January 2, 2025

Loading

ਚੜ੍ਹਤ ਪੰਜਾਬ ਦੀ

ਲੁਧਿਆਣਾ- ਅਕਸਰ ਦੇਖਣ ਨੂੰ ਆਉਂਦਾ ਹੈ ਕਿ ਚੋਣਾਂ ਤੋਂ ਪਹਿਲਾਂ ਪਾਰਟੀ ਹਾਈ ਕਮਾਂਡ ਵਲੋਂ ਅਣਗੋਲਿਆਂ ਕਰਨ ਜਾਂ ਟਿਕਟ ਨਾਂ ਮਿਲਣ ਤੇ ਕਈ ਆਗੂ ਆਪਣੀ ਪਾਰਟੀ ਨੂੰ ਅਲਵਿਦਾ ਕਹਿੰਦੇ ਹੋਏ ਦੂਜੀਆਂ  ਪਾਰਟੀਆਂ ਵਿੱਚ ਸ਼ਾਮਲ ਹੋ ਜਾਂਦੇ ਹਨ ਅਤੇ ਆਪਣੀ ਮਾਂ ਪਾਰਟੀ ਦੇ ਉਮੀਦਵਾਰਾਂ ਦਾ ਡੱਟ ਕੇ ਵਿਰੋਧ ਕਰਦੇ ਹੋਏ ਉਨ੍ਹਾਂ ਦੀ ਹਾਰ ਦਾ ਕਾਰਨ ਬਣਦੇ ਹਨ ਜਾਂ ਹਰਾਉਣ ਦੀ ਜੀ ਤੋੜ ਕੋਸ਼ਿਸ਼ ਕਰਦੇ ਹਨ ਅਤੇ ਕਈ ਆਗੂ ਪਾਰਟੀ ਵਿੱਚ ਰਹਿੰਦੇ ਹੋਏ ਆਪਣੀ ਪਾਰਟੀ ਦੇ ਉਮੀਦਵਾਰਾਂ ਦਾ ਅੰਦਰਖਾਤੇ ਵਿਰੋਧ ਕਰਦੇ ਹਨ ਤੇ ਕੀਤੀ ਗਈ ਵਿਰੋਧਤਾ ਦਾ ਕੋਈ ਸਬੂਤ ਵੀ ਨਹੀ ਛੱਡਦੇ ਪਰ ਕਈ ਆਗੂ ਨਿਡਰ ਹੋ ਕੇ ਪਾਰਟੀ ਅਨੁਸਾਸ਼ਨ ਭੰਗ ਕਰਦੇ ਹੋਏ ਆਪਣੀ ਪਾਰਟੀ ਦੇ ਉਮੀਦਵਾਰਾਂ ਸਰੇਆਮ ਵਿਰੋਧ ਕਰਕੇ ਪਾਰਟੀ ਹਾਈ ਕਮਾਂਡ ਦਾ ਮੂੰਹ  ਚਿੜਾਉਂਦੇ ਹਨ।

ਇਹੋ ਜਿਹੇ ਹਾਲਾਤ ਨਗਰ ਨਿਗਮ ਲੁਧਿਆਣਾ ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਦੇ ਦੇਖਣ ਨੂੰ ਮਿਲੇ ਜਦੋਂ ਵਿਧਾਨ ਸਭਾ ਹਲਕਾ ਦੱਖਣੀ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਈਸ਼ਵਰਜੋਤ ਸਿੰਘ ਚੀਮਾ, ਜਿਲ੍ਹਾ ਮਹਿਲਾ ਕਾਂਗਰਸ ਲੁਧਿਆਣਾ ਦਿਹਾਤੀ ਦੀ ਪ੍ਰਧਾਨ ਬੀਬੀ ਰਿਪੂ ਗਿੱਲ, ਜਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ ਸ਼ਹਿਰੀ ਦੀ ਸੀਨੀਅਰ ਮੀਤ ਪ੍ਰਧਾਨ ਬੀਬੀ ਨਿੱਕੀ ਰਿਐਤ ਸਮੇਤ ਕਈ ਹੋਰ ਕਾਂਗਰਸੀ ਆਪਣੇ ਉਮੀਦਵਾਰਾਂ ਦਾ ਵਿਰੋਧ ਕਰਦੇ ਹੋਏ ਵਿਰੋਧੀ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਕਰਦੇ ਦਿਖਾਈ ਦਿੱਤੇ। ਜੇਕਰ ਹੁਣ ਗਲ ਕਰੀਏ ਵਿਧਾਨ ਸਭਾ ਹਲਕਾ ਦੱਖਣੀ ਦੇ ਇੰਚਾਰਜ ਈਸ਼ਵਰਜੋਤ ਸਿੰਘ ਚੀਮਾ ਦੀ ਤਾਂ ਉਨ੍ਹਾਂ ਨੇ ਲੋਕ ਸਭਾ ਚੋਣਾ ਦੋਰਾਨ ਹਲਕਾ ਆਤਮ ਨਗਰ ਤੋਂ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ  ਅਤੇ ਹਲਕਾ ਦੱਖਣੀ ਤੋਂ ਸਾਬਕਾ ਵਿਧਾਇਕ ਜੱਥੇਦਾਰ ਬਲਵਿੰਦਰ ਸਿੰਘ ਬੈਂਸ  (ਬੈਂਸ  ਭਰਾਵਾਂ) ਦੀ ਅਗਵਾਈ ਵਾਲੀ ਲੋਕ ਇਨਸਾਫ਼ ਪਾਰਟੀ ਦੇ ਕਾਂਗਰਸ ਵਿੱਚ ਰਲੇਵੇਂ ਤੇ ਕਿੰਤੁ ਪ੍ਰੰਤੂ ਕਰਦੇ ਹੋਏ ਫੇਸਬੁੱਕ ਤੇ ਲਾਈਵ ਹੋ ਕੇ ਜਿੱਥੇ ਕਾਂਗਰਸ ਹਾਈ ਕਮਾਂਡ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਕੀਤੇ ਉੱਥੇ ਬਿਨਾਂ ਨਾਮ ਲਏ ਚੋਰ – ਠੱਗ, ਲੋਮੜੀ, ਸਲੇਡੇ ਵਗਰੇ ਖਿਤਾਬ ਦਿੰਦੇ ਹੋਏ ਬੈਂਸ  ਭਰਾਵਾਂ ਦੇ ਕਾਂਗਰਸੀ ਉਮੀਦਵਾਰਾਂ ਨੂੰ ਰਗੜ ਕੇ, ਮਿੱਧ ਕੇ ਬੁਰੀ ਤਰਾਂ ਹਰਾਉਣ ਦੀ ਅਪੀਲ ਕੀਤੀ।

ਇਸੇ ਤਰਾਂ ਜਿਲ੍ਹਾ ਮਹਿਲਾ ਕਾਂਗਰਸ ਲੁਧਿਆਣਾ ਦਿਹਾਤੀ ਦੀ ਸਾਬਕਾ ਪ੍ਰਧਾਨ ਬੀਬੀ ਰਿੱਪੂ ਗਿੱਲ ਅਤੇ ਜਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ ਸ਼ਹਿਰੀ ਦੀ ਸੀਨੀਅਰ ਮੀਤ ਪ੍ਰਧਾਨ ਬੀਬੀ ਨਿੱਕੀ ਰਿਐਤ ਨੇ ਵਾਰਡ ਨੰ. 51 ਤੋਂ ਭਾਜਪਾ ਉਮੀਦਵਾਰ ਨੀਰੂ ਸ਼ਰਮਾ ਨੂੰ ਫੇਸਬੁੱਕ ਤੇ ਵਧਾਈ ਦਿੰਦੇ ਹੋਏ ਪ੍ਰਚਾਰ ਵੀ ਕੀਤਾ। ਇਨ੍ਹਾਂ ਤੋਂ ਇਲਾਵਾ ਹੋਰ ਕਾਂਗਰਸੀਆਂ, ਯੂਥ ਕਾਂਗਰਸੀਆਂ ਨੇ ਵੀ ਆਪਣੇ ਉਮੀਦਵਾਰਾਂ ਦੀ ਥਾਂ ਕਈ ਵਿਰੋਧੀ ਉਮੀਦਵਾਰਾਂ ਦੀ ਮਦਦ ਕੀਤੀ ਅਤੇ ਕਾਂਗਰਸੀ ਉਮੀਦਵਾਰਾਂ ਦੀ ਹਾਰ ਦਾ ਕਾਰਨ ਬਣੇ।

ਹੁਣ ਦੇਖਣਾ ਇਹ ਹੈ ਕਿ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਜੋ ਕਿ ਲੁਧਿਆਣਾ ਤੋਂ ਲੋਕ ਸਭਾ ਮੈਂ ਬਰ ਵੀ ਹਨ ਉਕਤ ਕਾਂਗਰਸੀ ਆਗੂਆਂ ਸਮੇਤ ਕਥਿਤ ਹੋਰ ਬੁਕਲ ਦੇ ਸੱਪਾਂ ਵਿਰੁੱਧ ਅਨੁਸਾਸ਼ਨੀ ਕਾਰਵਾਈ ਕਰਦੇ ਹਨ ਜਾਂ ਨਹੀਂ ? ਜੇਕਰ ਕਾਰਵਾਈ ਨਾਂ ਕੀਤੀ ਤਾਂ 2027 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾ ਵਿੱਚ ਇਸ ਤੋਂ ਵੀ ਵਧ ਵਿਰੋਧ ਹੋਣ ਦੇ ਆਸਾਰ ਪੈਦਾ ਹੋ ਸਕਦੇ ਹਨ।

ਕੀ ਕਹਿੰਦੇ ਹਨ ਈਸ਼ਵਰਜੋਤ ਸਿੰਘ ਚੀਮਾ ….. ਫੇਸਬੁੱਕ ਤੇ ਲਾਈਵ ਹੋ ਕੇ ਬੋਲੇ ਗਏ ਬੋਲਾਂ ਬਾਰੇ ਜਦੋਂ ਪੁੱਛਿਆ ਗਿਆ ਕਿ ਇਹ ਕਿਸ ਲਈ ਕਹੇ ਗਏ ਹਨ ਤਾਂ ਉਨ੍ਹਾਂ ਕਿਹਾ ਕਿ ਜਿਨ੍ਹਾਂ ਲਈ ਕਿਹਾ ਸੀ ਉਨ੍ਹਾਂ ਨੂੰ ਪਤਾ ਹੈ। ਇਸ ਉਪਰੰਤ ਉਨ੍ਹਾਂ ਹੋਰ ਕਿਸੇ ਸਵਾਲ ਦਾ ਜਵਾਬ ਦੇਣਾ ਮਨਾਸਿਬ ਨਹੀਂ ਸਝਿਆ ਅਤੇ ਕੋਈ ਵੀ ਪ੍ਰਤੀ ਕਿਰਿਆ ਦੇਣ ਤੋਂ ਇਨਕਾਰ ਕਰ ਦਿੱਤਾ।  

ਵਰਿੰਦਰ ਕੁਮਾਰ

98765 51945

Kindly like,share and subscribe our youtube channel CPD NEWS.Contact for News and advertisement at 9803-4506-01  

166920cookie-checkਨਗਰ ਨਿਗਮ ਲੁਧਿਆਣਾ ਦੀਆਂ ਚੋਣਾਂ ਵਿੱਚ ਕਾਂਗਰਸੀ ਉਮੀਦਵਾਰਾਂ ਦਾ ਵਿਰੋਧ ਕਰਨ ਵਾਲੇ ਕਥਿਤ ਬੁਕਲ ਦੇ ਸੱਪਾਂ ਤੇ ਕੀ ਅਨੁਸਾਸ਼ਨੀ ਕਾਰਵਾਈ ਕਰੇਗੀ ਕਾਂਗਰਸ ਹਾਈ ਕਮਾਂਡ?
error: Content is protected !!