ ਉਹਨਾਂ ਵੱਲ਼ੋਂ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਉੱਪਰ ਦਰਜ ਮਾਮਲਿਆਂ ਦੀ ਪੈਰਵਾਈ ਕਰਨ ਲਈ ਵਕੀਲਾਂ ਦਾ ਇਕ ਵਿਸ਼ੇਸ਼ ਪੈਨਲ ਤਿਆਰ ਕੀਤਾ ਗਿਆ ਅਤੇ ਇਸ ਪੈਨਲ ਨੇ ਆਪਣੀਆਂ ਟੀਮਾਂ ਬਣਾਕੇ ਦਿੱਲੀ ਚ ਮੌਜੂਦ ਵੱਖ ਵੱਖ ਕੋਰਟਾਂ ਚ ਮਾਮਲਿਆਂ ਨੂੰ ਲੈਕੇ ਹੋ ਰਹੀ ਸੁਣਵਾਈ ਦੌਰਾਨ ਆਪਣੇ ਵੱਲ਼ੋਂ ਪੇਸ਼ ਹੋਕੇ ਵਿਸ਼ੇਸ਼ ਭੂਮਿਕਾ ਨਿਭਾਈ ਅਤੇ ਇਸ ਪੂਰੀ ਪ੍ਰਕਿਰਿਆ ਦੌਰਾਨ ਵਕੀਲਾਂ ਦੇ ਵਿਸ਼ੇਸ਼ ਪੈਨਲ ਵੱਲ਼ੋਂ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਫੀਸ ਨਹੀਂ ਲਈ ਗਈ ਅਤੇ ਭਵਿੱਖ ਵਿਚ ਵੀ ਉਹ ਕਿਸਾਨਾਂ ਦੀ ਹਰ ਪੱਖੋਂ ਮਦਦ ਕਰਨ ਲਈ ਤਿਆਰ ਰਹਿਣਗੇ।
98340cookie-checkਕਿਸਾਨ ਅੰਦੋਲਨ ਫ਼ਤਿਹ ਹੋਣ ਦੀ ਖੁਸ਼ੀ ਚ ਫੂਲ਼ ਵਿਖੇ ਪਾਏ ਗਏ ਅਖੰਡ ਪਾਠ ਸਾਹਿਬ ਦੇ ਭੋਗ
error: Content is protected !!