Categories Graph NewsPunjabi NewsRaise

ਕਾਗਰਸੀਆਂ ਨੂੰ ਇੱਕ ਮਾਲਾ ਚ ਪਰੋ ਕੇ ਪਾਰਟੀ ਦਾ ਗ੍ਰਾਫ ਉੱਚਾ ਚੁੱਕਾਂਗੇ- ਗੁਰਤੇਜ ਰਾਣਾ

ਪ੍ਰਦੀਪ ਸ਼ਰਮਾ
ਚੜ੍ਹਤ ਪੰਜਾਬ ਦੀ
ਬਠਿੰਡਾ/ਰਾਮਪੁਰਾ ਫੁਲ, 28 ਅਪ੍ਰੈਲ – ਕਾਂਗਰਸ ਹਾਈਕਮਾਂਡ ਨੇ ਇੰਚਾਰਜ ਵਿਹੂਣੇ ਰਾਮਪੁਰਾ ਫੂਲ ਹਲਕੇ ਅੰਦਰ ਹਲਕਾ ਮੁਖੀ ਲਾਉਣ ਦੀਆਂ ਤਿਆਰੀਆਂ ਵਿੱਢ ਲਈਆਂ ਹਨ। ਜਿਸ ਤਹਿਤ ਨਗਰ ਕੌਂਸਲ ਰਾਮਪੁਰਾ ਫੂਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਦੋ ਵਾਰ ਕੌਂਸਲਰ ਰਹੇ ਕਾਂਗਰਸ ਦੇ ਟਕਸਾਲੀ ਆਗੂ ਗੁਰਤੇਜ ਸਿੰਘ ਰਾਣਾ ਨੂੰ ਇੱਕ ਤਰਾਂ ਥਾਪੜਾ ਦੇ ਦਿੱਤਾ ਹੈ। ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਚ ਕਾਂਗਰਸ ਵੱਲੋਂ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੂੰ ਚੋਣ ਮੈਦਾਨ ਚ ਉਤਾਰਿਆ ਸੀ ਪਰ ਉਹ ਉਕਤ ਚੋਣ ਬੁਰੀ ਤਰਾਂ ਹਾਰ ਗਏ ਸਨ।
ਚੋਣਾਂ ਤੋਂ ਕੁੱਝ ਸਮੇਂ ਬਾਅਦ ਗੁਰਪ੍ਰੀਤ ਸਿੰਘ ਕਾਂਗੜ ਨੇ ਕਾਗਰਸ ਨੂੰ ਅਲਵਿਦਾ ਆਖ ਕੇ ਭਾਜਪਾ ਚ ਸਿਆਸੀ ਰਲੇਵਾਂ ਕਰ ਲਿਆ ਸੀ। ਉਸ ਸਮੇਂ ਭਾਵੇ ਕਾਂਗਰਸੀ ਆਗੂਆਂ ਤੇ ਵਰਕਰਾਂ ਵਿਚ ਰੋਸ ਪਾਇਆ ਗਿਆ ਪਰ ਕਾਂਗਰਸ ਦੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਨੇ ਹਲਕਾ ਰਾਮਪੁਰਾ ਫੂਲ ਵਿਖੇ ਪੁੱਜ ਕੇ ਕਾਂਗਰਸੀਆ ਨੂੰ ਵਿਸ਼ਵਾਸ ਦਿਵਾਇਆ ਸੀ ਕਿ ਕੱਦਾਵਾਰ ਨੇਤਾ ਹਲਕੇ ਦੀ ਅਗਵਾਈ ਕਰੇਗਾ। ਹੁਣ ਫੂਲ ਤੋਂ ਟਕਸਾਲੀ ਕਾਂਗਰਸੀ ਗੁਰਤੇਜ ਸਿੰਘ ਰਾਣਾ ਨੇ ਹਲਕੇ ਅੰਦਰ ਸਿਆਸੀ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਹਨ। ਜਿਕਰਯੋਗ ਹੈ ਕਿ ਗੁਰਤੇਜ ਸਿੰਘ ਰਾਣਾ ਨੇ ਮਰਹੂਮ ਕੈਬਨਿਟ ਮੰਤਰੀ ਹਰਬੰਸ ਸਿੰਘ ਸਿੱਧੂ ਦੇ ਕਾਰਜਕਾਲ ਦੌਰਾਨ ਆਪਣੀ ਅਹਿਮ ਭੂਮਿਕਾ ਨਿਭਾਈ ਸੀ ਤੇ ਗੁਰਪ੍ਰੀਤ ਸਿੰਘ ਕਾਂਗੜ ਦੀ ਵੀ ਚੋਣਾਂ ਸਮੇਂ ਡੱਟ ਕੇ ਮੱਦਦ ਕੀਤੀ ਸੀ।
ਗੁਰਤੇਜ ਸਿੰਘ ਰਾਣਾ ਨੇ ਪੱਤਰਕਾਰ ਮਿਲਣੀ ਦੌਰਾਨ ਕਿਹਾ ਕਿ ਉਹ ਸਾਬਕਾ ਭਾਰਤੀ ਕ੍ਰਿਕੇਟਰ ਤੇ ਕਾਂਗਰਸ ਦੇ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ ਤੇ ਰਾਜਾ ਵੜਿੰਗ ਦੇ ਦਿਸ਼ਾ ਨਿਰਦੇਸ਼ਾ ਤਹਿਤ ਹਲਕੇ ਦੇ ਲੋਕਾਂ ਦੀ ਸੇਵਾ ਕਰਨਗੇ। ਉਨਾਂ ਕਿਹਾ ਕਿ ਹਲਕੇ ਅੰਦਰ ਕਾਂਗਰਸ ਦੇ ਆਗੂਆਂ ਤੇ ਵਰਕਰਾਂ ਦਾ ਮੁੱਖ ਸੇਵਾਦਾਰ ਨਾ ਹੋਣ ਕਰਕੇ ਜੋ ਉਥਲ ਪੁਥਲ ਮੱਚੀ ਹੋਈ ਹੈ ਉਸ ਨੂੰ ਦੂਰ ਕਰਕੇ ਉਹ ਹਲਕੇ ਅੰਦਰ ਕਾਗਰਸੀਆਂ ਨੂੰ ਇੱਕ ਮਾਲਾ ਚ ਪਰੋ ਕੇ ਕਾਂਗਰਸ ਦੇ ਡਿੱਗੇ ਗ੍ਰਾਫ ਨੂੰ ਉੱਚਾ ਚੁੱਕਣ ਦੇ ਯਤਨ ਕਰਨਗੇ ਤਾਂ ਜੋ 2024 ਦੀਆਂ ਲੋਕ ਸਭਾ ਚੋਣਾਂ ਜਿੱਤੀਆਂ ਜਾ ਸਕਣ।
ਗੁਰਤੇਜ ਸਿੰਘ ਰਾਣਾ ਨੇ ਕਿਹਾ ਕਿ ਜੇ ਉਨਾਂ ਨੂੰ ਹਲਕੇ ਦੀ ਨੁਮਾਇੰਦਗੀ ਕਰਨ ਦਾ ਮੌਕਾ ਮਿਲਦਾ ਹੈ ਤਾਂ ਉਹ ਨਵਜੋਤ ਸਿੰਘ ਸਿੱਧੂ ਤੇ ਰਾਜਾ ਵੜਿੰਗ ਦੇ ਆਸ਼ੀਰਵਾਦ ਸਦਕਾ ਪਾਰਟੀ ਪ੍ਰਤੀ ਦਿਨ ਰਾਤ ਇੱਕ ਕਰਕੇ ਪਾਰਟੀ ਹਾਈਕਮਾਡ ਦੇ ਹੁਕਮਾਂ ਅਨੁਸਾਰ ਹਲਕੇ ਦੇ ਲੋਕਾਂ ਲਈ ਆਪਣੀਆਂ ਸੇਵਾਵਾਂ ਦੇਣਗੇ। ਰਾਣਾ ਨੇ ਕਿਹਾ ਕਿ ਭਾਵੇਂ ਹੁਣ ਉਨਾ ਕੋਲ ਕੋਈ ਜੁੰਮੇਵਾਰੀ ਨਹੀ ਹੈ ਪਰ ਫਿਰ ਵੀ ਹਲਕੇ ਦੇ ਲੋਕਾਂ, ਕਾਂਗਰਸ ਦੇ ਆਗੂਆਂ ਤੇ ਵਰਕਰਾਂ ਲਈ ਉਨਾਂ ਦੇ ਘਰ ਦੇ ਦਰਵਾਜ਼ੇ ਹਮੇਸ਼ਾ ਖੁੱਲੇ ਹਨ।
ਰਾਣਾ ਨੇ ਪੱਤਰਕਾਰਾ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਪਾਰਟੀ ਹਾਈਕਮਾਡ ਦੇ ਨਿਰਦੇਸ਼ ਹਨ ਕਿ ਆਪਣੇ ਹਲਕੇ ਅੰਦਰ ਲੋਕਾਂ ਵਿੱਚ ਜਾ ਕੇ ਕੰਮ ਕਰੋ ਸਮਾਂ ਆਉਣ ਤੇ ਸਭ ਕੁੱਝ ਤੈਅ ਕਰ ਦਿੱਤਾ ਜਾਵੇਗਾ। ਉਨਾਂ ਜਲੰਧਰ ਜਿਮਨੀ ਚੋਣ ਸੰਬੰਧੀ ਕਿਹਾ ਕਿ ਕਾਂਗਰਸ ਪਾਰਟੀ ਵੱਡੇ ਫਰਕ ਨਾਲ ਜਿੱਤ ਹਾਸਲ ਕਰਕੇ 2027 ਦੀਆਂ ਚੋਣਾਂ ਦੀ ਜਿੱਤ ਦਾ ਮੁੱਢ ਬੰਨੇਗੀ। ਕਿਉਕਿ ਆਮ ਆਦਮੀ ਪਾਰਟੀ ਹਰ ਫਰੰਟ ਤੇ ਫੇਲ ਹੋ ਗਈ ਹੈ ਤੇ ਆਪ ਦਾ ਲੋਕਾਂ ਤੋਂ ਮੋਹ ਭੰਗ ਹੋ ਚੁੱਕਾ ਹੈ।
# Contact us for News and advertisement on 980-345-0601
Kindly Like,Share & Subscribe https://charhatpunjabdi.com
149910cookie-checkਕਾਗਰਸੀਆਂ ਨੂੰ ਇੱਕ ਮਾਲਾ ਚ ਪਰੋ ਕੇ ਪਾਰਟੀ ਦਾ ਗ੍ਰਾਫ ਉੱਚਾ ਚੁੱਕਾਂਗੇ- ਗੁਰਤੇਜ ਰਾਣਾ

About the author

DISCLAIMER: Charhat Punjab di: Editor does not takes responsibility for any news/video/article published, only Reporter/Writer will be responsible for his/her news or article. Any dispute if arrises shall be settled at Ludhiana jurisdiction only. Sat Pal Soni (Editor)